- ਜ਼ਿਲ੍ਹਾ ਮੋਗਾ ਦੀ ਸੰਘੇੜਾ ਜਨਤਕ ਖੱਡ ਤੋਂ ਕਰਨਗੇ ਸ਼ੁਰੂਆਤ – ਡਿਪਟੀ ਕਮਿਸ਼ਨਰ
ਮੋਗਾ, 20 ਅਪ੍ਰੈਲ ( ਮੋਹਿਤ ਜੈਨ) – ਸੂਬੇ ਦੇ ਲੋਕਾਂ ਨੂੰ ਸਸਤਾ ਅਤੇ ਉਹਨਾਂ ਦੇ ਨੇੜੇ ਰੇਤਾ ਮੁਹਈਆ ਕਰਵਾਉਣ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਜਨਤਕ ਰੇਤੇ ਦੀਆਂ ਖੱਡਾਂ ਚਲਾਈਆਂ ਜਾ ਰਹੀਆਂ ਹਨ। ਇਸੇ ਕੜੀ ਤਹਿਤ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਮਿਤੀ 21 ਅਪ੍ਰੈਲ ਨੂੰ ਸੂਬੇ ਭਰ ਵਿਚ 20 ਹੋਰ ਜਨਤਕ ਰੇਤ ਖੱਡਾਂ ਦੀ ਜ਼ਿਲ੍ਹਾ ਮੋਗਾ ਵਿੱਚ ਦਰਿਆ ਸਤਲੁਜ ਕੰਢੇ ਪੈਂਦੀ ਸੰਘੇੜਾ ਜਨਤਕ ਖੱਡ ਤੋਂ ਸ਼ੁਰੂਆਤ ਕਰਨਗੇ।ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੀਆਂ ਜਾਣ ਵਾਲੀਆਂ ਖੱਡਾਂ ਜ਼ਿਲ੍ਹਾ ਮੋਗਾ, ਫਿਰੋਜ਼ਪੁਰ, ਲੁਧਿਆਣਾ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਪੈਂਦੀਆਂ ਹਨ। ਜ਼ਿਲ੍ਹਾ ਮੋਗਾ ਵਿੱਚ ਪੰਜ ਖੱਡਾਂ ਚਾਲੂ ਹੋਣਗੀਆਂ ਜਿੰਨਾ ਵਿਚ ਸੰਘੇੜਾ, ਆਦਰਮਾਨ, ਮੇਹਰੂਵਾਲਾ, ਦੌਲੇਵਾਲਾ ਅਤੇ ਬਾਜੇਕੇ ਸ਼ਾਮਿਲ ਹਨ। ਉਹਨਾਂ ਕਿਹਾ ਕਿ ਇਹਨਾਂ ਖੱਡਾਂ ਵਿੱਚੋਂ ਕੋਈ ਵੀ ਲੋੜਵੰਦ ਵਿਅਕਤੀ ਪ੍ਰਤੀ ਘਣ ਫੁੱਟ 5 ਰੁਪਏ (ਜੀ ਐਸ ਟੀ ਵੱਖਰਾ) ਦੀ ਅਦਾਇਗੀ ਕਰਕੇ ਆਪਣਾ ਸਾਧਨ ਲਿਆ ਕੇ ਲਿਜਾ ਸਕਦਾ ਹੈ। ਇਹਨਾਂ ਖੱਡਾਂ ਨੂੰ ਖਣਨ ਵਿਭਾਗ ਵੱਲੋਂ ਖੁਦ ਚਲਾਇਆ ਜਾਵੇਗਾ।