ਇੱਕ ਪੁਰਾਣੀ ਹਿੰਦੀ ਫਿਲਮ ਦਾ ਹਾਣਾ ‘‘ ਗੈਰੋੰਂ ਪੇ ਕਰਮ, ਅਪਨੋ ਪੇ ਸਿਤਮ, ਐ ਜਾਨੇ ਵਫਾ ਯੇ ਸਿਤਮ ਨਾ ਕਰ..’’ ਇਹ ਗੀਤ ਦੀ ਸੱਤਰਾਂ ਮੌਜੂਦਾ ਸਿਆਸੀ ਘਟਨਾਕ੍ਰਮ ਨਾਲ ਪੂਰੀ ਤਰ੍ਹਾਂ ਫਿੱਟ ਬੈਠਦੀਆਂ ਹਨ। ਜਿਸਦੀ ਇੱਕ ਵੱਡੀ ਉਦਾਹਰਣ ਜਲੱਧਰ ਵਿਖੇ ਲੋਕ ਸਭਾ ਦੀ ਹੋਣ ਜਾ ਰਹੀ ਉਪ ਚੋਣ ਵਿਚ ਰਾਜਸੀ ਪਾਰਟੀਆਂ ਵਲੋਂ ਚੋਣ ਮੈਦਾਨ ਵਿ ਚ ਉਤਾਰੇ ਗਏ ਉਮੀਦਵਾਰਾਂ ਤੋਂ ਦੇਖੀ ਜਾ ਸਕਦੀ ਹੈ। ਜਲੰਧਰ ਵਿੱਚ 10 ਮਈ ਨੂੰ ਹੋ ਰਹੀਆਂ ਚੋਣਾਂ ਵਿਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਐਲਾਨੇ ਗਏ ਉਮੀਦਵਾਰਾਂ ਨੇ ਇਹ ਸਾਫ ਦਰਸਾ ਦਿਤਾ ਹੈ ਕਿ ਰਾਜਨੀਤਿਕ ਪਾਰਟੀਆਂ ਦੇ ਝਾੜੂ ਬਰਦਾਰ ਵਰਕਰ ਕੋਈ ਵੀ ਮਹਤੱਤਾ ਨਹੀਂ ਰੱਖਦੇ। ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਸਿਆਸੀ ਪਾਰਟੀ ਆਪਣੇ ਪੁਰਾਣੇ ਵਫਾਦਾਰਾਂ ਅਤੇ ਬੂਥ ਲੈਵਲ ਵਰਕਰਾਂ ਨੂੰ ਸਮਾਂ ਆਉਣ ਤੇ ਉਨ੍ਹਾਂ ਦਾ ਬਣਦਾ ਹੱਕ ਦੇਣ ਤੋਂ ਅੱਖਾਂ ਮੀਚ ਜਾਂਦੀਆਂ ਹਨ। ਆਪਣੇ ਨਿੱਜੀ ਲਾਭ ਪਾਰਟੀਆਂ ਜਿੰਨਾਂ ਨੂੰ ਪਾਣੀ ਪੀ ਪੀ ਕੇ ਕੋਸਦੀਆਂ ਰਹਿੰਦੀਆਂ ਹਨ, ਉਨ੍ਹਾਂ ਵਿੱਚੋਂ ਉਮੀਦਵਾਰ ਚੁਣ ਕੇ ਮੈਦਾਨ ਵਿੱਚ ਭੇਜ ਦਿੰਦੀਆਂ ਹਨ ਅਤੇ ਉਨ੍ਹਾਂ ਨਾਲ ਪਾਰਟੀ ਵਿਰੋਧੀ ਹੋਣ ਕਰਕੇ ਟੱਕਰ ਲੈਣ ਵਾਲੇ ਵਰਕਰ ਵਿਚਾਰੇ ਹੱਥ ਮਲਦੇ ਰਹਿ ਜਾਂਦੇ ਹਨ। ਉਸ ਸਮੇਂ ਹੇਠਲੇ ਪੱਧਰ ਦੇ ਵਰਕਰਾਂ ਦੇ ਹਾਲਾਤ ਅਜਿਹੇ ਬਣ ਜਾਂਦੱੇ ਹਨ ਕਿ ਉਹ ਨਾਂ ਤਾਂ ਨਿਗਲ ਪਾਉਂਦੇ ਹਨ ਨਾਂ ਉਗਲ ਪਾਉਂਦੇ ਹਨ। ਜਲੰਧਰ ਵਿਖੇ ਮਰਹੂਮ ਸੰਸਦ ਮੈਂਬਰ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਉਹ ਵੀ ਇਸ ਕਰਕੇ ਉਨ੍ਹਾਂ ਤੇ ਦਾਅ ਖੇਡਿਆ ਗਿਆ ਹੈ ਕਿਉਂਕਿ ਸੰਤੋਖ ਸਿੰਘ ਚੌਧਰੀ ਇਲਾਕੇ ਦੇ ਐਮ.ਪੀ ਸਨ ਅਤੇ ਉਹਨਾਂ ਦੀ ਮੌਤ ਹੋ ਗਈ ਸੀ ਜਿਸ ਕਾਰਨ ਪਰਿਵਾਰ ਨਾਲ ਲੋਕਾਂ ਦੀ ਹਮਦਰਦੀ ਬਣੀ ਹੋਈ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਜੋ ਸੱਤਾ ਸੰਭਾਲਣ ਤੋਂ ਪਹਿਲਾਂ ਅਤੇ ਸੱਤਾ ਸੰਭਾਲਣ ਤੋਂ ਬਾਅਦ ਹੁਣ ਤੱਕ ਕਾਂਗਰਸ ਪਾਰਟੀ ਨੂੰ ਪਾਣੀ ਪੀ-ਪੀ ਕੇ ਕੋਸ ਰਹੀ ਹੈ। ਉਸ ਨੇ ਵੀ ਦੂਜੀਆਂ ਪਾਰਟੀਆਂ ਦੇ ਰਾਹ ਤੁਰਦਿਆਂ ਇਸ ਲੋਕ ਸਭਾ ਸੀਟ ਤੇ ਸਾਬਕਾ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਨੂੰ ਟਿਕਟ ਦੇ ਦਿੱਤੀ ਹੈ। ਜੋ ਕਿ ’ਆਪ’ ਵਿੱਚ ਕੁਝ ਹੀ ਦਿਨ ਪਹਿਲਾਂ ਸ਼ਾਮਲ ਹੋਏ ਸਨ। ਸਿਰਫ ਇਕ ਸਾਲ ਪਹਿਲਾਂ ਹੀ ਹੋਈਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਾਲ ਸੁਸ਼ੀਲ ਰਿੰਕੂ ਦਾ ਮੁਕਾਬਲਾ ਹੋਇਆ ਸੀ ਅਤੇ ਦੋਵੇਂ ਆਹਮੋ-ਸਾਹਮਣੇ ਹੋ ਸਨ। ਜਿਸ ’ਤੇ ਰਿੰਕੂ ਨੇ ਆਪ ਨੂੰ ਇਲਾਕੇ ਵਿਚ ਖੂਬ ਭੰਡਿਆ ਸੀ। ਆਮ ਆਦਮੀ ਪਾਰਟੀ ਨੇ ਜਲੰਧਰ ਖੇਤਰ ਦੇ ਪਾਰਟੀ ਦੇ ਸਾਰੇ ਵਰਕਰਾਂ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਈ ਹੈ। ਕੀ ਆਪ ਨੂੰ ਪੂਰੇ ਇਲਾਕੇ ਵਿਚੋਂ ਇਕ ਵੀ ਵਰਕਰ ਆਮ ਆਦਮੀ ਪਾਰਟੀ ਦਾ ਨਹੀਂ ਮਿਲਿਆ ਜਿਸਨੂੰ ਉਹ ਟਿਕਟ ਦੇ ਦਿੰਦੇ। ਜੇਕਰ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ ਤਾਂ ਉਹ ਵੀ ਅਕਾਲੀ ਦਲ ਛੱਡ ਕੇ ਇੱਕ ਹਫਤਾ ਪਹਿਲਾਂ ਹੀ ਭਾਜਪਾ ਵਿਚ ਆਉਣ ਵਾਲੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਪੁੱਤਰ ਇੰਦਰ ਇਕਬਾਲ ਸਿੰਙ ਅਟਵਾਲ ਨੂੰ ਜਲੰਧਰ ਤੋਂ ਟਿਕਟ ਦਿਤੀ ਹੈ। ਜਦੋਂ ਕਿ ਜਲੰਧਰ ਸ਼ਹਿਰੀ ਇਲਾਕਾ ਹੋਣ ਕਾਰਨ ਉੱਥੇ ਭਾਜਪਾ ਦਾ ਬਹੁਤ ਦਬਦਬਾ ਹੈ। ਉੱਥੇ ਭਾਜਪਾ ਦੇ ਕਈ ਦਿੱਗਜ ਆਗੂ ਬੈਠੇ ਹਨ। ਭਾਜਪਾ ਵੱਲੋਂ ਬਾਹਰਲੇ ਖੇਤਰ ਤੋਂ ਉਮੀਦਵਾਰ ਨੂੰ ਟਿਕਟ ਦੇਣ ਸਮੇਂ ਸੋਚਣ ਵਾਲੀ ਗੱਲ ਹੈ ਕਿ ਉਥੋਂ ਦੇ ਵੱਡੇ ਭਾਜਪਾ ਆਗੂਆਂ ਦਾ ਕੀ ਹਾਲ ਹੋਵੇਗਾ। ਜਦਕਿ ਚੋਣਾਂ ਦਾ ਐਲਾਨ ਹੋਣ ਸਮੇਂ ਭਾਜਪਾ ਦੀ ਲੀਡਰਸ਼ਿਪ ਕਹਿ ਰਹੀ ਸੀ ਕਿ ਉਨ੍ਹਾਂ ਪਾਸ ਜਲੰਧਰ ਦੀ ਟਿਕਟ ਹਾਸਿਲ ਕਰਨਮ ਵਾਲੇ 20 ਉਮੀਜਵਾਰਾਂ ਦੀ ਲਿਸਟ ਹੈ। ਫਿਰ ਟਿਕਟ ਦੇਣ ਸਮੇਂ ਭਾਜਪਾ ਲੀਡਰਸ਼ਿਪ ਨੂੰ ਉਨ੍ਹਾਂ 20 ਵਿਚੋਂ ਇਕ ਵੀ ਪਸੰਦ ਨਹੀਂ ਆਇਆ ਅਤੇ ਅਕਾਲੀ ਦਲ ਛੱਡ ਆਏ ਉਮੀਦਵਾਰ ਨੂੰ ਟਿਤਟ ਦੇ ਨਿਵਾਜ ਦਿਤਾ ਗਿਆ। ਜੇਕਰ ਗੱਲ ਅਕਾਲੀ ਦਲ ਦੀ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਹੋਣ ਕਰਕੇ ਪਹਿਲਾਂ ਇਥੋਂ ਬਸਪਾ ਦਾ ਉਮੀਦਵਾਰ ਐਲਾਣਿਆ ਜਾਣਆ ਸੀ ਪਰ ਆਪਸੀ ਸਹਿਮਤੀ ਨਾਲ ਬਸਪਾ ਦੀ ਥਾਂ ਤੇ ਅਕਾਲੀ ਦਲ ਦਾ ਸਾਂਝਾ ਉਮੀਦਵਾਰ ਫਤਹਿਗੜ੍ਹ ਹਲਕੇ ਦੇ ਬੰਗਾ ਵਿਧਾਨ ਸਭਾ ਹਲਕੇ ਬੰਗਾ ਦੇ ਵਿਧਾਇਕ ਡਾ ਸੁਖਵਿੰਦਰ ਸੁੱਖੀ ਨੂੰ ਬਾਹਰੋਂ ਲਿਆ ਕੇ ਇਥੇ ਟਿਕਟ ਦਿਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਲਈ ਜਲੰਧਰ ਹਲਕਾ ਅਹਿਮ ਰਿਹਾ ਹੈ। ਇਥੇ ਪਾਰਟੀ ਦੇ ਦਿੱਗਡ ਨੇਤਾ ਬੈਠੇ ਹੋਏ ਹਨ। ਉਨ੍ਹਾਂ ਸਾਰਿਆਂ ਨੂੰ ਛੱਡ ਕੇ ਅਕਾਲੀ ਦਲ ਨੇ ਬਾਹਰੀ ਉਮੀਦਵਾਰ ਨੂੰ ਮੈਦਾਨ ਵਿਚ ਉਤਾਰ ਕੇ ਹਲਕੇ ਦੇ ਪਾਰਟੀ ਲੀਡਰਾਂ ਅਤੇ ਵਰਕਰਾਂ ਨੂੰ ਨਿਰਾਸ਼ ਕਰ ਦਿਤਾ ਹੈ। ਇਨ੍ਹਾਂ ਸਾਰੀਆਂ ਪਾਰਟੀਆਂ ਨੇ ਇਕ ਵਾਰ ਫਿਰ ਸਾਬਿਤ ਕਰ ਦਿਤਾ ਹੈ ਕਿ ਪਾਰਟੀ ਲਈ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਵਰਕਰਾਂ ਲਈ ਉਨ੍ਹਾਂ ਦੀ ਯੋਗਤਾ ਦੇ ਬਾਨਵਜੂਦ ਕੋਈ ਥਾਂ ਨਹੀਂ ਹੈ। ਜਦੋਂ ਕਿ ਚਾਹੀਦਾ ਇਹ ਹੈ ਕਿ ਕਿਸੇ ਵੀ ਖੇਤਰ ’ਚ ਕਿਸੇ ਵੀ ਪਾਰਟੀ ਆਪਣਾ ਉਮੀਦਵਾਰ ਐਲਾਣ ਕਰਨ ਸਮੇਂ ਪਹਿਲ ਆਪਣੀ ਪਾਰਟੀ ਦੇ ਵਰਕਰਾਂ ਨੂੰ ਦਿਤੀ ਜਾਵੇ ਜੋ ਕਿ ਪਾਰਟੀ ਨੂੰ ਬੁਲੰਦੀ ਤੇ ਲੈ ਜਾਣ ਲਈ ਦਰੀਆਂ ਵਿਛਾਉਣ ਤੋਂ ਲੈ ਕੇ ਇਕੱਠ ਕਰਨ ਤੱਕ ਆਪਣਾ ਜੀਵਨ ਲਗਾ ਦਿੰਦੇ ਹਨ। ਹੁਣ 10 ਮਈ ਨੂੰ ਵੋਟਾਂ ਪੈਣ ਤੋਂ ਬਾਅਦ 13 ਮਈ ਨੂੰ ਆਉਣ ਵਾਲੇ ਨਤੀਜੇ ਤੋਂ ਸਾਹਮਣੇ ਆਏਗਾ ਕਿ ਲੋਕਾਂ ਨੇ ਕਿਹੜੀ ਪਾਰਟੀ ਦੀਆਂ ਨੀਤੀਆਂ ਨੂੰ ਸਵੀਕਾਰ ਕੀਤਾ ਹੈ।
ਹਰਵਿੰਦਰ ਸਿੰਘ ਸੱਗੂ।