ਬਟਾਲਾ, 23 ਅਪ੍ਰੈਲ (ਬੋਬੀ ਸਹਿਜਲ) : ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਹਲਕਾ ਵਿਧਾਇਕ ਨੇ ਬਟਾਲਾ ਸ਼ਹਿਰ ਅੰਦਰ ਕੀਤੇ ਜਾ ਰਹੇ ਰਿਕਾਰਡ ਵਿਕਾਸ ਕੰਮਾਂ ਨੂੰ ਅੱਗੇ ਵਧਾਉਂਦਿਆਂ ਪਿਛਲੇ ਕਈ ਸਾਲਾਂ ਤੋਂ ਵਿਸਾਰੀ ਗਈ ਸਮਾਧ ਰੋਡ ਵਿਖੇ ਸਰਕਾਰੀ ਲਾਇਬ੍ਰੇਰੀ ਦੀ ਖਸਤਾ ਹੋ ਚੁੱਕੀ ਇਮਾਰਤ ਨੂੰ ਨਵਿਆਉਣ ਦਾ ਨੀਂਹ ਪੱਥਰ ਰੱਖਿਆ।ਇਸ ਮੌਕੇ ਡਾ. ਸ਼ਾਇਰੀ ਭੰਡਾਰੀ ਐਸ.ਡੀ.ਐਮ-ਕਮ-ਕਮਿਸ਼ਨਰ ਕਾਰਪੋਰੇਸ਼ਨ ਬਟਾਲਾ, ਰਾਜੇਸ਼ ਤੁਲੀ ਸਿਟੀ ਪ੍ਰਧਾਨ ਆਪ ਪਾਰਟੀ, ਇੰਜੀ. ਰੋਹਿਤ ਉੱਪਲ ਐਮ.ਸੀ ਸਰਦੂਲ ਸਿੰਘ, ਬਲਵਿੰਦਰ ਸਿੰਘ ਮਿੰਟਾ, ਆਪ ਪਾਰਟੀ ਦੇ ਸੀਨੀਅਰ ਆਗੂ ਰਾਕੇਸ ਤੁਲੀ, ਵਿਜੇ ਤਰੇਹਨ, ਮਨਜੀਤ ਸਿੰਘ ਭੁੱਲਰ, ਗੁਰਪ੍ਰੀਤ ਸਿੰਘ ਰਾਜੂ, ਦਿਨੇਸ਼ ਖੋਸਲਾ, ਗਗਨ ਬਟਾਲਾ, ਮਾਣਿਕ ਮਹਿਤਾ ਤੇ ਨਿੱਕੂ ਹੰਸਪਾਲ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ।ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਸਮਾਧ ਰੋਡ ਵਿਖੇ ਸਰਕਾਰੀ ਲਾਇਬ੍ਰੇਰੀ ਦੀ ਖਸਤਾ ਹੋਈ ਇਮਾਰਤ ਦਾ ਨਵੀਨੀਕਰਨ ਦਾ ਅੱਜ ਕੰਮ ਸ਼ੁਰੂ ਕੀਤਾ ਗਿਆ ਹੈ, ਜਿਸ ਉੱਪਰ ਕਰੀਬ 25 ਲੱਖ ਰੁਪਏ ਖਰਚ ਕੀਤੇ ਜਾਣਗੇ। ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੱਖਿਆ ਦਾ ਮਿਆਰ ਹੋਰ ਉੱਚਾ ਚੁੱਕਣ ਤੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ।ਉਨਾਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਕਿਤਾਬਾਂ ਪੜ੍ਹਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਜਿਥੇ ਕਿਤਾਬਾਂ ਸਾਡੇ ਗਿਆਨ ਵਿੱਚ ਵਾਧਾ ਕਰਦੀਆਂ ਹਨ, ਓਥੇ ਕਿਤਾਬਾਂ ਸਾਡੀਆਂ ਸੱਚੀਆਂ ਦੋਸਤ ਹੁੰਦੀਆਂ ਹਨ।ਉਨਾਂ ਕਿਹਾ ਕਿ ਸਥਾਨਕ ਲਾਇਬਰੇਰੀ ਦੀ ਇਮਾਰਤ ਦਾ ਨਵੀਨੀਕਰਨ ਕਰਕੇ ਮੁੜ ਇਸ ਦਾ ਪੁਰਾਣਾ ਰੁਤਬਾ ਬਹਾਲ ਕੀਤਾ ਜਾਵੇਗਾ ਤਾਂ ਜੋ ਵਿਦਿਆਰਥੀਆਂ ਦੇ ਨਾਲ-ਨਾਲ ਸ਼ਹਿਰਵਾਸੀ ਇਸ ਲਾਇਬ੍ਰੇਰੀ ਵਿੱਚ ਕੇ ਪੜ੍ਹਕੇ ਆਪਣੇ ਗਿਆਨ ਵਿੱਚ ਵਾਧਾ ਕਰ ਸਕਣ।ਰਵਾਇਤੀ ਪਾਰਟੀ ਵਲੋਂ ਬਟਾਲਾ ਸ਼ਹਿਰ ਨੂੰ ਅਣਗੋਲਿਆਂ ਕਰਨ ਦੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਇਹ ਸਿਰਫ ਵਿਕਾਸ ਕੰਮ ਕਰਨ ਵਿੱਚ ਯਕੀਨ ਰੱਖਦੇ ਹਨ ਤੇ ਜਦੋਂ ਦਾ ਲੋਕਾਂ ਨੇ ਉਨਾਂ ਨੂੰ ਇਤਿਹਾਸਕ ਤੇ ਧਾਰਮਿਕ ਸਹਿਰ ਬਟਾਲਾ ਦੀ ਸੇਵਾ ਕਰਨ ਦਾ ਮੋਕਾ ਦਿੱਤਾ ਹੈ, ਉਨਾਂ ਦੀ ਹਮੇਸ਼ਾ ਪਹਿਲ ਰਹੀ ਹੈ ਕਿ ਬਟਾਲਾ ਸ਼ਹਿਰ ਨੂੰ ਵਿਕਾਸ ਤੇ ਸੁੰਦਰੀਕਰਨ ਪੱਖੋ ਸੂਬੇ ਦਾ ਨਮੂਨੇ ਦਾ ਸ਼ਹਿਰ ਬਣਾਇਆ ਜਾਵੇ। ਉਨਾਂ ਲੋਕਾਂ ਵਲੋਂ ਦਿੱਤੇ ਭਰਵੇਂ ਪਿਆਰ ਲਈ ਧੰਨਵਾਦ ਕਰਦਿਆਂ ਕਿਹਾ ਕਿ ਬਟਾਲਾ ਸ਼ਹਿਰ ਦੇ ਵਿਕਾਸ ਕੰਮਾਂ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦੇਣਗੇ ਅਤੇ ਕੀਤੇ ਵਿਕਾਸ ਕੰਮ ਨਜ਼ਰ ਆਉਣਗੇ।