ਬਟਾਲਾ, 5 ਮਈ (ਰੋਹਿਤ ਗੋਇਲ) : ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਹਲਕਾ ਵਿਧਾਇਕ ਬਟਾਲਾ ਨੇ ਮਹਾਨ ਸਿੱਖ ਯੋਧੇ ਅਤੇ ਰਾਮਗੜ੍ਹੀਆ ਮਿਸਲ ਦੇ ਬਾਨੀ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 300 ਸਾਲਾ ਜਨਮ ਸ਼ਤਾਬਦੀ ਦੀ ਸਾਰਿਆਂ ਨੂੰ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਬੇਮਿਸਾਲ ਬਹਦਾਰੀ ਅਤੇ ਅਗਵਾਈ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ।ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜੀਵਨ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ, ਜਿਨਾਂ ਨੇ ਹਮੇਸ਼ਾ ਵਿਰੋਧੀਆਂ ਦਾ ਸਾਹਮਣਾ ਕਰਦਿਆਂ ਆਪਣੀ ਤਾਕਤ ਤੇ ਹੁਨਰ ਦਾ ਲੋਹਾ ਮਨਵਾਇਆ।ਉਨਾਂ ਕਿਹਾ ਕਿ ਪੰਜਾਬ ਸਰਕਾਰ ਸੂਰਬੀਰ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਕੋਟਿਨ-ਕੋਟਿਨ ਸਿਜਦਾ ਕਰਦੀ ਹੈ ਅਤੇ ਨੋਜਵਾਨ ਪੀੜ੍ਹੀ ਨੂੰ ਆਪਣੇ ਸ਼ਾਨਮੱਤਾ ਇਤਿਹਾਸ ਪ੍ਰਤੀ ਜਾਗਰੂਕ ਕਰਨ ਲਈ ਦ੍ਰਿੜ ਸੰਕਲਪ ਹੈ।ਉਨਾਂ ਅੱਗੇ ਕਿਹਾ ਕਿ ਅਠਾਰਵੀਂ ਸਦੀ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਨੇ ਸਿੱਖ ਰਾਜ ਦਾ ਝੰਡਾ ਬੁਲੰਦ ਕੀਤਾ ਤੇ ਉਹ ਗੁਰੀਲਾ ਯੁੱਧ ਦੇ ਮਾਹਰ ਵਜੋਂ ਜਾਣੇ ਜਾਂਦੇ ਸਨ ਅਤੇ ਦਿੱਲੀ ਦਾ ਲਾਲ ਕਿਲ੍ਹਾ ਫ਼ਤਿਹ ਕਰਕੇ ਉਨਾਂ ਨੇ ਆਪਣੀ ਸੂਰਬੀਰਤਾ ਦਾ ਲੋਹਾ ਮਨਵਾਇਆ ਸੀ। ਮਹਾਨ ਯੋਧੇ ਜੱਸਾ ਸਿੰਘ ਰਾਮਗੜ੍ਹੀਆ ਨੇ ਸਿੱਖ ਇਤਿਹਾਸ ਵਿੱਚ ਬੇਮਿਸਾਲ ਜਿੱਤਾਂ ਦਰਜ ਕੀਤੀਆਂ ਤੇ ਸਿੱਖ ਕੌਮ ਦੇ ਹਿੱਤ ਲਈ ਵੱਡੇ ਕਾਰਜ ਕੀਤੇ ਹਨ, ਜਿਨਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ।