ਮੋਗਾ, 16 ਮਈ ( ਰੋਹਿਤ ਗੋਇਲ)-ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਕੂਲੀ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਉਨ੍ਹਾਂ ਨੂੰ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰਾਂ ਦੀ ਵਿਜ਼ਟ ਕਰਵਾਈ ਜਾ ਰਹੀ ਹੈ ਤਾਂ ਕਿ ਉਹ ਹੁਣੇ ਤੋਂ ਹੀ ਆਪਣੀ ਇੱਛਾ ਅਨੁਸਾਰ ਸਹੀ ਖੇਤਰ ਦੀ ਚੋਣ ਕਰ ਸਕਣ। ਉਨ੍ਹਾਂ ਦੀ ਇੱਛਾ ਸ਼ਕਤੀ ਅਤੇ ਯੋਗਤਾ ਦੇ ਅਨੁਸਾਰ ਉਨ੍ਹਾਂ ਨੂੰ ਕਿਹੜੇ ਖੇਤਰ ਵਿੱਚ ਵਧੀਆ ਰੋਜ਼ਗਾਰ ਮਿਲਣ ਦੀਆਂ ਸੰਭਾਵਨਾਵਾਂ ਵਧੇਰੇ ਹਨ, ਬਾਰੇ ਵਿਦਿਆਰਥੀਆਂ ਨਾਲ ਵਿਚਾਰ ਚਰਚਾਵਾਂ ਬਿਊਰੋ ਵਿਖੇ ਮਾਹਿਰ ਸਟਾਫ਼ ਜਰੀਏ ਕੀਤੀਆਂ ਜਾ ਰਹੀਆਂ ਹਨ। ਦਸਵੀਂ ਅਤੇ ਬਾਰਵ੍ਹੀਂ ਜਮਾਤ ਦੇ ਵਿਦਿਆਰਥੀਆਂ ਲਈ ਇਹ ਪੰਜਾਬ ਸਰਕਾਰ ਦੀ ਇੱਕ ਵਿਲੱਖਣ ਪਹਿਲਕਦਮੀ ਹੈ। ਇਸ ਪਹਿਲਕਦਮੀ ਨਾਲ ਵਿਦਿਆਰਥੀਆਂ ਨੂੰ ਵਧੀਆ ਰੋਜ਼ਗਾਰ ਹਾਸਲ ਕਰਕੇ ਕਾਮਯਾਬ ਹੋਣ ਵਿੱਚ ਮੱਦਦ ਮਿਲੇਗੀ।
ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਵਿਖੇ ਵੀ ਪੰਜਾਬ ਸਰਕਾਰ ਦਾ ਇਹ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਗਿਆ ਹੈ। ਦਸਵੀਂ/ਬਾਰਵ੍ਹੀਂ ਜਮਾਤ ਦੇ 30-30 ਵਿਦਿਆਰਥੀਆਂ ਦੀ ਵਿਜ਼ਟ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਵਿਖੇ ਕਰਵਾਈ ਜਾ ਰਹੀ ਹੈ। ਇਸ ਵਿਜ਼ਟ ਦੌਰਾਨ ਵਿਦਿਆਰਥੀਆਂ ਦੀ ਕਰੀਅਰ ਕਾਊਂਸਲਿੰਗ ਤੋਂ ਇਲਾਵਾ ਉਨ੍ਹਾਂ ਨੂੰ ਬਿਊਰੋ ਦੀ ਕਾਰਜਪ੍ਰਣਾਲੀ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ। 10 ਮਈ ਤੋਂ ਵਿਦਿਆਰਥੀ ਬਿਊਰੋ ਮੋਗਾ ਵਿਖੇ ਆ ਕੇ ਜਾਗਰੂਕਤਾ ਹਾਸਲ ਕਰ ਰਹੇ ਹਨ।
ਕੁਲਵੰਤ ਸਿੰਘ ਨੇ ਦੱਸਿਆ ਕਿ ਆਮ ਵੇਖਣ ਵਿੱਚ ਆਉਂਦਾ ਹੈ ਕਿ ਨੌਜਵਾਨਾਂ ਦਾ ਰੁਝਾਨ ਵਿਦੇਸ਼ਾਂ ਵੱਲ ਜਿਆਦਾ ਵੱਧ ਰਿਹਾ ਹੈ, ਪੰਜਾਬ ਸਰਕਾਰ ਦਾ ਇਹ ਪ੍ਰੋਗਰਾਮ ਸਕੂਲੀ ਬੱਚਿਆਂ ਦਾ ਆਪਣੇ ਹੀ ਪੰਜਾਬ ਵਿੱਚ ਰਹਿ ਕੇ ਵਧੀਆ ਭਵਿੱਖ ਬਣਾਉਣ ਦਾ ਰਾਹ ਪੱਧਰਾ ਕਰੇਗਾ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਵਿੱਚ ਪੰਜਾਬ ਵਿੱਚ ਰਹਿ ਕੇ ਪੰਜਾਬ ਦੀ ਖੁਸ਼ਹਾਲੀ ਲਈ ਕੁਝ ਵੱਖਰਾ ਕਰਨ ਦਾ ਜ਼ਜ਼ਬਾ ਭਰਨ ਦੀ ਕੋਸ਼ਿਸ਼ ਇਸ ਪ੍ਰੋਗਰਾਮ ਜਰੀਏ ਕੀਤੀ ਜਾਵੇਗੀ।
ਜਿਕਰਯੋਗ ਹੈ ਕਿ ਪ੍ਰੋਗਰਾਮ ਤਹਿਤ 17 ਮਈ ਨੂੰ ਸਰਕਾਰੀ ਹਾਈ ਸਕੂਲ ਖੋਸਾ ਰਣਧੀਰ, 19 ਮਈ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਲੀਣਾ, 22 ਮਈ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜੇਆਣਾ, 24 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੀ.ਟੀ.ਬੀ. ਗੜ੍ਹ, 26 ਮਈ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜੀਤਵਾਲ, 29 ਮਈ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਲਸਰ ਅਤੇ 31 ਮਈ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੋਸਾ ਪਾਂਡੋ ਦੇ ਵਿਦਿਆਰਥੀ ਬਿਊਰੋ ਦੀ ਵਿਜ਼ਟ ਕਰਨਗੇ।