ਉਹਨਾਂ ਦੱਸਿਆ ਕਿ ਰਾਜ ਸਰਕਾਰ ਨੇ ਰਾਜ ਵਿੱਚ ਕੁਝ ਜਨਤਕ ਮਾਈਨਿੰਗ ਸਾਈਟਾਂ (ਰੇਤੇ ਦੀਆਂ ਖੱਡਾਂ) ਨੂੰ ਚਾਲੂ ਕਰਨ ਦਾ ਫੈਸਲਾ ਕੀਤਾ ਹੈ, ਤਾਂ ਜੋ ਬਾਜ਼ਾਰ ਵਿੱਚ ਰੇਤੇ ਦੀ ਸਪਲਾਈ ਵਿੱਚ ਵਾਧਾ ਕੀਤਾ ਜਾ ਸਕੇ ਅਤੇ ਬਾਜ਼ਾਰ ਵਿੱਚ ਇਸਦੀ ਕੀਮਤ ਘਟਾਈ ਜਾ ਸਕੇ। ਰਾਜ ਵਿੱਚ ਜਨਤਕ ਮਾਈਨਿੰਗ ਸਾਈਟਾਂ ਨੂੰ ਸ਼ੁਰੂ ਕਰਨ ਲਈ ਸ੍ਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ, ਪੰਜਾਬ, ਜ਼ਿਲ੍ਹਾ ਮੋਗਾ ਵਿੱਚ ਇੱਕ ਜਨਤਕ ਮਾਈਨਿੰਗ ਸਾਈਟ ਸੰਘੇੜਾ ਦਾ ਉਦਘਾਟਨ ਕਰਨਗੇ। ਸੰਘੇੜਾ ਦਾ ਸਥਾਨ ਸਤਲੁਜ ਦਰਿਆ ਵਿੱਚ ਪੈਂਦਾ ਹੈ ਅਤੇ ਇਹ 17.8 ਹੈਕਟੇਅਰ (43.98 ਏਕੜ) ਦਾ ਹੈ। ਇਸ ਸਾਈਟ ਵਿੱਚ ਮਾਈਨਿੰਗ ਹੈਂਡ ਟੂਲਸ (ਆਪਣੇ ਸੰਦਾਂ ਨਾਲ) ਦੁਆਰਾ ਓਪਨਕਾਸਟ ਮੈਨੂਅਲ ਵਿਧੀ ਦੁਆਰਾ ਕੀਤੀ ਜਾਵੇਗੀ। ਇਸ ਨਾਲ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ। ਮਾਈਨਿੰਗ ਸਾਈਟ ਖੇਤਰ ਦੀ ਹੱਦਬੰਦੀ ਕੀਤੀ ਗਈ ਹੈ ਅਤੇ ਸੀਮਾ ਦੇ ਥੰਮ੍ਹ ਬਣਾਏ ਗਏ ਹਨ। ਸਕਾਰਾਤਮਕ ਪ੍ਰਭਾਵਾਂ ਦੇ ਰੂਪ ਵਿੱਚ, ਸਾਈਟ ਤੋਂ ਮਾਈਨਿੰਗ ਸਥਾਨਕ ਰੁਜ਼ਗਾਰ ਦਾ ਸਰੋਤ ਹੈ ਅਤੇ ਇਹ ਸਥਾਨਕ ਅਤੇ ਖੇਤਰੀ ਅਰਥਵਿਵਸਥਾਵਾਂ ਵਿੱਚ ਵੀ ਯੋਗਦਾਨ ਪਾਵੇਗੀ। ਇਥੋਂ ਨਿਕਲਣ ਵਾਲੀ ਰੇਤ ਸਮੱਗਰੀ ਦੀ ਵਰਤੋਂ ਸੜਕਾਂ, ਹਸਪਤਾਲਾਂ, ਇਮਾਰਤਾਂ, ਮਕਾਨਾਂ ਆਦਿ ਅਤੇ ਹੋਰ ਬਹੁਤ ਸਾਰੀਆਂ ਵਸਤਾਂ ਅਤੇ ਸੇਵਾਵਾਂ ਦੇ ਨਿਰਮਾਣ ਲਈ ਕੀਤੀ ਜਾਵੇਗੀ ਜਿਸ ਤੋਂ ਪੰਜਾਬ ਰਾਜ ਦੇ ਲੋਕਾਂ ਨੂੰ ਲਾਭ ਮਿਲੇਗਾ।