ਨਵੀਂ ਦਿੱਲੀ,( ਡੇਲੀ ਜਗਰਾਉਂ ਨਿਊਜ਼ ਬਿਊਰੋ):- ਕਿਰਤ ਕਾਨੂੰਨਾਂ ਵਿੱਚ ਬਦਲਾਅ ਅਤੇ ਕੇਂਦਰ ਦੇ ਨਿੱਜੀਕਰਨ ਦੇ ਫੈਸਲੇ ਦੇ ਵਿਰੋਧ ਵਿੱਚ ਅੱਜ ਤੋਂ ਟਰੇਡ ਯੂਨੀਅਨਾਂ ਦੀ ਦੋ ਰੋਜ਼ਾ ਦੇਸ਼ ਵਿਆਪੀ ਹੜਤਾਲ (ਭਾਰਤ ਬੰਦ) ਸ਼ੁਰੂ ਹੋ ਗਈ ਹੈ। ਇਸ ਦੌਰਾਨ ਬੈਂਕਾਂ ਅਤੇ ਕਈ ਉਦਯੋਗਿਕ ਖੇਤਰਾਂ ‘ਚ ਇਸ ਦਾ ਅਸਰ ਦੇਖਣ ਨੂੰ ਮਿਲਿਆ। ਪੱਛਮੀ ਬੰਗਾਲ ਅਤੇ ਕੇਰਲ ਵਿੱਚ ਸਭ ਤੋਂ ਵੱਧ ਅਸਰ ਦੇਖਣ ਨੂੰ ਮਿਲ ਰਿਹਾ ਹੈ। ਬੰਗਾਲ ਦੀਆਂ ਵੱਖ-ਵੱਖ ਟਰੇਡ ਯੂਨੀਅਨਾਂ ਵੱਲੋਂ ਕੀਤੀ ਗਈ ਇਸ ਹੜਤਾਲ ਦੇ ਮੱਦੇਨਜ਼ਰ ਖੱਬੇ ਪੱਖੀ ਮੈਂਬਰਾਂ ਨੇ ਕੋਲਕਾਤਾ ਦੇ ਜਾਦਵਪੁਰ ਰੇਲਵੇ ਸਟੇਸ਼ਨ ‘ਤੇ ਵੱਡੀ ਗਿਣਤੀ ‘ਚ ਇਕੱਠੇ ਹੋ ਕੇ ਰੇਲਵੇ ਟਰੈਕ ਜਾਮ ਕਰ ਦਿੱਤਾ।
ਯੂਨੀਅਨਾਂ ਦੇ ਵਰਕਰਾਂ ਨੇ ਸੂਬੇ ਵਿੱਚ ਬੰਦ ਨੂੰ ਸਫ਼ਲ ਬਣਾਉਣ ਲਈ ਦੁਕਾਨਾਂ ਵੀ ਬੰਦ ਰੱਖੀਆਂ ਅਤੇ ਸੂਬੇ ਦੀਆਂ ਸੜਕਾਂ ਵੀ ਸੁੰਨਸਾਨ ਦਿਖਾਈ ਦੇ ਰਹੀਆਂ ਹਨ। ਇਸ ਦੇ ਨਾਲ ਹੀ ਇੱਕ ਵਿਅਕਤੀ ਨੇ ਦੱਸਿਆ ਕਿ ਹੜਤਾਲ ਕਾਰਨ ਉਨ੍ਹਾਂ ਨੂੰ ਆਪਣੇ ਦਫ਼ਤਰ ਜਾਣ ਵਿੱਚ ਦਿੱਕਤ ਆ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਆਵਾਜਾਈ ਦਾ ਕੋਈ ਸਾਧਨ ਨਹੀਂ ਮਿਲ ਰਿਹਾ।
