ਮੋਗਾ 11 ਮਈ ( ਮੋਹਿਤ ਜੈਨ)-ਪੰਜਾਬ ਸਰਕਾਰ ਦੀਆਂ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਸਿਹਤ ਵਿਭਾਗ ਅਤੇ ਸਿਵਲ ਸਰਜਨ ਮੋਗਾ ਡਾ. ਰਾਜੇਸ਼ ਅੱਤਰੀ ਦੀ ਅਗਵਾਈ ਵਿੱਚ ਜ਼ਿਲ੍ਹਾ ਚਮੜੀ ਵਿਭਾਗ ਵੱਲੋਂ ਜਲਾਲਾਬਾਦ ਸੈਕਟਰ ਵਿੱਚ ਕੁਸ਼ਟ ਰੋਗ ਲਈ ਜਾਗਰੁਕਤਾ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਨਾਨ ਮੈਡੀਕਲ ਸੁਪਰਵਾਈਜ਼ਰ ਗੁਰਪ੍ਰੀਤ ਕੌਰ, ਸਟਾਫ਼ ਨਰਸ ਰਾਜਵੰਤ ਕੌਰ, ਅਤੇ ਮਾਸ ਮੀਡੀਆ ਵਿੰਗ ਮੋਗਾ ਤੋਂ ਅੰਮ੍ਰਿਤ ਪਾਲ ਸ਼ਰਮਾ ਅਤੇ ਹਰਪ੍ਰੀਤ ਕੌਰ ਨੇ ਇਲਾਕੇ ਦੇ ਭੱਠਿਆਂ ਤੇ ਪਹੁੰਚ ਕੇ ਭੱਠਾ ਮਜ਼ਦੂਰਾਂ ਅਤੇ ਹੋਰਨਾਂ ਨੂੰ ਕੁਸ਼ਟ ਰੋਗ ਲਈ ਜਾਗਰੂਕਤਾ ਪੈਦਾ ਕੀਤੀ ।ਟੀਮ ਵੱਲੋਂ ਲੋਕਾਂ ਨੂੰ ਦੱਸਿਆ ਕਿ ਸਰੀਰ ਤੇ ਜੇਕਰ ਤਾਂਬੇ ਰੰਗ ਦਾ ਨਿਸ਼ਾਨ ਬਣ ਜਾਵੇ ਅਤੇ ਉਸ ਨਿਸ਼ਾਨ ਤੇ ਸੂਈ ਦਾ ਦਰਦ ਨਾ ਹੋਵੇ ਜਾਂ ਓਨੀ ਚਮੜੀ ਬੇਜਾਨ ਹੋ ਜਾਵੇ ਤਾਂ ਕੁਸ਼ਟ ਰੋਗ ਹੋ ਸਕਦਾ ਹੈ।ਸਰਕਾਰੀ ਹਸਪਤਾਲ ਵਿੱਚ ਇਸਦਾ ਇਲਾਜ ਬਿਲਕੁਲ ਮੁਫ਼ਤ ਹੈ, ਸੋ ਅਜਿਹੀ ਹਾਲਤ ਵਿਚ ਸਰਕਾਰੀ ਹਸਪਤਾਲ ਵਿੱਚ ਚੈਕਅੱਪ ਕਰਾਉਣਾ ਬਹੁਤ ਜਰੂਰੀ ਹੈ।