ਮੋਗਾ, 16 ਮਈ ( ਅਸ਼ਵਨੀ) -ਡਿਪਟੀ ਕਮੀਸ਼ਨਰ ਮੋਗਾ ਕੁਲਵੰਤ ਸਿੰਘ ਦੀ ਯੋਗ ਅਗਵਾਈ ਹੇਠ ਵਿੱਤੀ ਸਾਖਰਤਾ ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਕੈਂਪ ਦਾ ਆਯੋਜਨ ਬੀ.ਆਰ.ਅੰਬੇਦਕਰ ਭਵਨ ਮੋਗਾ ਵਿਖੇ ਕੀਤਾ ਗਿਆ। ਕੈਂਪ ਦਾ ਮੁੱਖ ਮਨੋਰਥ ਸਵੈ ਰੋਜ਼ਗਾਰ ਅਤੇ ਗਰੀਬੀ ਰੇਖਾ ਤੋਂ ਉੱਪਰ ਉੱਠਣ ਲਈ ਪੰਜਾਬ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਬਾਰੇ ਸਾਖਰਤਾ ਪੈਦਾ ਕਰਨਾ ਸੀ। ਡਿਪਟੀ ਕਮਿਸ਼ਨਰ ਨੇ ਵੀ ਇਸ ਕੈਂਪ ਵਿੱਚ ਸ਼ਿਰਕਤ ਕਰਕੇ ਹਾਜ਼ਰੀਨ ਨੂੰ ਆਮ ਲੋਕਾਂ ਲਈ ਵਰਦਾਨ ਸਾਬਿਤ ਹੋਣ ਵਾਲੀਆਂ ਸਰਕਾਰੀ ਸਕੀਮਾਂ ਉੱਪਰ ਵਿਸਥਾਰ ਨਾਲ ਚਾਨਣਾ ਪਾਇਆ
ਵਿੱਤੀ ਸਾਖਰਤਾ ਮੁਹਿੰਮ ਤਹਿਤ ਵਿੱਤੀ ਸਾਖਰਤਾ ਦੇ ਵੱਖ-ਵੱਖ ਨੁਕਤਿਆਂ ਜਿਵੇਂ ਕਿ ਹਰੇਕ ਯੋਗ ਵਿਅਕਤੀ ਲਈ ਬੀਮਾ/ਪੈਨਸ਼ਨ ਸਕੀਮ ਪ੍ਰਦਾਨ ਕਰਨਾ, ਮੁਦਰਾ ਲੋਨ, ਕਿਸਾਨ ਕ੍ਰੈਡਿਟ ਕਾਰਡ ਦੀ ਕਵਰੇਜ ਦਾ ਵਿਸਤਾਰ ਕਰਨਾ, 5 ਕਿਲੋਮੀਟਰ ਵਿੱਚ ਬੈਂਕਿੰਗ ਟੱਚ ਪੁਆਇੰਟ ਨਾ ਹੋਣ ਵਾਲੇ ਪਿੰਡਾਂ ਦੀ ਕਵਰੇਜ, ਵਿੱਤੀ/ਡਿਜ਼ੀਟਲ ਜਾਗਰੂਕਤਾ ਪੈਦਾ ਕਰਨਾ ਆਦਿ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਬੈਂਕਿੰਗ ਸੰਸਥਾਵਾਂ ਦੇ ਵੱਖ-ਵੱਖ ਅਧਿਕਾਰੀਆਂ ਨੇ ਪੀ.ਐਸ.ਆਰ.ਐਲ.ਐਮ. ਅਧੀਨ ਜ਼ਿਲ੍ਹਾ ਮੋਗਾ ਵਿੱਚ ਬਣੇ ਸਵੈ ਸਹਾਇਤਾ ਸਮੂਹਾਂ ਦੇ ਮੈਂਬਰਾਂ ਵਿੱਚ ਸਰਕਾਰੀ ਸਕੀਮਾਂ ਬਾਰੇ ਜਾਗਰੂਕਤਾ ਫੈਲਾਈ।ਇਸ ਮੌਕੇ ਤੇ ਐਲ.ਡੀ.ਐਮ. ਮੋਗਾ ਸਰਿਤਾ, ਐਫ.ਐਲ.ਸੀ. ਨਰੇਸ਼ ਕੁਮਾਰ, ਆਰਸੇਟੀ ਡਾਇਰੈਕਟਰ ਗੌਰਵ ਕੁਮਾਰ, ਐਫ.ਐਲ.ਸੀ. ਇੰਦਰਜੀਤ ਸਿੰਘ, ਸਮੂਹ ਬੈਂਕਾਂ ਦੇ ਡੀ.ਸੀ.ਓ., ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਬਲਜਿੰਦਰ ਸਿੰਘ ਗਿੱਲ, ਜ਼ਿਲ੍ਹਾ ਫੰਕਸ਼ਨਲ ਮੈਨੇਜਰ (ਐਫ.ਆਈ.) ਕੋਮਲ, ਜ਼ਿਲ੍ਹਾ ਐਮ.ਆਈ. ਐਸ. ਗੁਰਜੰਟ ਸਿੰਘ ਤੋਂ ਇਲਾਵਾ ਪੀ.ਐਸ.ਆਰ.ਐਲ.ਐਮ. ਅਧੀਨ ਬਲਾਕ ਸਟਾਫ ਮੌਜੂਦ ਸੀ।