ਬਟਾਲਾ, 2 ਜੂਨ (ਵਿਕਾਸ ਮਠਾੜੂ) : ਅਗਾਂਹਵਧੂ ਕਿਸਾਨ ਪਿ੍ਰਤਪਾਲ ਸਿੰਘ ਪੁੱਤਰ ਜਸਵੰਤ ਸਿੰਘ, ਪਿੰਡ ਅਹਿਮਦਾਬਾਦ, ਬਲਾਕ ਬਟਾਲਾ ਜਿਲ੍ਹਾ ਗੁਰਦਾਸਪੁਰ ਦਾ ਵਸਨੀਕ ਹੈ, ਜੋ ਆਪਣੇ ਪਿਤਾ ਪੁਰਖੀ ਕਿਤੇ ਨੂੰ ਸਫਲ ਬਣਾਉਣ ਲਈ ਆਪਣੇ ਪਰਿਵਾਰ ਸਮੇਤ ਖੇਤੀ ਅਤੇ ਸਹਾਇਕ ਧੰਦਿਆਂ ਨਾਲ ਵਧੀਆ ਜੀਵਨ ਬਤੀਤ ਕਰ ਰਿਹਾ ਹੈ।ਅਗਾਂਹਵਧੂ ਕਿਸਾਨ ਪਿ੍ਰਤਾਪਲ ਸਿੰਘ ਦੀ ਕੁੱਲ ਜਮੀਨ 2.5 ਏਕੜ ਹੈ। ਇਸ ਰਕਬੇ ਵਿੱਚ ਇਹ ਕਿਸਾਨ ਬਾਸਮਤੀ ਗੰਨਾ ਅਤੇ ਕਣਕ ਦੀ ਖੇਤੀ ਕਰ ਰਿਹਾ ਹੈ। ਇਸ ਖੇਤੀ ਦੇ ਨਾਲ ਨਾਲ ਇਹ ਕਿਸਾਨ ਇਕ ਵਧੀਆ ਪਸ਼ੂ ਪਾਲਕ ਵੀ ਹੈ। ਪਸ਼ੂ ਪਾਲਣ ਦੇ ਧੰਦੇ ਵਿੱਚ ਇਸ ਕੋਲ ਵਧੀਆ ਕਿਸਮ ਦੀਆ 25 ਗਾਵਾਂ ਹਨ, ਜਿਸ ਤੋ ਇਹ ਆਪਣੇ ਇਲਾਕੇ ਵਿੱਚ ਇਕ ਵਧੀਆ ਦੁੱਧ ਉਤਪਾਦਕ ਵੀ ਹੈ। ਉਸਦਾ ਕਹਿਣਾ ਹੈ ਉਹ ਰੋਜਾਨਾਂ ਕਰੀਬ 2.5 ਤੋ ਤਿੰਨ ਕੁਇੰਟਲ ਦੁੱਧ ਦੀ ਵਿਕਰੀ ਕਰ ਕੇ ਚੰਗਾ ਮੁਨਾਫਾ ਪ੍ਰਾਪਤ ਕਰ ਰਿਹਾ ਹੈ।ਕਿਸਾਨ ਪ੍ਰਿਤਪਾਲ ਸਿੰਘ ਨੇ ਅੱਗੇ ਦੱਸਿਆ ਕਿ ਉਹ ਪਸ਼ੂ ਪਾਲਣ ਦੇ ਨਾਲ ਨਾਲ ਮਧੂ ਮੱਖੀਆਂ ਦਾ ਸਹਾਇਕ ਧੰਦਾ ਅਪਣਾ ਕੇ ਵਧੀਆ ਕਿਸਮ ਦਾ ਸ਼ਹਿਦ ਤਿਆਰ ਕਰ ਰਿਹਾ ਹੈ। ਖੇਤੀ ਦੇ ਨਾਲ ਨਾਲ ਮਧੂ ਮੱਖੀਆਂ ਦਾ ਸਹਾਇਕ ਧੰਦਾ ਇਕ ਬਹੁਤ ਹੀ ਲਾਹੇਵੰਦ ਧੰਦਾ ਹੈ, ਜਿਸ ਵਿੱਚ ਲਾਗਤ ਵੀ ਘੱਟ ਆਉਦੀ ਹੈ ਅਤੇ ਕਿਸਾਨ ਨੂੰ ਮੁਨਾਫਾ ਵੀ ਵਧੀਆ ਹੋ ਜਾਦਾ ਹੈ। ਉਨਾਂ ਦੱਸਿਆ ਕਿ ਕਿ ਸਲਾਨਾ 3 ਕੁਇੰਟਲ ਸ਼ਹਿਦ ਦੀ ਪੈਦਾਵਾਰ ਕਰਦਾ ਜਿਸ ਦੀ ਵਿਕਰੀ ਘਰ ਤੋ ਹੀ 300 ਰੁ: ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕਰੀ ਕਰਦਾ ਹੈ।ਕਿਸਾਨ ਨੇ ਅੱਗੇ ਦੱਸਿਆ ਕਿ ਮਧੂ ਮੱਖੀਆ ਦਾ ਸਹਾਇਕ ਧੰਦਾ ਖੇਤੀ ਵਿੱਚ ਵੀ ਲਾਹੇਵੰਦ ਸਾਬਿਤ ਹੁੰਦਾ ਹੈ ਕਿਉਂਕਿ ਮਧੂ ਮੱਖੀਆਂ ਪਰਾਗ ਵੱਖ ਵੱਖ ਫਸਲਾਂ ਤੋ ਇੱਕਠਾ ਕਰਦੀਆਂ ਹਨ ਜੋ ਕਿ ਫਸਲਾਂ ਦੀ ਕਰੋਸ ਪੋਲੀਨੇਸਨ ਵਿੱਚ ਸਹਾਇਕ ਹੰਦੀਆ ਹਨ, ਜਿਸ ਨਾਲ ਖੇਤੀ ਫਸਲਾਂ ਦਾ ਝਾੜ ਵਿੱਚ ਵੀ ਵਾਧਾ ਹੁੰਦਾ ਹੈ।ਪ੍ਰਿਤਪਾਲ ਸਿੰਘ ਸਹਇਕ ਧੰਦਿਆਂ ਦੀ ਸਹਾਇਤਾ ਨਾਲ ਵਧੀਆ ਆਮਦਨ ਕਮਾ ਰਿਹਾ ਹੈ ਜੋ ਕਿ ਹੋਰਨਾਂ ਕਿਸਾਨਾਂ ਲਈ ਇਕ ਵਧੀਆ ਮਾਰਗ ਦਰਸ਼ਕ ਵਜੋ ਆਪਣੀ ਭੂਮਿਕਾ ਨਿਭਾ ਰਿਹਾ ਹੈ। ਉਸਨੇ ਕਿਸਾਨ ਸਾਥੀਆਂ ਨੂੰ ਅਪੀਲ ਕੀਤੀ ਕਿ ਉਹ ਸਹਾਇਕ ਕਿੱਤੇ ਅਪਣਾ ਕੇ ਆਪਣੀ ਅਮਾਦਨ ਵਿੱਚ ਚੋਖਾ ਵਾਧਾ ਕਰ ਸਕਦੇ ਹਨ।