ਮਾਪਿਆਂ ਦਾ ਇਕਲੌਤਾ ਪੁੱਤ ਸੀ ਜਸਵੀਰ ਸਿੰਘ,ਪਿੰਡ ਵਾਸੀਆਂ ਅਤੇ ਇਲਾਕੇ ‘ਚ ਸੋਗ ਦੀ ਲਹਿਰ,ਅੰਤਿਮ ਸੰਸਕਾਰ ਮ੍ਰਿਤਕ ਦੇਹ ਦੇ ਪਿੰਡ ਪੁੱਜਣ ‘ਤੇ ਕੀਤਾ ਜਾਵੇਗਾ
ਮਹਿਲ ਕਲਾਂ 11ਮਈ (ਜਗਸੀਰ ਸਿੰਘ ਧਾਲੀਵਾਲ ਸਹਿਜੜਾ):- ਪੰਜਾਬ ਦੇ ਬਰਨਾਲਾ ਦਾ ਇੱਕ ਜਵਾਨ ਸਰਹੱਦ ਦੀ ਰਾਖੀ ਕਰਦਿਆਂ ਦੇਸ਼ ਲਈ ਸ਼ਹੀਦ ਹੋ ਗਿਆ ਹੈ,ਸਿਪਾਹੀ ਜਸਵੀਰ ਸਿੰਘ ਸਮਰਾ ਪਿੰਡ ਵਜੀਦਕੇ ਜੰਮੂ ਵਿੱਚ ਤਾਇਨਾਤ ਸੀ,ਉਹ ਡਿਊਟੀ ਦੌਰਾਨ ਅੱਤਵਾਦੀ ਹਮਲੇ ਵਿੱਚ ਮਾਰਿਆ ਗਿਆ ਹੈ,ਬਹਾਦਰ ਸਿਪਾਹੀ ਜਸਵੀਰ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਮਿਲਦਿਆਂ ਹੀ ਪਰਿਵਾਰਕ ਮੈਂਬਰਾਂ,ਪਿੰਡ ਵਾਸੀਆਂ ਅਤੇ ਇਲਾਕੇ ‘ਚ ਸੋਗ ਦੀ ਲਹਿਰ ਹੈ,ਜਸਵੀਰ ਸਿੰਘ ਦੀ ਸ਼ਹਾਦਤ ਦੀ ਸੂਚਨਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੇ ਦਿੱਤੀ ਗਈ ਹੈ,ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਫ਼ੌਜ ਨਾਲ ਸੰਪਰਕ ਵਿੱਚ ਹੈ,ਜਸਵੀਰ ਸਿੰਘ ਦੇ ਜੱਦੀ ਨਿਵਾਸ ‘ਤੇ ਵੀ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ।
ਸ਼ਹੀਦ ਜਸਵੀਰ ਦੇ ਪਿਤਾ ਨੇ ਦੱਸਿਆ ਕਿ ਜਸਵੀਰ ਦਾ ਅੰਤਿਮ ਸੰਸਕਾਰ ਮ੍ਰਿਤਕ ਦੇਹ ਦੇ ਪਿੰਡ ਪੁੱਜਣ ‘ਤੇ ਕੀਤਾ ਜਾਵੇਗਾ,ਜਸਵੀਰ ਸਿੰਘ (27) ਪੁੱਤਰ ਕੁਲਦੀਪ ਸਿੰਘ ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਵਜੀਦਕੇ ਕਲਾਂ ਦਾ ਰਹਿਣ ਵਾਲਾ ਸੀ,ਪਿਤਾ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਸਵੀਰ ਸਿੰਘ ਜੰਮੂ ‘ਚ ਰਜੌਰੀ ਮੈਦਿੜ ਵਿੱਚ ਆਪਣੀ ਡਿਊਟੀ ਨਿਭਾਅ ਰਿਹਾ ਸੀ,ਬੁੱਧਵਾਰ ਦੀ ਰਾਤ ਕਰੀਬ 1:30 ਵਜੇ ਉਨ੍ਹਾਂ ਨੂੰ ਜੰਮੂ ਤੋਂ ਉਸ ਦੇ ਸਾਥੀਆਂ ਦਾ ਫੋਨ ਆਇਆ ਕਿ ਜਸਵੀਰ ਸਿੰਘ ਰਜੌਰੀ ਮੈਦਿੜ ਜੰਮੂ ਵਿਖੇ ਪੋਸਟ ਤੇ ਡਿਊਟੀ ਕਰ ਰਿਹਾ ਸੀ ਤੇ ਡਿਊਟੀ ਦੌਰਾਨ ਦੁਸ਼ਮਨਾਂ ਵੱਲੋਂ ਕੀਤੇ ਹਮਲੇ ਦੌਰਾਨ ਉਹ ਸ਼ਹੀਦ ਹੋ ਗਿਆ।
ਕੁਲਦੀਪ ਸਿੰਘ ਨੇ ਦੱਸਿਆ ਕਿ ਜਸਵੀਰ ਸਿੰਘ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ,ਉਸ ਦਾ ਜਨਮ 10 ਅਕਤੂਬਰ 1995 ਨੂੰ ਹੋਇਆ,ਉਸ ਨੇ ਮੈਟ੍ਰਿਕ ਤੱਕ ਦੀ ਸਿੱਖਿਆ ਸ਼ਹੀਦ ਰਹਿਮਤ ਅਲੀ ਮੈਮੋਰੀਅਲ ਸਰਕਾਰੀ ਹਾਈ ਸਕੂਲ ਵਜੀਦਕੇ ਖੁਰਦ ਤੋਂ ਪ੍ਰਾਪਤ ਕੀਤੀ,ਇਸ ‘ਤੋਂ ਬਾਅਦ 12ਵੀਂ ਦੀ ਪੜਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਠੀਕਰੀਵਾਲ ਅਤੇ ਬੀਏ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ (Guru Gobind Singh College Sanghera) ਤੋਂ ਕੀਤੀ,ਇਸ ਉਪਰੰਤ ਉਹ 6 ਸਾਲ ਪਹਿਲਾਂ 2016 ਵਿੱਚ ਪਟਿਆਲਾ ਵਿਖੇ ਭਾਰਤੀ ਫ਼ੌਜ 10 ਜੈਕ ਰਾਇਫਲ ਵਿੱਚ ਭਰਤੀ ਹੋ ਗਿਆ।