ਬੇਕਾਬੂ ਕਾਰ ਦਰੱਖਤ ਨਾਲ ਟਕਰਾਈ, ਕਾਰ ਦੇ ਉੱਡੇ ਪਰਖੱਚੇ
ਜਗਰਾਉਂ, 3 ਮਈ ( ਰਾਜੇਸ਼ ਜੈਨ, ਭਗਵਾਨ ਭੰਗੂ, ਮੋਹਿਤ ਜੈਨ)– ਮੰਗਲਵਾਰ ਦੇਰ ਰਾਤ ਕਰੀਬ 11 ਵਜੇ ਸਥਾਨਕ ਰਾਏਕੋਟ ਰੋਡ ‘ਤੇ ਸਾਇੰਸ ਕਾਲਜ ਤੋਂ ਥੋੜਾ ਅੱਗੇ ਜਾ ਕੇ ਇਕ ਸਵਿਫਟ ਗੱਡੀ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ, ਜਿਸ ‘ਚ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਸਿਟੀ ਦੀ ਪੁਲੀਸ ਪਾਰਟੀ ਵੱਲੋਂ ਦੋਵਾਂ ਨੌਜਵਾਨਾਂ ਨੂੰ ਸਿਵਲ ਹਸਪਤਾਲ ਜਗਰਾਉਂ ਲਿਆਂਦਾ ਗਿਆ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।ਤਫ਼ਤੀਸ਼ੀ ਅਫ਼ਸਰ ਏਐਸਆਈ ਤਰਸੇਮ ਸਿੰਘ ਨੇ ਦੱਸਿਆ ਕਿ ਗੁਰਜੀਤ ਸਿੰਘ ਪੁੱਤਰ ਦਲਜੀਤ ਸਿੰਘ ਉਮਰ 20 ਸਾਲ ਆਪਣੇ ਦੋਸਤ ਜਗਰਾਜ ਸਿੰਘ ਪੁੱਤਰ ਜਸਵੰਤ ਸਿੰਘ 19 ਸਾਲਾ ਵਾਸੀ ਨੌਸ਼ਹਿਰਾ, ਪੰਨੂਆਂ ਥਾਣਾ ਸਹਰਾਲੀ ਜ਼ਿਲ੍ਹਾ ਤਰਨਤਾਰਨ ਨਾਲ ਸਵਿਫ਼ਟ ਗੱਡੀ ਵਿੱਚ ਤਰਨਤਾਰਨ ਤੋਂ ਰਾਏਕੋਟ ਨੂੰ ਜਾ ਰਿਹਾ ਸੀ। ਦੇਰ ਰਾਤ ਕਰੀਬ 11 ਵਜੇ ਉਸ ਦੀ ਗੱਡੀ ਬੇਕਾਬੂ ਹੋ ਕੇ ਸੜਕ ਦੇ ਕਿਨਾਰੇ ਲੱਗੇ ਦਰੱਖਤ ਨਾਲ ਜਾ ਟਕਰਾਈ। ਜਿਸ ਕਾਰਨ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਦੋਵਾਂ ਨੌਜਵਾਨਾਂ ਦੀ ਮੌਤ ਹੋ ਗਈ। ਇਸ ਸਬੰਧੀ ਦੋਵਾਂ ਮ੍ਰਿਤਕਾਂ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।
ਬੁੱਧਵਾਰ ਨੂੰ ਨੌਕਰੀ ਜੁਆਇਨ ਕਰਨੀ ਸੀ- ਗੁਰਜੀਤ ਸਿੰਘ ਨੇ ਰਾਏਕੋਟ ਦੀ ਭਾਰਤ ਫਾਈਨਾਂਸ ਕੰਪਨੀ ਵਿੱਚ ਬੁੱਧਵਾਰ ਨੂੰ ਨੌਕਰੀ ਜੁਆਇਨ ਕਰਨੀ ਸੀ। ਜਿਸ ਲਈ ਉਹ ਆਪਣੇ ਦੋਸਤ ਜਗਰਾਜ ਸਿੰਘ ਦੇ ਨਾਲ ਮੰਗਲਵਾਰ ਨੂੰ ਹੀ ਸਵਿਫਟ ਡਿਜ਼ਾਇਰ ਗੱਡੀ ਵਿੱਚ ਨੌਸ਼ਹਿਰਾ ਪੰਨੂਆਂ ਤੋਂ ਰਵਾਨਾ ਹਏ ਤਾਂ ਜੋ ਉਹ ਸਵੇਰੇ ਆਪਣੀ ਨੌਕਰੀ ਜੁਆਇਨ ਕਰ ਸਕੇ।
ਚਾਰ ਭੈਣਾਂ ਦਾ ਇਕਲੌਤਾ ਭਰਾ- ਇਸ ਦਰਦਨਾਕ ਹਾਦਸੇ ਵਿੱਚ ਮਰਨ ਵਾਲਾ ਜਗਰਾਜ ਸਿੰਘ ਉਮਰ 19 ਸਾਲ ਦਾ ਸੀ ਜੋ ਦਸਵੀਂ ਜਮਾਤ ਵਿੱਚ ਪੜ੍ਹਦਾ ਹੈ।ਉਸ ਦੀ ਮਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਹ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਜਦੋਂ ਕਿ ਗੁਰਜੀਤ ਸਿੰਘ ਦੀ ਉਮਰ ਸਿਰਫ 20 ਸਾਲ ਸੀ ਅਤੇ ਵਿਆਹਿਆ ਹੋਇਆ ਸੀ।ਉਸ ਦੇ ਦੋ ਬੱਚੇ ਵੀ ਹਨ। ਦੋਵਾਂ ਦੀ ਮੌਤ ਕਾਰਨ ਨੌਸ਼ਹਿਰਾ ਪੰਨੂੰਆਂ ਵਿੱਚ ਸੋਗ ਦੀ ਲਹਿਰ ਹੈ।