ਫ਼ਤਹਿਗੜ੍ਹ ਸਾਹਿਬ, 24 ਅਪ੍ਰੈਲ ( ਬੌਬੀ ਸਹਿਜਲ, ਧਰਮਿੰਦਰ)-ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ 01 ਲੱਖ 92 ਹਜ਼ਾਰ 713 ਮੀਟਰਕ ਟਨ ਕਣਕ ਦੀ ਆਮਦ ਹੋਈ ਹੈ ਜਿਸ ਵਿੱਚੋਂ ਵੱਖ-ਵੱਖ ਸਰਕਾਰੀ ਖਰੀਦ ਏਜੰਸੀਆਂ ਤੇ ਵਪਾਰੀਆਂ ਵੱਲੋਂ 01 ਲੱਖ 91 ਹਜ਼ਾਰ 106 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਮੰਡੀਆਂ ਵਿੱਚੋਂ 82 ਹਜ਼ਾਰ 507 ਮੀਟਰਕ ਟਨ ਫਸਲ ਦੀ ਲਿਫਟਿੰਗ ਕਰਵਾਈ ਗਈ ਹੈ ਅਤੇ ਖਰੀਦੀ ਗਈ ਕਣਕ ਦੀ ਅਦਾਇਗੀ ਵਜੋਂ ਕਿਸਾਨਾਂ ਦੇ ਖਾਤਿਆਂ ਵਿੱਚ 309.04 ਕਰੋੜ ਰੁਪਏ ਜਮ੍ਹਾਂ ਕਰਵਾਏ ਗਏ ਹਨ।ਸ਼੍ਰੀਮਤੀ ਸ਼ੇਰਗਿੱਲ ਨੇ ਦੱਸਿਆ ਕਿ ਮੰਡੀਆਂ ਵਿੱਚ ਖਰੀਦੀ ਗਈ ਕਣਕ ਵਿੱਚੋਂ ਪਨਗ੍ਰੇਨ ਵੱਲੋਂ 38678 ਮੀਟਰਕ ਟਨ, ਮਾਰਕਫੈੱਡ ਨੇ 39390, ਪਨਸਪ ਵੱਲੋਂ 42487 ਮੀਟਰਕ ਟਨ, ਵੇਅਰ ਹਾਊਸ ਵੱਲੋਂ 39950 ਮੀਟਰਕ ਟਨ, ਐਫ.ਸੀ.ਆਈ. ਵੱਲੋਂ 16598 ਮੀਟਰਕ ਟਨ ਅਤੇ ਵਪਾਰੀਆਂ ਵੱਲੋਂ 14003 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀਆਂ ਵਿੱਚ ਫਸਲ ਲਿਆਉਣ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਸੁਕਾ ਲਿਆ ਜਾਵੇ ਤਾਂ ਜੋ ਮੰਡੀਆਂ ਵਿੱਚ ਆਉਂਦੇ ਹੀ ਫਸਲ ਦੀ ਬੋਲੀ ਲਗਾ ਕੇ ਉਸ ਦੀ ਖਰੀਦ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਜਿਆਦਾ ਸਮਾਂ ਮੰਡੀ ਵਿੱਚ ਨਹੀਂ ਬੈਠਣਾ ਪਵੇਗਾ ਅਤੇ ਮੰਡੀਆਂ ਵਿੱਚ ਫਸਲ ਦੇ ਢੇਰ ਵੀ ਨਹੀਂ ਲੱਗਣਗੇ।