18 ਡਾਟਾ ਐਂਟਰੀ ਓਪਰੇਟਰਾਂ ਦੀ ਕੀਤੀ ਜਾਵੇਗੀ ਇੰਟਰਵਿਊ ਰਾਹੀਂ ਚੋਣ
ਮੋਗਾ, 16 ਜਨਵਰੀ ( ਅਸ਼ਵਨੀ, ਵਿਕਾਸ ਮਠਾੜੂ) -ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਮੋਗਾ ਵਿਖੇ 18 ਜਨਵਰੀ, 2024 ਦਿਨ ਵੀਰਵਾਰ ਨੂੰ ਇਕ ਰੋਜ਼ਗਾਰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਕੈਂਪ ਸਵੇਰੇ 11 ਵਜੇ ਤੋਂ 1 ਵਜੇ ਤੱਕ ਲਗਾਇਆ ਜਾਵੇਗਾ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਅਫ਼ਸਰ ਮੋਗਾ ਸ੍ਰੀਮਤੀ ਡਿੰਪਲ ਥਾਪਰ ਨੇ ਦੱਸਿਆ ਕਿ ਇਸ ਕੈਂਪ ਵਿਚ ਐਮ.ਐਫ.ਪੀ.ਐਸ (ਮਾਡਰਨ ਫੇਅਰ ਪ੍ਰਾਈਜ਼ ਸ਼ਾਪ) ਵੱਲੋਂ ਖੋਲ੍ਹੇ ਜਾਣ ਵਾਲੇ ਰਾਸ਼ਨ ਸੈਂਟਰਾਂ ਨੂੰ ਚਲਾਉਣ ਲਈ 18 ਡਾਟਾ ਐਂਟਰੀ ਓਪਰੇਟਰਾਂ (ਸਿਰਫ਼ ਲੜਕੇ) ਦੀ ਅਸਾਮੀ ਲਈ ਇੰਟਰਵਿਊ ਦੀ ਪ੍ਰਕਿਰਿਆ ਰਾਹੀਂ ਚੋਣ ਕੀਤੀ ਜਾਣੀ ਹੈ। ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 10 ਤੋਂ 12 ਹਜ਼ਾਰ ਰੁਪਏ ਤੱਕ ਮਹੀਨਾ ਤਨਖਾਹ ਦਿੱਤੀ ਜਾਵੇਗੀ। ਇਸ ਅਸਾਮੀ ਸਬੰਧੀ ਪ੍ਰਾਰਥੀ ਦੀ ਵਿੱਦਿਅਕ ਯੌਗਤਾ ਗ੍ਰੈਜੂਏਸ਼ਨ, ਉਮਰ 25 ਤੋਂ 40, ਕੰਪਿਊਟਰ ਸਿਖਲਾਈ ਸਬੰਧੀ ਜਾਣਕਾਰੀ ਦੇ ਨਾਲ-ਨਾਲ ਇਸ ਦਾ ਸਰਟੀਫਿਕੇਟ ਜ਼ਰੂਰੀ ਹੈ। ਰਾਊਵਾਲ, ਮਾੜੀ ਮੁਸਤਫਾ, ਥਰਾਜ, ਵਾਂਦਰ, ਭਲੂਰ, ਰੌਲੀ, ਫਤਿਹਪੁਰ ਝੂਗੀਆਂ, ਭੋਗੇਵਾਲਾ, ਗੋਲੂਵਾਲਾ, ਕਿਸ਼ਨਪੁਰ ਸੈਦ, ਢਿਲਵਾਂ ਵਾਲਾ, ਡਾਲਾ, ਕੋਕਰੀ ਕਲਾਂ, ਚੂਹੜ ਚੱਕ, ਦੌਧਰ ਗਰਬੀ, ਭਗੇਲੇਵਾਲਾ, ਮੋਠਾਂਵਾਲੀ, ਨੱਥੂਵਾਲਾ ਜਦੀਦ ਆਦਿ ਪਿੰਡਾਂ ਵਿੱਚ ਇਹਨਾਂ ਡਾਟਾ ਐਂਟਰੀ ਓਪਰੇਟਰਾਂ ਦੀ ਲੋੜ ਹੈ।ਡਿੰਪਲ ਥਾਪਰ ਨੇ ਇਨ੍ਹਾਂ ਪਿੰਡਾਂ ਦੇ ਨੇੜਲੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਪ੍ਰਾਰਥੀ ਜੋ ਇਸ ਅਸਾਮੀ ਸੰਬੰਧੀ ਯੋਗ ਹਨ, ਕੈਂਪ ਵਿੱਚ ਸ਼ਿਰਕਤ ਕਰਨ। ਇਸ ਤੋਂ ਇਲਾਵਾ ਇਹਨਾਂ ਪਿੰਡਾ ਤੋਂ 5 ਤੋਂ 10 ਕਿਲੋਮੀਟਰ ਦੂਰ ਵਾਲੇ ਨੌਜਵਾਨ ਵੀ ਕੈਂਪ ਵਿਚ ਸ਼ਾਮਿਲ ਹੋ ਸਕਦੇ ਹਨ। ਚਾਹਵਾਨ ਪ੍ਰਾਰਥੀ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਦਫ਼ਤਰ, ਮੋਗਾ ਜਾਂ ਦਫ਼ਤਰ ਦੇ ਸਹਾਇਤਾ ਨੰਬਰ 6239266860 ਤੇ ਵੀ ਸੰਪਰਕ ਕਰ ਸਕਦੇ ਹਨ।