- ਨਸ਼ੇ ਦੀ ਦਲਦਲ ਵਿੱਚ ਫਸੇ 161 ਨੌਜਵਾਨਾਂ ਦੀ ਨਿਗਰਾਨੀ ਲਈ ਲਗਾਏ 161 ਮੁਲਾਜ਼ਮ
ਸੰਦੌੜ/ ਮਲੇਰਕੋਟਲਾ, 19 ਸਤੰਬਰ ( ਬੌਬੀ ਸਹਿਜਲ, ਧਰਮਿੰਦਰ)-) – ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪੁਲਿਸ ਮਲੇਰਕੋਟਲਾ ਨੇ ਨਸ਼ੇ ਦੀ ਦਲਦਲ ਵਿੱਚ ਫਸੇ ਜ਼ਿਲ੍ਹੇ ਦੇ ਉਹਨਾਂ ਨੌਜਵਾਨਾਂ ਦਾ ਡਾਟਾ ਤਿਆਰ ਕੀਤਾ ਹੈ, ਜਿਨ੍ਹਾਂ ਨੂੰ ਫੌਰੀ ਤੌਰ ਉੱਤੇ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਦੀ ਲੋੜ ਹੈ। ਅਜਿਹੇ ਹਰੇਕ ਨੌਜਵਾਨ ਨਾਲ ਇਕ ਇਕ ਪੁਲਿਸ ਮੁਲਾਜ਼ਮ ਦੀ ਡਿਊਟੀ ਲਗਾ ਦਿੱਤੀ ਹੈ, ਜੋ ਉਸਦੀ ਉਦੋਂ ਤੱਕ ਨਿਗਰਾਨੀ ਕਰੇਗਾ ਜਦੋਂ ਤੱਕ ਉਹ ਇਸ ਅਲਾਮਤ ਤੋਂ ਬਾਹਰ ਨਹੀਂ ਆ ਜਾਂਦਾ। ਇਸ ਸਬੰਧੀ ਬਕਾਇਦਾ ਖਾਕਾ ਤਿਆਰ ਕੀਤਾ ਗਿਆ ਹੈ।
ਅੱਜ ਪਿੰਡ ਸੰਦੋੜ ਵਿਖੇ ਲੋਕ ਸੁਵਿਧਾ ਕੈਂਪ ਦੌਰਾਨ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਉਣ ਮੌਕੇ ਗੁਰਸ਼ਰਨਦੀਪ ਸਿੰਘ ਗਰੇਵਾਲ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ 161 ਨੌਜਵਾਨਾਂ ਦੀ ਸੂਚੀ ਤਿਆਰ ਕੀਤੀ ਗਈ ਹੈ, ਜਿਨ੍ਹਾਂ ਨੂੰ ਤੁਰੰਤ ਸਾਂਭਣ ਦੀ ਲੋੜ੍ਹ ਹੈ। ਇਹਨਾਂ ਨੌਜਵਾਨਾਂ ਦੀ ਨਿਗਰਾਨੀ ਕਰਨ ਲਈ ਇਹਨਾਂ ਨਾਲ ਇਕ ਇਕ ਪੁਲਿਸ ਮੁਲਾਜ਼ਮ ਲਗਾਇਆ ਗਿਆ ਹੈ, ਜੋ ਕਿ ਹਰੇਕ ਹਫ਼ਤੇ ਇਹਨਾਂ ਨੌਜਵਾਨਾਂ ਦੀ ਘਰ ਘਰ ਜਾ ਕੇ ਕਾਊਂਸਲਿੰਗ ਕਰਨ ਲੱਗੇ ਹਨ। ਇਕ ਮਹੀਨੇ ਬਾਅਦ ਇਹੀ ਕਾਊਂਸਲਿੰਗ 15 – 15 ਬਾਅਦ ਹੋਇਆ ਕਰੇਗੀ। ਇਸ ਤੋਂ ਬਾਅਦ ਟੈਲੀਫੋਨ ਉੱਤੇ ਇਹਨਾਂ ਨਾਲ ਲਗਾਤਾਰ ਰਾਬਤਾ ਰੱਖਿਆ ਜਾਵੇਗਾ। ਕਾਊਂਸਲਿੰਗ ਲਈ ਨੌਜਵਾਨਾਂ ਦੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦਾ ਵੀ ਸਹਿਯੋਗ ਲਿਆ ਜਾਵੇਗਾ। ਉਹਨਾਂ ਕਿਹਾ ਕਿ ਜਰੂਰਤ ਪੈਣ ਉੱਤੇ ਨੌਜਵਾਨਾਂ ਨੂੰ ਇਲਾਜ਼ ਲਈ ਹਸਪਤਾਲ ਭਰਤੀ ਵੀ ਕਰਾਇਆ ਜਾਵੇਗਾ।
ਉਹਨਾਂ ਕਿਹਾ ਕਿ ਇਸ ਮੁਹਿੰਮ ਦਾ ਇਹ ਪਹਿਲਾ ਗੇੜ ਹੈ। ਅਗਲੇ ਗੇੜ ਵਿੱਚ ਹੋਰ ਨੌਜਵਾਨਾਂ ਨਾਲ ਇਹੀ ਪ੍ਰਕਿਰਿਆ ਦੁਹਰਾਈ ਜਾਵੇਗੀ। ਉਹਨਾਂ ਕਿਹਾ ਕਿ ਜ਼ਿਲ੍ਹਾ ਮਲੇਰਕੋਟਲਾ ਵਿਚੋਂ ਨਸ਼ੇ ਨੂੰ ਜੜ੍ਹੋਂ ਖਤਮ ਕਰਨ ਲਈ ਉਹਨਾਂ ਨੇ ਇਕ ਤਿਹਾਈ ਮੁਲਾਜ਼ਮਾਂ ਨੂੰ ਪੂਰੀ ਜਿੰਮੇਵਾਰੀ ਨਾਲ ਲਗਾ ਦਿੱਤਾ ਹੈ। ਇਹ ਮੁਲਾਜ਼ਮ ਵੀ ਉਹ ਹਨ, ਜਿਹੜੇ ਸੱਚੇ ਮਨੋਂ ਲੋਕ ਸੇਵਾ ਤਹਿਤ ਇਹ ਕੰਮ ਕਰਨਾ ਚਾਹੁੰਦੇ ਹਨ। ਉਹਨਾਂ ਉਮੀਦ ਪ੍ਰਗਟਾਈ ਕਿ ਅਗਲੇ ਡੇਢ ਮਹੀਨੇ ਵਿੱਚ ਇਸ ਪਹਿਲਕਦਮੀ ਦੇ ਹਾਂ ਪੱਖੀ ਨਤੀਜੇ ਮਿਲਣਗੇ। ਉਹਨਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਨੌਜਵਾਨਾਂ ਨੂੰ ਬਚਾਉਣ ਦੇ ਨਾਲ ਨਾਲ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਲਈ ਵੀ ਦ੍ਰਿੜ ਸੰਕਲਪ ਹੈ। ਉਹਨਾਂ ਕਿਹਾ ਕਿ ਨੌਜਵਾਨੀ ਨੂੰ ਬਚਾਉਣਾ ਜ਼ਿਲ੍ਹਾ ਪੁਲਿਸ ਦੀ ਪ੍ਰਮੁੱਖ ਤਰਜ਼ੀਹ ਹੈ।