ਫਿਰੋਜ਼ਪੁਰ 21 ਅਪ੍ਰੈਲ (ਰੋਹਿਤ ਗੋਇਲ) : ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐਸ. ਨੇ ਸੋਸ਼ਲ ਮੀਡੀਆ, ਵੈੱਬ ਚੈਨਲਾਂ ਨੂੰ ਬੇਬੁਨਿਆਦ ਅਫ਼ਵਾਹਾਂ ਨੂੰ ਖ਼ਬਰਾਂ ਦੇ ਰੂਪ ਵਿੱਚ ਫੈਲਾਉਣ ਤੋਂ ਵਰਜਦਿਆਂ ਚਿਤਾਵਨੀ ਦਿੱਤੀ ਹੈ ਕਿ ਅਜਿਹਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ ਅਤੇ ਉਨ੍ਹਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਡਿਪਟੀ ਕਮਿਸ਼ਨਰ ਧੀਮਾਨ ਨੇ ਕਿਹਾ ਕਿ ਇਹ ਧਿਆਨ ਵਿੱਚ ਆਇਆ ਹੈ ਕਿ ਕੁਝ ਸੋਸ਼ਲ ਮੀਡੀਆ, ਵੈੱਬ ਚੈਨਲ ਬੇਬੁਨਿਆਦ ਅਫ਼ਵਾਹਾਂ ਨੂੰ ਖ਼ਬਰਾਂ ਦੇ ਰੂਪ ਵਿੱਚ ਫੈਲਾ ਰਹੇ ਹਨ ਅਤੇ ਲਗਾਤਾਰ ਫ਼ਰਜ਼ੀ ਖ਼ਬਰਾਂ ਦਾ ਸਮਰਥਨ ਵੀ ਕਰ ਰਹੇ ਹਨ। ਇਹ ਝੂਠੀਆਂ ਖ਼ਬਰਾਂ ਜ਼ਿਆਦਾਤਰ ਸਪਸ਼ਟ ਤੱਥਾਂ ਅਤੇ ਮੁੱਦੇ ਦੀ ਅਸਲ ਤਸਵੀਰ ਨੂੰ ਸਾਹਮਣੇ ਨਹੀਂ ਰੱਖਦੀਆਂ, ਜਿਸ ਨਾਲ ਚੰਗੇ ਵਿਕਾਸ ਕਾਰਜਾਂ ਨੂੰ ਨਕਾਰਾਤਮਕ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਅਜਿਹੀਆਂ ਜਾਅਲੀ ਖ਼ਬਰਾਂ ਨੂੰ ਸਮੇਂ ਸਿਰ ਨੱਥ ਪਾਉਣ ਲਈ ਸਖ਼ਤ ਅਤੇ ਤੁਰੰਤ ਕਾਰਵਾਈ ਯਕੀਨੀ ਬਣਾਈ ਜਾਵੇਗੀ। ਅਜਿਹੀਆਂ ਫ਼ਰਜ਼ੀ ਖ਼ਬਰਾਂ ਵਿਰੁੱਧ ਨਿਯਮਤ ਤੌਰ ‘ਤੇ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਅਜਿਹੀਆਂ ਸੂਚਨਾਵਾਂ, ਨਿੱਜੀ ਹਿੱਤਾਂ ਵਾਲੀਆਂ ਸੰਸਥਾਵਾਂ ਨੂੰ ਰਾਜ ਸਰਕਾਰ ਦੇ ਚੱਲ ਰਹੇ ਵਿਕਾਸ ਦੇ ਏਜੰਡੇ ਵਿੱਚ ਵਿਘਨ ਪਾਉਣ ਤੋਂ ਰੋਕਿਆ ਜਾ ਸਕੇ।