ਲੁਧਿਆਣਾ (ਅਨਿੱਲ ਕੁਮਾਰ) ਲੁਧਿਆਣਾ ਦੇ ਢੰਡਾਰੀ ਇਲਾਕੇ ਚੋਂ ਗਊ ਮਾਸ ਦੇ 298 ਡੱਬੇ ਬਰਾਮਦ ਕੀਤੇ ਗਏ । ਗਊ ਰਕਸ਼ਾ ਦਲ ਦੀ ਮਦਦ ਨਾਲ ਲੁਧਿਆਣਾ ਪੁਲਿਸ ਨੇ ਇਹ ਕਾਰਵਾਈ ਉਸ ਵੇਲੇ ਕੀਤੀ ਜਦੋਂ ਟਰੱਕ ਡਰਾਈਵਰ ਆਪਣੇ ਸਾਥੀ ਨਾਲ ਗਊ ਮਾਸ ਜੰਮੂ ਕਸ਼ਮੀਰ ਵੱਲ ਨੂੰ ਲੈ ਕੇ ਜਾ ਰਿਹਾ ਸੀ। ਕਾਰਵਾਈ ਦੇ ਦੌਰਾਨ ਚਾਲਕ ਅਤੇ ਉਸਦਾ ਸਾਥੀ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਪੱਕਾ ਬਾਗ ਰੋਪੜ ਦੇ ਰਹਿਣ ਵਾਲੇ ਗਊ ਰਕਸ਼ਾ ਦਲ ਪੰਜਾਬ ਦੇ ਚੇਅਰਮੈਨ ਨਿਕਸਿਨ ਕੁਮਾਰ ਦੀ ਸ਼ਿਕਾਇਤ ਤੇ ਉੱਤਰ ਪ੍ਰਦੇਸ਼ ਦੇ ਵਾਸੀ ਕੰਟੇਨਰ ਚਾਲਕ, ਅਲਤਾਫ ਅਹਿਮਦ, ਗੁਲਸ਼ਨ ਆਬਾਦ, ਪਿੰਡ ਚੌਰਾ ਪਟਿਆਲਾ ਦੇ ਰਹਿਣ ਵਾਲੇ ਹਾਜ਼ਰ ਦਿਲਸ਼ਾਦ ਅਤੇ ਮਲੇਰ ਕੋਟਲਾ ਦੇ ਵਾਸੀ ਕਾਕਾ ਸਲੀਮ ਦੇ ਖਿਲਾਫ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਗਊ ਰਕਸ਼ਾ ਦਲ ਦੇ ਚੇਅਰਮੈਨ ਨਿਕਸਿਨ ਕੁਮਾਰ ਨੇ ਦੱਸਿਆ ਕਿ ਕਿ ਉਨ੍ਹਾਂ ਦੀ ਸੰਸਥਾ ਬਿਮਾਰ ਅਤੇ ਜਖਮੀ ਗਊਆਂ ਅਤੇ ਜਾਨਵਰਾਂ ਦਾ ਇਲਾਜ ਕਰਦੀ ਹੈ। ਉਨਾਂ ਦੀ ਟੀਮ ਨੂੰ ਸੂਚਨਾ ਮਿਲੀ ਕਿ ਜੰਮੂ ਕਸ਼ਮੀਰ ਨੰਬਰ ਦਾ ਇੱਕ ਚਿੱਟੇ ਰੰਗ ਦਾ ਕੰਟੇਨਰ ਡੱਬਿਆਂ ਵਿੱਚ ਗਊ ਮਾਸ ਭਰ ਕੇ ਦਿੱਲੀ ਤੋਂ ਪੰਜਾਬ ਅਤੇ ਉਸ ਤੋਂ ਬਾਅਦ ਜੰਮੂ ਕਸ਼ਮੀਰ ਵੱਲ ਨੂੰ ਜਾਵੇਗਾ। ਜਾਣਕਾਰੀ ਤੋਂ ਬਾਅਦ ਗਊ ਰਕਸ਼ਾ ਦਲ ਨੇ ਪੁਲਿਸ ਨੂੰ ਸੂਚਨਾ ਦਿੱਤੀ। ਗਊ ਰਕਸ਼ਾ ਦਲ ਨੇ ਢੰਡਾਰੀ ਕਲਾਂ ਇਲਾਕੇ ਵਿੱਚ ਟਰੱਕ ਨੂੰ ਰੋਕਿਆ , ਇਸੇ ਦੌਰਾਨ ਚਾਲਕ ਆਪਣੇ ਸਾਥੀ ਸਮੇਤ ਟਰੱਕ ਚੋਂ ਨਿਕਲ ਕੇ ਫਰਾਰ ਹੋ ਗਿਆ। ਗਊ ਰਕਸ਼ਾ ਦਲ ਦੇ ਮੈਂਬਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਪਾਰਟੀ ਨੇ ਮੌਕੇ ਤੋਂ ਟਰੱਕ ਚੋਂ ਗਊ ਮਾਸ ਦੇ 298 ਕੰਟੇਨਰ ਬਰਾਮਦ ਕੀਤੇ। ਨਿਕਸਿਨ ਕੁਮਾਰ ਨੇ ਦੱਸਿਆ ਕਿ ਮੁਲਜਮਾਂ ਨੇ ਅਜਿਹਾ ਕਰਕੇ ਹਿੰਦੂ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਧਰੋਂ ਇਸ ਮਾਮਲੇ ਵਿੱਚ ਏਐਸਆਈ ਰਘਵੀਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਕੰਟੇਨਰ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