“ਜ਼ਿਲ੍ਹਾ ਰੋਜ਼ਗਾਰ ਬਿਊਰੋ ਵਲੋਂ ਐਮਾਜ਼ਾਨ ਨਾਲ ਮਿਲ ਕੇ ਕਰਵਾਈ ਇਕ ਰੋਜ਼ਾ ਵਰਕਸ਼ਾਪ”
ਹੁਸ਼ਿਆਰਪੁਰ, 17 ਮਈ (ਭਗਵਾਨ ਭੰਗੂ-ਲਿਕੇਸ਼ ਸ਼ਰਮਾ) : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਮਸ਼ਹੂਰ ਵੁੱਡ ਇਨਲੇ ਵਰਕ ਨੂੰ ਦੇਸ਼-ਵਿਦੇਸ਼ ਪਹੁੰਚਾਇਆ ਜਾਵੇਗਾ, ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਈ-ਕਾਮਰਸ ਕੰਪਨੀ ਐਮਾਜ਼ਾਨ ਨਾਲ ਮਿਲ ਕੇ ਹੁਸ਼ਿਆਰਪੁਰ ਦੇ ਵੁੱਡ ਇਨਲੇ ਵਰਕ ਨੂੰ ਉਤਸ਼ਾਹਿਤ ਕਰਨ ਲਈ ਯੋਜਨਾ ’ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਜਿਥੇ ਜ਼ਿਲ੍ਹੇ ਦੀ ਇਸ ਪ੍ਰਸਿੱਧ ਦਸਤਕਾਰੀ ਨੂੰ ਫਿਰ ਤੋਂ ਦੁਨੀਆ ਵਿਚ ਇਕ ਨਵੀਂ ਪਹਿਚਾਣ ਮਿਲੇਗੀ, ਉਥੇ ਇਸ ਕੰਮ ਨਾਲ ਜੁੜੇ ਲੋਕਾਂ ਨੂੰ ਰੋਜ਼ਗਾਰ ਦੇ ਵਧੀਆ ਮੌਕੇ ਮਿਲਣਗੇ।ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਜ਼ਿਲ੍ਹਾ ਰੋਜ਼ਗਾਰ ਬਿਊਰੋ ਵਲੋਂ ਐਮਾਜ਼ਾਨ ਨਾਲ ਮਿਲ ਕੇ ਆਯੋਜਿਤ ਕੀਤੀ ਗਈ ਇਕ ਰੋਜ਼ਾ ‘ਕਾਰੀਗਰ’ ਵਰਕਸ਼ਾਪ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਗੁਰਮੇਲ ਸਿੰਘ, ਜੀ.ਐਮ. ਜ਼ਿਲ੍ਹਾ ਉਦਯੋਗ ਕੇਂਦਰ ਅਰੁਣ ਕੁਮਾਰ, ਪ੍ਰਿੰਸੀਪਲ ਐਚ.ਆਈ.ਏ.ਡੀ.ਐਸ ਮੰਗੇਸ਼ ਸੂਦ, ਕੈਰੀਅਰ ਕਾਊਂਸਲਰ ਆਦਿਤਿਆ ਰਾਣਾ, ਪਲੇਸਮੈਂਟ ਅਫ਼ਸਰ ਰਾਕੇਸ਼ ਕੁਮਾਰ ਤੋਂ ਇਲਾਵਾ ਵੁਡ ਇਨਲੇ ਵਰਕ ਦਾ ਕੰਮ ਕਰਨ ਵਾਲੇ ਕਾਰੀਗਰ ਵੀ ਮੌਜੂਦ ਸਨ।ਐਮਾਜ਼ਾਨ ਨਾਲ ਜ਼ਿਲ੍ਹਾ ਪ੍ਰਸ਼ਾਸਨ ਅਤੇ ਕਾਰੀਗਰਾਂ ਦੀ ਇਸ ਵਰਚੁਅਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੁੱਡ ਇਨਲੇ ਵਰਕ ਹੁਸ਼ਿਆਰਪੁਰ ਦੀ ਅਮੀਰ ਵਿਰਾਸਤ ਦੀ ਪਹਿਚਾਣ ਹੈ ਅਤੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ, ਪਰੰਤੂ ਸਮੇਂ ਦੇ ਨਾਲ-ਨਾਲ ਇਸ ਦੇ ਕਾਰੀਗਰਾਂ ਵਿਚ ਕਾਫ਼ੀ ਕਮੀ ਆ ਗਈ ਹੈ ਕਿਉਂਕਿ ਇਸ ਨੂੰ ਬਣਾਉਣ ਵਿਚ ਜਿੰਨੀ ਮਿਹਨਤ ਲੱਗਦੀ ਹੈ, ਕਾਰੀਗਰਾਂ ਨੂੰ ਸ਼ਾਇਦ ਇਸ ਦਾ ਓਨਾ ਮੁੱਲ ਨਹੀਂ ਮਿਲਦਾ।ਉਨ੍ਹਾਂ ਕਿਹਾ ਕਿ ਈ-ਕਾਮਰਸ ਕੰਪਨੀ ਐਮਾਜ਼ਾਨ ਦੇ ਨਾਲ ‘ਕਾਰੀਗਰ’ ਪ੍ਰੋਜੈਕਟ ਰਾਹੀਂ ਹੁਸ਼ਿਆਰਪੁਰ ਦੇ ਕੁਸ਼ਲ ਕਾਰੀਗਰਾਂ ਦੇ ਉਤਪਾਦ ਬਾਜ਼ਾਰ ਦੇ ਸਾਹਮਣੇ ਰੱਖੇ ਜਾਣਗੇ, ਤਾਂ ਜੋ ਕਾਰੀਗਰਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਚੰਗਾ ਮੁੱਲ ਮਿਲ ਸਕੇ ਅਤੇ ਹੋਰ ਲੋਕ ਵੀ ਵੁੱਡ ਇਨਲੇ ਦੇ ਇਸ ਕੰਮ ਨਾਲ ਜੁੜ ਕੇ ਇਸ ਨੂੰ ਵੱਖਰੀ ਪਹਿਚਾਣ ਦਿਵਾ ਸਕਣ।ਕੋਮਲ ਮਿੱਤਲ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਅਲੋਪ ਹੋ ਰਹੀ ਇਸ ਕਲਾ ਨੂੰ ਫਿਰ ਤੋਂ ਸੁਰਜੀਤ ਕੀਤਾ ਜਾਵੇ ਅਤੇ ਜਿਹੜੇ ਕਾਰੀਗਰ ਇਹ ਕੰਮ ਛੱਡ ਚੁੱਕੇ ਹਨ, ਉਹ ਦੁਬਾਰਾ ਇਸ ਕੰਮ ਵਿਚ ਸ਼ਾਮਲ ਹੋਣ। ਉਨ੍ਹਾਂ ਕਿਹਾ ਕਿ ਇਹ ਤਾਂ ਹੀ ਸੰਭਵ ਹੈ ਜਦ ਇਨ੍ਹਾਂ ਕਾਰੀਗਰਾਂ ਨੂੰ ਚੰਗੀ ਕਮਾਈ ਅਤੇ ਉਤਸ਼ਾਹ ਮਿਲੇ, ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪਿੰਡ ਬੂਥਗੜ੍ਹ ਸਥਿਤ ਇਨਲੇ ਕਲੱਸਟਰ ਤੋਂ ਐਮਾਜਾਨ ਨਾਲ ਜੋੜਨ ਦੀ ਯੋਜਨਾ ’ਤੇ ਕੰਮ ਕਰ ਰਿਹਾ ਹੈ, ਤਾਂ ਜੋ ਅਲੋਪ ਹੋ ਰਹੇ ਵੁੱਡ ਇਨਲੇ ਵਰਕ ਨੂੰ ਨਵੀਂ ਪਹਿਚਾਣ ਮਿਲੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਚੰਡੀਗੜ੍ਹ ਰੋਡ ਸਥਿਤ ਪਿੰਡ ਬੂਥਗੜ੍ਹ ਵਿਚ ਬਣੇ ਵੁੱਡ ਇਨਲੇ ਕਲੱਸਟਰ ਨਾਲ ਖਰੀਦਦਾਰੀ ਕਰਕੇ ਇਥੋਂ ਦੇ ਕਾਰੀਗਰਾਂ ਦਾ ਹੌਂਸਲਾ ਵਧਾਉਣ। ਉਨ੍ਹਾਂ ਕਿਹਾ ਕਿ ਬੂਥਗੜ੍ਹ ਕਲੱਸਟਰ ਵਿਚ ਕਰੀਬ 150 ਕਾਰੀਗਰ ਰਜਿਸਟਰਡ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੁੱਡ ਇਨਲੇ ਵਰਕ ਦਾ ਕਾਰੀਗਰ ਐਮਾਜ਼ਾਨ ਨਾਲ ਜੁੜਨਾ ਚਾਹੁੰਦਾ ਹੈ, ਤਾਂ ਉਹ ਜ਼ਿਲ੍ਹਾ ਰੋਜ਼ਗਾਰ ਬਿਊਰੋ ਨਾਲ ਸੰਪਰਕ ਕਰ ਸਕਦਾ ਹੈ, ਬਰਸ਼ਤੇ ਉਸ ਕੋਲ ਜੀ.ਐਸ.ਟੀ ਨੰਬਰ ਹੋਵੇ।