ਰਾਏਕੋਟ, 26 ਦਸੰਬਰ ( ਬੌਬੀ ਸਹਿਜਲ, ਧਰਮਿੰਦਰ )-ਥਾਣਾ ਸਦਰ ਰਾਏਕੋਟ ਅਧੀਨ ਪੈਂਦੇ ਪਿੰਡ ਕਲਸੀਆਂ ਦੇ ਪੈਟਰੋਲ ਪੰਪ ’ਤੇ ਮੋਟਰਸਾਈਕਲ ’ਚ ਪੈਟਰੋਲ ਭਰਵਾਉਣ ਦੇ ਬਹਾਨੇ ਆਏ ਦੋ ਲੁਟੇਰਿਆਂ ਨੇ ਕਿਰਪਾਣ ਦਿਖਾ ਕੇ ਮੈਨੇਜਰ ਤੋਂ 24500 ਰੁਪਏ ਲੁੱਟ ਲਏ ਅਤੇ ਫ਼ਰਾਰ ਹੋ ਗਏ। ਇੰਨਾ ਹੀ ਨਹੀਂ ਇਸ ਲੁੱਟ ਤੋਂ ਬਾਅਦ ਪਿੰਡ ਕਲਸੀਆਂ ਵਿਖੇ ਇਕ ਘਰ ਦੇ ਤਾਲੇ ਤੋੜ ਕੇ ਅੰਦਰੋਂ ਲੱਖਾਂ ਰੁਪਏ ਦਾ ਸਾਮਾਨ ਤੇ ਗਹਿਣੇ ਵੀ ਇਹ ਦੋਵੇਂ ਚੋਰੀ ਕਰਕੇ ਲੈ ਗਏ। ਪੁਲਸ ਚੌਕੀ ਲੋਹਟਬੱਦੀ ਦੇ ਇੰਚਾਰਜ ਏ.ਐੱਸ.ਆਈ ਗੁਰਸੇਵਕ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਉਰਫ ਮੱਖਣ ਵਾਸੀ ਪਿੰਡ ਕਲਸੀਆਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਅਤੇ ਸੇਲਜ਼ਮੈਨ ਹਰਦੀਪ ਸਿੰਘ ਵਾਸੀ ਪਿੰਡ ਕਲਸੀਆਂ ਰਾਤ 8 ਵਜੇ ਦੇ ਕਰੀਬ ਪੈਟਰੋਲ ਪੰਪ ਤੇ ਮੌਜੂਦ ਸੀ। ਮੈਂ ਆਪਣੇ ਦਫ਼ਤਰ ਪੰਪ ’ਤੇ ਬੈਠਾ ਕੈਸ਼ ਗਿਣ ਰਿਹਾ ਸੀ। ਉਸ ਸਮੇਂ ਦੋ ਲੜਕੇ ਮੋਟਰਸਾਈਕਲ ’ਤੇ ਆਏ। ਜਿਨ੍ਹਾਂ ਨੇ ਪੰਪ ’ਤੇ ਆ ਕੇ ਆਪਣੇ ਮੋਟਰਸਾਈਕਲ ’ਚ 100 ਰੁਪਏ ਦਾ ਪੈਟਰੋਲ ਲਿਆ। ਜਦੋਂ ਸੇਲਜ਼ਮੈਨ ਹਰਦੀਪ ਸਿੰਘ ਨੇ ਉਨ੍ਹਾਂ ਕੋਲੋਂ ਪੈਟਰੋਲ ਦੇ ਪੈਸੇ ਮੰਗੇ ਤਾਂ ਉਨ੍ਹਾਂ ਨੇ ਕਿਹਾ ਕਿ ਪੈਸੇ ਮੈਨੇਜਰ ਨੂੰ ਅੰਦਰ ਹੀ ਦੇ ਦੇਵਾਂਗੇ। ਇਹ ਕਹਿ ਕੇ ਉਹ ਹੱਥ ਵਿੱਚ ਨੰਗੀ ਕਿਰਪਾਣ ਲੈ ਕੇ ਮੇਰੇ ਦਫ਼ਤਰ ਵਿੱਚ ਆ ਗਏ। ਮੈਨੂੰ ਕਿਰਪਾਣ ਦਿਖਾ ਕੇ ਮੇਰੇ ਕੋਲੋਂ 24,500 ਰੁਪਏ ਦੀ ਨਕਦੀ ਖੋਹ ਲਈ, ਮੈਨੂੰ ਦਫ਼ਤਰ ਅੰਦਰ ਬੰਦ ਕਰਕੇ ਬਾਹਰੋਂ ਕੁੰਡੀ ਲਗਾ ਕੇ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ। ਇਸ ਸਬੰਧੀ ਜਦੋਂ ਮੈਂ ਆਪਣੇ ਪੰਪ ਦੀ ਮਾਲਕ ਮੋਨਿਕਾ ਛਤਵਾਲ ਪਤਨੀ ਰਾਜੇਸ਼ ਛਤਵਾਲ ਵਾਸੀ ਦੁੱਗਰੀ, ਲੁਧਿਆਣਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ। ਇਸ ਤੋਂ ਇਲਾਵਾ ਹਰਜੀਤ ਸਿੰਘ ਉਰਫ਼ ਰਾਜੂ ਵਾਸੀ ਪਿੰਡ ਕਲਸੀਆਂ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਹ ਅਤੇ ਉਸ ਦਾ ਪਰਿਵਾਰ ਘਰ ਨੂੰ ਤਾਲਾ ਲਗਾ ਕੇ ਕਿਸੇ ਰਿਸ਼ਤੇਦਾਰ ਦੇ ਵਿਆਹ ਵਿੱਚ ਗਏ ਹੋਏ ਸਨ। ਰਾਤ ਸਮੇਂ ਚੋਰ ਉਸ ਦੇ ਘਰ ਦੇ ਤਾਲੇ ਤੋੜ ਕੇ ਅੰਦਰ ਦਾਖਲ ਹੋ ਗਏ। ਉਨ੍ਹਾਂ ਘਰ ਵਿੱਚ ਪਈਆਂ ਪੇਟੀਆਂ ਅਤੇ ਅਲਮਾਰੀਆਂ ਦੇ ਤਾਲੇ ਤੋੜ ਕੇ ਗਹਿਣੇ, ਐਲਸੀਡੀ, ਇਨਵਰਟਰ, ਬੈਟਰੀ ਅਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ। ਇਨ੍ਹਾਂ ਦੋਵਾਂ ਘਟਨਾਵਾਂ ਨਾਲ ਸਬੰਧਤ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਤੇ ਹੋਰ ਪੜਤਾਲ ਦੌਰਾਨ ਦੋਵਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦੀ ਪਛਾਣ ਸਤਪਾਲ ਸਿੰਘ ਉਰਫ਼ ਪੱਪੀ ਵਾਸੀ ਪਿੰਡ ਆਲੀਵਾਲ ਥਾਣਾ ਦਾਖਾ ਅਤੇ ਕੁਲਦੀਪ ਸਿੰਘ ਉਰਫ਼ ਬਿੱਟੀ ਵਾਸੀ ਕਿਰਾਏਦਾਰ ਮਕਾਨ ਸ਼ੇਰਪੁਰ ਰੋਡ ਜਗਰਾਓਂ ਵਜੋਂ ਹੋਈ। ਇਨ੍ਹਾਂ ਦੋਵਾਂ ਨੂੰ ਲੋਹਟਹਬੱਧੀ ਨੇੜੇ ਨਾਕਾਬੰਦੀ ਦੌਰਾਨ ਮੋਟਰਸਾਈਕਲ ’ਤੇ ਜਾਂਦੇ ਸਮੇਂ ਕਾਬੂ ਕੀਤਾ ਗਿਆ। ਏਐਸਆਈ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਜੋ ਮੋਟਰਸਾਈਕਲ ਸੀ, ਉਹ ਵੀ ਚੋਰੀ ਦਾ ਪਾਇਆ ਗਿਆ। ਮੁਲਜ਼ਮ ਸਤਪਾਲ ਸਿੰਘ ਉਰਫ਼ ਪੱਪੂ ਖ਼ਿਲਾਫ਼ ਪਹਿਲਾਂ ਵੀ ਥਾਣਾ ਸੁਧਾਰ, ਥਾਣਾ ਸਿੱਧਵਾਂਬੇਟ ਅਤੇ ਥਾਣਾ ਦਾਖਾ ਵਿੱਚ ਵੱਖ-ਵੱਖ ਐਨਡੀਪੀਐਸ ਐਕਟ ਤਹਿਤ ਪੰਜ ਕੇਸ ਦਰਜ ਹਨ। ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਕੁਲਦੀਪ ਸਿੰਘ ਉਰਫ਼ ਬਿੱਟੀ ਵੱਲੋਂ ਇੱਕ ਘਰ ਦੇ ਤਾਲੇ ਤੋੜ ਕੇ ਚੋਰੀ ਕਰਨ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਇਨ੍ਹਾਂ ਨੂੰ ਪੁਲਿਸ ਰਿਮਾਂਡ ’ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।