ਸ੍ਰੀ ਮੁਕਤਸਰ ਸਾਹਿਬ 16 ਮਈ (ਰਾਜਨ ਜੈਨ – ਮੋਹਿਤ ਜੈਨ) : ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਦੇ ਮੰਤਵ ਨਾਲ ਸ੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਬਲਾਕ ਦੇ ਪਿੰਡਾਂ ਵਿੱਚ 18 ਮਈ ਤੋਂ 31 ਮਈ 2023 ਤੱਕ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਬਾਅਦ ਦੁਪਹਿਰ 1.00 ਵਜੇ ਤੋਂ 2.00 ਵਜੇ ਤੱਕ ਦੌਰੇ ਕਰਨ ਸਬੰਧੀ ਪ੍ਰੋਗਰਾਮ ਉਲੀਕਿਆ ਗਿਆ ਹੈ।ਉਹਨਾਂ ਦੱਸਿਆ ਕਿ ਇਸ ਸ਼ਡਿਊਲ ਅਨੁਸਾਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਖੁਦ ਮੌਕੇ ਤੇ ਪਹੁੰਚ ਕੇ ਪਿੰਡਾਂ ਦੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਉਪਰੰਤ ਜਲਦ ਤੋਂ ਜਲਦ ਹੱਲ ਕਰਵਾਉਣ ਦੇ ਪਾਬੰਦ ਹੋਣਗੇ।ਵਧੀਕ ਡਿਪਟੀ ਕਮਿਸ਼ਨਰ (ਜ਼) ਸ੍ਰੀ ਮੁਕਤਸਰ ਸਾਹਿਬ ਵਲੋਂ ਝੋਰੜ ਵਿਖੇ 18 ਮਈ ਨੂੰ ਪਿੰਡ ਸਾਉਂਕੇ, ਰਾਮਨਗਰ ਖਜਾਨ ਸਿੰਘ, ਈਨਾ ਖੇੜਾ ਅਤੇ 29 ਮਈ ਨੂੰ ਗੋਨਿਆਣਾ ਵਿਖੇ ਰੂਹੜਿਆਂਵਾਲੀ ਅਤੇ ਬੱਲਮਗੜ੍ਹ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ।ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ ਵਲੋਂ 19 ਮਈ ਨੂੰ ਪਿੰਡ ਸਮਾਘ ਵਿਖੇ ਖੋਖਰ ਅਤੇ ਹਰਾਜ ਪਿੰਡਾਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।ਐਸ.ਡੀ.ਐਮ.ਗਿੱਦੜਬਾਹਾ ਵਲੋਂ 22 ਮਈ ਨੂੰ ਪਿੰਡ ਖਿੜਕੀਆਂਵਾਲਾ ਵਿਖੇ ਪਹੁੰਚ ਕੇ ਆਸਾ-ਬੁੱਟਰ ਅਤੇ ਸੂਰੇਵਾਲਾ ਅਤੇ 31 ਮਈ ਨੂੰ ਭਾਰੂ ਵਿਖੇ ਹੁਸਨਰ, ਕੋਠੇ ਹਿੰਮਤਪੁਰਾ ਦੇ ਲੋਕਾਂ ਦੀ ਸਿ਼ਕਾਇਤਾਂ ਅਤੇ ਸਮੱਸਿਆਵਾਂ ਸੁਣੀਆਂ ਜਾਣਗੀਆਂ।ਐਸ.ਡੀ.ਐਮ. ਮਲੋਟ ਵਲੋਂ 24 ਮਈ ਨੂੰ ਪਿੰਡ ਦਬੜਾ ਵਿਖੇ ਭੰਗਚੜ੍ਹੀ, ਤਰਖਾਣਵਾਲਾ- ਫੂਲੇਵਾਲਾ ਅਤੇ 30 ਮਈ ਨੂੰ ਭੁਲੇਰੀਆ ਵਿਖੇ ਸ਼ੇਰਗੜ੍ਹ,ਗਿਆਨ ਸਿੰਘ ਅਤੇ ਖਾਨੇ ਕੀ ਢਾਬ
ਦੇ ਲੋਕਾਂ ਦੀਆਂ ਸਮੱਸਿਆਵਾ ਸੁਣੀਆਂ ਜਾਣਗੀਆਂ।ਉਹਨਾਂ ਦੱਸਿਆ ਕਿ ਇਸ ਸ਼ਡਿਊਲ ਅਨੁਸਾਰ ਉਹ ਖੁਦ 25 ਮਈ ਨੂੰ ਪਿੰਡ ਵਧਾਈ ਵਿਖੇ ਚੱਕ ਵਧਾਈ, ਚੱਕ ਕਟਾਰੀ ਸਦਰਵਾਲਾ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਨਣਗੇ।ਜਿ਼ਲ੍ਹਾ ਮਾਲ ਅਫਸਰ ਵਲੋਂ 26 ਮਈ ਨੂੰ ਸਮਾਗ ਵਿਖੇ ਛੱਤੇਆਣਾ,ਰਖਾਲਾ ਅਤੇ ਸ਼ੇਖ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਨਣ ਲਈ ਪਹੁੰਚਣਗੇ।ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਨੇ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹਨਾਂ ਮਿਤੀਆਂ ਅਨੁਸਾਰ ਸਬੰਧਿਤ ਪਿੰਡਾਂ ਦੇ ਵਸਨੀਕਾਂ ਨੂੰ ਜਾਣੂੰ ਕਰਵਾਉਣ ਲਈ ਅਨਾਉਸਮੈਂਟ ਕਰਵਾਈ ਜਾਵੇ ਤਾਂ ਜ਼ੋ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਮੌਕੇ ਤੇ ਕੀਤਾ ਜਾਵੇ।