ਜਗਰਾਓਂ, 30 ਜੂਨ ( ਅਸ਼ਵਨੀ )-ਥਾਣਾ ਸਿਟੀ ਜਗਰਾਉਂ ਦੇ ਆਸ-ਪਾਸ ਦੇ ਨਜਦੀਕੀ ਇਲਾਕਿਆਂ ਅਤੇ ਮੇਨ ਅੱਡਾ ਰਾਏਕੋਟ ਚੌਕ ਵਿਚ ਚੋਰਾਂ ਵੱਲੋਂ ਇੱਕੋ ਰਾਤ ’ਚ 3 ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀਆਂ ਕਰ ਲਈਆਂ ਗਈਆਂ। ਸੂਚਨਾ ਮਿਲਣ ’ਤੇ ਥਾਣਾ ਸਿਟੀ ਦੇ ਇੰਚਾਰਜ ਡੀਐਸਪੀ ਦੀਪਕਰਨ ਸਿੰਘ ਤੂਰ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਪੁੱਛਗਿੱਛ ਕੀਤੀ। ਥਾਣਾ ਸਿਟੀ ਨੇੜੇ ਮੁਹੱਲਾ ਗਾਂਧੀ ਨਗਰ ਦੇ ਬਾਹਰ ਲਵਲੀ ਇਲੈਕਟ੍ਰੀਕਲ ਦੀ ਦੁਕਾਨ ਦੇ ਤਾਲੇ ਤੋੜ ਕੇ ਚੋਰਾਂ ਨੇ ਇਨਵਰਟਰ, ਬੈਟਰੀ ਅਤੇ 12 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਦੂਜੀ ਚੋਰੀ ਥਾਣਾ ਸਿਟੀ ਦੇ ਨਜ਼ਦੀਕ ਰਾਏਕੋਟ ਰੋਡ ’ਤੇ ਸੈਂਭੀ ਇਲੈਕਟ੍ਰੀਕਲ ਦੀ ਦੁਕਾਨ ’ਤੇ ਹੋਈ। ਦੁਕਾਨ ਦੇ ਮਾਲਕ ਇੰਦਰਜੀਤ ਸਿੰਘ ਸੈਂਭੀ ਅਨੁਸਾਰ ਚੋਰਾਂ ਨੇ ਉਸ ਦੀ ਦੁਕਾਨ ਵਿੱਚੋਂ ਚਾਰ ਨਵੀਆਂ ਵੱਡੀਆਂ ਬੈਟਰੀਆਂ, ਤਿੰਨ ਪੁਰਾਣੀਆਂ ਬੈਟਰੀਆਂ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਜਾਂਦੇ ਸਮੇਂ ਚੋਰਾਂ ਨੇ ਉਕਤ ਬੈਟਰੀਆਂ ’ਚੋਂ ਤੇਜ਼ਾਬ ਕੱਢ ਕੇ ਦੁਕਾਨ ਦੇ ਬਾਹਰ ਸੁੱਟ ਦਿੱਤਾ। ਇੰਨਾ ਹੀ ਨਹੀਂ ਚੋਰ ਦੁਕਾਨ ਦੇ ਨਾਲ ਲੱਗਦੇ ਉਨ੍ਹਾਂ ਦੇ ਘਰ ਦੇ ਗੇਟ ਨੂੰ ਬਾਹਰੋਂ ਤਾਲਾ ਲਗਾ ਦਿੱਤਾ। ਜਿਸ ਨੂੰ ਉਨ੍ਹਾਂ ਸਵੇਰੇ ਗੁਆਂਢੀਆਂ ਨਾਲ ਗੱਲ ਕਰਕੇ ਖੁੁਲਵਾਇਆ। ਤੀਜੀ ਚੋਰੀ ਸ਼ਹਿਰ ਦੇ ਮੇਨ ਚੌਕ ਅੱਡਾ ਰਾਏਕੋਟ ਸਥਿਤ ਸ਼ਰਾਬ ਦੇ ਠੇਕੇ ’ਤੇ ਹੋਈ। ਜਿਸ ਵਿਚ ਚੋਰਾਂ ਨੇ ਦੁਕਾਨ ਦੇ ਤਾਲੇ ਤੋੜ ਕੇ ਅੰਦਰੋਂ ਮਹਿੰਗੀ ਸ਼ਰਾਬ ਦੀਆਂ 4 ਪੇਟੀਆਂ ਅਤੇ ਕੁਝ ਖੁੱਲ੍ਹੀਆਂ ਬੋਤਲਾਂ ਚੋਰੀ ਕਰ ਲਈਆਂ। ਡੀਐਸਪੀ ਦੀਪਕਰਨ ਸਿੰਘ ਤੂਰ ਨੇ ਦੱਸਿਆ ਕਿ ਇਸ ਸਬੰਧੀ ਇਲਾਕੇ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।