ਜੋਧਾਂ, 30 ਜੂਨ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਅੱਜ ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਸਾਈਬਰ ਕ੍ਰਾਈਮ ਇਸ ਤਰ੍ਹਾਂ ਵੱਧਦਾ ਜਾ ਰਿਹਾ ਹੈ ਕਿ ਵੱਡੀ ਗਿਣਤੀ ਵਿੱਚ ਲੋਕ ਇਸ ਤੋਂ ਪ੍ਰਭਾਵਿਤ ਹੋ ਕੇ ਠੱਗੀ ਦਾ ਸ਼ਿਕਾਰ ਹੋ ਰਹੇ ਹਨ ਅਤੇ ਠੱਗ ਨਵੇਂ-ਨਵੇਂ ਤਰੀਕੇ ਅਪਣਾ ਕੇ ਲੋਕਾਂ ਨੂੰ ਠੱਗ ਰਹੇ ਹਨ। ਇਸ ਦੀ ਮਿਸਾਲ ਥਾਣਾ ਜੋਧਾ ਅਧੀਨ ਪੈਂਦੇ ਪਿੰਡ ਗੁੱਜਰਵਾਲ ਦੀ ਔਰਤ ਨਾਲ ਨਵੇਂ ਢੰਗ ਨਾਲ ਹੋਈ ਠੱਗੀ ਤੋਂ ਦੇਖਣ ਨੂੰ ਮਿਲੀ। ਜਿਸ ਵਿੱਚ ਨੌਸਰਬਾਜ਼ ਵੱਲੋਂ ਉਸਦੇ ਬੈਂਕ ਖਾਤੇ ਵਿੱਚੋਂ ਪੰਜ ਲੱਖ ਦੀ ਠੱਗੀ ਮਾਰੀ ਗਈ। ਏਐਸਆਈ ਬਲਜੀਤ ਸਿੰਘ ਨੇ ਦੱਸਿਆ ਕਿ ਰੁਪਿੰਦਰਜੀਤ ਕੌਰ ਵਾਸੀ ਪਿੰਡ ਗੁੱਜਰਵਾਲ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ ਕਿ ਉਸ ਨੇ ਕੋਈ ਆਨਲਾਈਨ ਸ਼ਾਪਿੰਗ ਕੀਤੀ ਸੀ। ਜਿਸ ਦੀ ਅਦਾਇਗੀ ਉਸ ਨੇ ਆਫਲਾਈਨ ਕੀਤੀ ਪਰ ਉਸ ਦੇ ਆਨਲਾਈਨ ਪੈਸੇ ਵੀ ਕੱਟ ਲਏ ਗਏ। ਜਿਸ ’ਤੇ ਰੁਪਿੰਦਰਜੀਤ ਕੌਰ ਨੇ ਗੂਗਲ ’ਤੇ ਜਾ ਕੇ ਐਸਬੀਆਈ ਦਾ ਕਸਟਮਰ ਕੇਅਰ ਨੰਬਰ ਲਿਆ। ਜਦੋਂ ਔਰਤ ਨੇ ਉਸ ਨੰਬਰ ’ਤੇ ਕਾਲ ਕਰਕੇ ਦੱਸਿਆ ਕਿ ਉਸ ਨੇ ਜੋ ਆਨਲਾਈਨ ਸ਼ਾਪਿੰਗ ਆਰਡਰ ਦਿੱਤਾ ਸੀ, ਉਸ ਲਈ ਉਸ ਨੇ ਨਕਦ ਭੁਗਤਾਨ ਕਰ ਦਿੱਤਾ ਸੀ ਪਰ ਉਸ ਦੇ ਖਾਤੇ ’ਚੋਂ ਤਿੰਨ ਹਜ਼ਾਰ ਰੁਪਏ ਵੀ ਕੱਟ ਲਏ ਗਏ ਸਨ। ਇਸ ’ਤੇ ਸਾਹਮਣੇ ਵਾਲੇ ਨੌਸਰਬਾਜ਼ ਨੇ ਤੁਰੰਤ ਉਸ ਦੇ ਫੋਨ ’ਤੇ ਤਿੰਨ ਹਜ਼ਾਰ ਰੁਪਏ ਭੇਜੇ ਅਤੇ ਭੇਜੇ ਪੈਸਿਆਂ ਦੀ ਜਾਂਚ ਕਰਨ ਲਈ ਕਿਹਾ। ਇਸ ਤੋਂ ਬਾਅਦ ਉਸ ਨੇ ਰੁਪਿੰਦਰਜੀਤ ਕੌਰ ਨੂੰ ਯੋਨੋ ਐਪ ਉਸ ਦੇ ਫੋਨ ’ਤੇ ਭੇਜੀ ਅਤੇ ਉਸ ਨੂੰ ਚਾਲੂ ਕਰਨ ਲਈ ਕਿਹਾ। ਜਿਵੇਂ ਹੀ ਉਸਨੇ ਯੋਨੋ ਐਪ ਨੂੰ ਚਾਲੂ ਕੀਤਾ, ਉਸਦਾ ਫੋਨ ਤੁਰੰਤ ਹੈਕ ਹੋ ਗਿਆ। ਉਸ ਦੇ ਫੋਨ ਅਤੇ ਬੈਂਕ ਖਾਤੇ ਦੀ ਪੂਰੀ ਜਾਣਕਾਰੀ ਨੌਸਰਬਾਜ਼ ਤੱਕ ਪਹੁੰਚ ਗਈ। ਰੁਪਿੰਦਰਜੀਤ ਕੌਰ ਨੂੰ ਵੀ ਇਸ ਧੋਖਾਧੜੀ ਬਾਰੇ ਪਤਾ ਲੱਗਾ ਪਰ ਨੌਸਰਬਾਜ਼ ਉਸ ਦਾ ਖਾਤਾ ਬੰਦ ਹੋਣ ਤੋਂ ਪਹਿਲਾਂ ਹੀ ਉਸ ਦੇ ਖਾਤੇ ਵਿੱਚੋਂ ਪੰਜ ਲੱਖ ਰੁਪਏ ਕਢਵਾਉਣ ਵਿੱਚ ਕਾਮਯਾਬ ਹੋ ਗਿਆ। ਇਸ ਸ਼ਿਕਾਇਤ ਦੀ ਜਾਂਚ ਸਾਈਬਰ ਸੈੱਲ ਲੁਧਿਆਣਾ ਦਿਹਾਤੀ ਵੱਲੋਂ ਕੀਤੀ ਗਈ। ਜਿਸ ਵਿੱਚ ਪਤਾ ਲੱਗਿਆ ਕਿ ਰੁਪਿੰਦਰਜੀਤ ਕੌਰ ਦੇ ਖਾਤੇ ਵਿੱਚੋਂ ਨਿਕਲੇ ਪੰਜ ਲੱਖ ਰੁਪਏ ਮਾਨਸ ਜੀਨਾ ਪੁੱਤਰ ਪਰੀ ਜੀਨਾ ਵਾਸੀ ਬਾਲੀਬ੍ਰਾਊਨ ਕੇਂਦੂਜਾਰ ਉੜੀਸਾ ਦੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ ਗਏ ਸਨ। ਇਸ ਰਿਪੋਰਟ ’ਤੇ ਮਾਨਸ ਜੀਨਾ ਖਿਲਾਫ ਥਾਣਾ ਜੋਧਾ ਵਿਖੇ ਧੋਖਾਧੜੀ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ।