“ਸੀਨੀਅਰ ਅਧਿਕਾਰੀਆਂ ਨੂੰ ਨਿੱਜ਼ੀ ਧਿਆਨ ਦਿੰਦੇ ਹੋਏ ਤੁਰੰਤ ਨਿਪਟਾਰਾ ਕਰਨ ਦੇ ਹੁਕਮ”
ਮੋਗਾ, 9 ਮਈ (ਲਿਕੇਸ਼ ਸ਼ਰਮਾ) : ਪੀ ਜੀ ਆਰ ਐੱਸ ਪੋਰਟਲ ਉੱਤੇ ਜ਼ਿਲ੍ਹਾ ਮੋਗਾ ਨਾਲ ਸਬੰਧਤ ਲੰਬਿਤ ਸ਼ਿਕਾਇਤਾਂ ਦਾ ਗੰਭੀਰ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਸੀਨੀਅਰ ਅਧਿਕਾਰੀਆਂ ਨੂੰ ਨਿੱਜ਼ੀ ਧਿਆਨ ਦਿੰਦੇ ਹੋਏ ਇਹਨਾਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨ ਦੇ ਹੁਕਮ ਦਿੱਤੇ ਹਨ।ਇਸ ਸਬੰਧੀ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਵੱਲੋਂ ਪ੍ਰਾਪਤ ਪੱਤਰ ਦਾ ਹਵਾਲਾ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਲਿਖਿਆ ਹੈ ਕਿ ਵੱਖ ਵੱਖ ਲੋਕ ਹਿਤ ਸਕੀਮਾਂ ਅਤੇ ਉਪਰਾਲਿਆਂ ਦੀ ਪ੍ਰਗਤੀ ਦਾ ਮੁੱਖ ਸਕੱਤਰ ਪੰਜਾਬ ਸਰਕਾਰ ਵੱਲੋਂ ਨਿੱਜ਼ੀ ਤੌਰ ਉੱਤੇ ਹਫਤਾਵਰੀ ਰਿਵਿਊ ਕੀਤਾ ਜਾਂਦਾ ਹੈ। ਵੱਖ ਵੱਖ ਜ਼ਿਲ੍ਹਿਆਂ ਵਿੱਚ ਲੰਬਿਤ ਪਈਆਂ ਇਹਨਾਂ ਸ਼ਿਕਾਇਤਾਂ ਦਾ ਉਹਨਾਂ ਵੱਲੋਂ ਵੀ ਗੰਭੀਰ ਨੋਟਿਸ ਲਿਆ ਗਿਆ ਹੈ।ਉਹਨਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਨਾਗਰਿਕ ਸੇਵਾਵਾਂ ਦੀ ਸਮੇਂ ਸਿਰ ਡਿਲੀਵਰੀ ਨੂੰ ਯਕੀਨੀ ਬਣਾਉਣ ਵਿੱਚ ਆਮ ਤੌਰ ‘ਤੇ ਢਿੱਲ ਮੱਠ ਹੋਈ ਹੈ। ਉਹਨਾਂ ਅਧਿਕਾਰੀਆਂ ਨੂੰ ਕਿਹਾ ਕਿ ਸ਼ਿਕਾਇਤਾਂ ਦੇ ਨਿਪਟਾਰੇ ਵਿੱਚ ਦੇਰੀ ਲਈ ਜਿੰਮੇਵਾਰ ਪਹਿਲੂ ਦੀ ਨੇੜਿਓਂ ਜਾਂਚ ਕਰਨ ਅਤੇ ਹਫ਼ਤੇ ਵਿੱਚ ਘੱਟੋ-ਘੱਟ ਦੋ ਵਾਰ ਨਿੱਜੀ ਤੌਰ ‘ਤੇ ਪੈਂਡੈਂਸੀ ਦੀ ਨਿਗਰਾਨੀ ਕਰਨ ਦੀ ਲੋੜ੍ਹ ਹੈ। ਉਹਨਾਂ ਕਿਹਾ ਕਿ ਫੀਲਡ ਵਿੱਚ ਮੌਜੂਦ ਲਾਈਨ ਵਿਭਾਗਾਂ ਦੇ ਕੁਝ ਅਧਿਕਾਰੀ ਸਮੇਂ ਸਿਰ ਸ਼ਿਕਾਇਤਾਂ ਦੇ ਨਿਪਟਾਰੇ ਵੱਲ ਲੋੜੀਂਦਾ ਧਿਆਨ ਨਹੀਂ ਦੇ ਰਹੇ ਹਨ।ਉਹਨਾਂ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮੋਗਾ ਨੂੰ ਵੀ ਨਿਯਮਤ ਅਧਾਰ ‘ਤੇ ਪੀ ਜੀ ਆਰ ਐੱਸ ਪੋਰਟਲ ਉੱਤੇ ਜ਼ਿਲ੍ਹਾ ਮੋਗਾ ਨਾਲ ਸਬੰਧਤ ਲੰਬਿਤ ਸ਼ਿਕਾਇਤਾਂ ਦੇ ਕੰਮ ਦੀ ਨਿਗਰਾਨੀ ਕਰਨ ਦੀ ਹਦਾਇਤ ਕੀਤੀ ਹੈ।