(ਡੇਲੀ ਜਗਰਾਉਂ ਨਿਊਜ਼ ਬਿਊਰੋ):- ਜਨਵਰੀ ਵਿਚ ਫਿਰੋਜ਼ਪੁਰ ਦੌਰੇ ਦੌਰਾਨ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕੁਤਾਹੀ ਦੇ ਕਾਰਨ ਅਲੋਚਨਾ ਦਾ ਸਾਹਮਣਾ ਕਰਨ ਤੋਂ ਬਾਅਦ ਹੁਣ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਦੀ ਬਿਹਤਰੀਨ ਸੁਰੱਖਿਆ ਨੂੰ ਲੈ ਕੇ 14 ਪੁਲਿਸ ਅਧਿਕਾਰੀਆਂ ਨੂੰ ‘ਡੀਜੀਪੀ ਕਮੇਂਡੇਸ਼ਨ ਡਿਸਕ’ ਨਾਲ ਸਨਮਾਨਿਤ ਕੀਤਾ ਗਿਆ ਹੈ। ਹਾਲ ਹੀ ਵਿਚ ਮੁੱਕੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਲੰਧਰ ਰੈਲੀ ਦੇ ਦੌਰਾਨ ਬਿਨਾਂ ਕਿਸੇ ਕੁਤਾਹੀ ਦੇ ਸੁਰੱਖਿਆ ਪ੍ਰਬੰਧ ਕਰਨ ਲਈ ਇਹ ਸਨਮਾਨ ਮਿਲਿਆ ਹੈ। ਜਿਨ੍ਹਾਂ ਅਧਿਕਾਰੀਆਂ ਨੂੰ ਇਹ ਪੁਰਸਕਾਰ ਮਿਲਿਆ ਹੈ, ਉਨ੍ਹਾਂ ’ਚ ਹੁਸ਼ਿਆਰਪੁਰ ਦੇ ਐੱਸਐੱਸਪੀ ਧ੍ਰਮੁਨ ਨਿੰਬਾਲੇ, ਕਪੂਰਥਲਾ ਦੇ ਐੱਸਐੱਸਪੀ ਦਿਆਮਾ ਹਰੀਸ਼ ਓਮਪ੍ਰਕਾਸ਼, ਸੱਤਵੀਂ ਬਟਾਲੀਅਨ ਦੇ ਕਮਾਂਡੈਂਟ ਉਪਿੰਦਰਜੀਤ ਸਿੰਘ ਘੁੰਮਣ, ਐੱਸਐੱਸਪੀ ਜਲੰਧਰ ਰੂਰਲ ਸਤਿੰਦਰ ਸਿੰਘ, ਏਆਈਜੀ ਗੁਰਮੀਤ ਸਿੰਘ ਅਤੇ ਕਮਾਂਡੈਂਟ 80ਵੀਂ ਬਟਾਲੀਅਨ ਜਗਮੋਹਨ ਸਿੰਘ ਦਾ ਨਾਂ ਸ਼ਾਮਿਲ ਹੈ। ਇਨ੍ਹਾਂ ਤੋਂ ਇਲਾਵਾ ਏਆਈਜੀ ਹਰਕਮਲਪ੍ਰੀਤ ਸਿੰਘ ਖੱਖ, ਡੀਸੀਪੀ ਜਲੰਧਰ ਜੇਐੱਸ ਤੇਜਾ, ਏਆਈਜੀ ਰਾਜੇਸ਼ਵਰ ਸਿੰਘ ਸਿੱਧੂ, ਮਨਜੀਤ ਸਿੰਘ ਢੇਸੀ, ਏਡੀਸੀਪੀ ਜਲੰਧਰ ਸੁਹੈਲ ਕਾਸਿਮ ਮੀਰ, ਡੀਐੱਸਪੀ ਰਾਕੇਸ਼ ਯਾਦਵ ਅਤੇ ਇੰਸਪੈਕਟਰ ਵਿਵੇਕ ਚੰਦਰ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ।