Home National ਨਾਂ ਮੈਂ ਕੋਈ ਝੂਠ ਬੋਲਿਆ..?ਸਿੰਘ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਹੁਦੇ...

ਨਾਂ ਮੈਂ ਕੋਈ ਝੂਠ ਬੋਲਿਆ..?
ਸਿੰਘ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਹੁਦੇ ਦੀ ਗਰਿਮਾ ਬਹਾਲ ਰਹੇ

93
0


ਸ੍ਰੀ ਅਕਾਲ ਤਖਤ ਸਾਹਿਬ ਸਮੱੁਚੀ ਸਿੱਖ ਕੌਮ ਲਈ ਮਹਾਨ, ਸ਼ਰਧਾ, ਸਤਿਕਾਰ ਅਤੇ ਇਲਾਹੀ ਹੁਕਮ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਪੁਰਾਤਨ ਇਤਿਹਾਸ ਦੇ ਪੰਨਿਆਂ ਨੂੰ ਫਰੋਲਣ ਤੇ ਪਤਾ ਚੱਲਦਾ ਹੈ ਕਿ ਉਸ ਸਮੇਂ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵਲੋਂ ਕੌਮ ਲਈ ਸੁਣਾਇਆ ਗਿਆ ਹੁਕਮਨਾਮਾ ਅਤੇ ਹਰ ਆਦੇਸ਼ ਸਮੱੁਚੀ ਕੌਮ ਸਿਰ ਝੁਕਾ ਕੇ ਮੰਨਦੀ ਸੀ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਹਿਬਾਨ ਵਲੋਂ ਸਮੇਂ ਸਮੇਂ ਤੇ ਕੌਮ ਨੂੰ ਸੇਧ ਦੇਣ ਲਈ ਕਈ ਵਾਰ ਸਖਤ ਹੁਕਮ ਵੀ ਸੁਣਾਏ ਗਏ ਜੋ ਅੱਜ ਵੀ ਇਤਿਹਾਸ ਦੇ ਸੁਨਿਹਰੀ ਪੰਨਿਆਂ ਤੇ ਦਰਜ ਹਨ। ਜਿਸਦੀ ਮਿਸਾਲ ਸਿੱਖ ਰਾਜ ਦੇ ਮਹਾਨ ਮਹਾਰਾਜਾ ਰਣਜੀਤ ਸਿੰਘ ਤੋਂ ਮਿਲਦੀ ਹੈ। ਜਥੇਦਾਰ ਸਾਹਿਬ ਵਲੋਂ ਕਿਸੇ ਮਾਮਲੇ ਵਿਚ ਮਹਾਰਾਜਾ ਰਣਜੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਕੋੜੇ ਮਾਰਨ ਦੀ ਸਜ਼ਾ ਸੁਣਾਈ ਗਈ ਸੀ। ਜਿਸਨੂੰ ਉਨ੍ਹਾਂ ਨੇ ਮਹਾਰਾਜਾ ਹੁੰਦੇ ਹੋਏ ਵੀ ਸਿਰ ਝੁਕਾ ਕੇ ਪ੍ਰਵਾਨ ਕੀਤਾ ਸੀ। ਅੱਜ ਸਿਆਸਤ ਧਰਮ ’ਤੇ ਭਾਰੂ ਹੋ ਗਈ ਹੈ। ਰਾਜਸੀ ਪਾਰਟੀ ਦੇ ਨਾਲ ਨਾਲ ਧਾਰਮਿਕ ਹਿਤਾਂ ਦੀ ਰਖਵਾਲੀ ਕਰਨ ਦਾ ਦਮ ਭਪਨ ਵਾਲੇ ਸ਼੍ਰੋਮਣੀ ਅਕਾਲੀ ਦਲ ਦਾ ਸਿੱਧੇ ਅਸਿੱਧੇ ਤੌਰ ਤੇ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਧਿਕਾਰ ਸਥਾਪਤ ਹੋਇਆ ਉਸੇ ਤਰ੍ਹਾਂ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਕੰਮਾ ਵਿਚ ਵੀ ਦਖਲ ਅੰਦਾਜੀ ਹਮੇਸ਼ਾ ਚਰਚਾ ਦਾ ਵਿਸ਼ਾ ਬਣੀ ਰਹੀ ਹੈ। ਮੌਜੂਦਾ ਸਮੇਂ ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਿਰਫ਼ ਇੱਕ ਮੁਲਾਜ਼ਮ ਵਜੋਂ ਹੀ ਲਿਆ ਜਾ ਰਿਹਾ ਹੈ। ਪਿਛਲੇ ਸਮੇਂ ਤੋਂ ਸਿਆਸੀ ਲੋਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਨੂੰ ਆਪਣੇ ਫਾਇਦੇ ਲਈ ਵਰਤ ਰਹੇ ਹਨ। ਜਿਸ ਨਾਲ ਸਮੁੱਚੀ ਸਿੱਖ ਕੌਮ ਦਾ ਨੁਕਸਾਨ ਹੋਇਆ ਹੈ। ਇਹ ਦਖਲ ਅੰਜਾਦੀ ਉਸ ਸਮੇਂ ਸਾਰੀਆਂ ਸਿਖਰਾਂ ਨੂੰ ਪਾਰ ਕਰ ਗਈ ਜਦੋਂ ਭਾਈ ਰਣਜੀਤ ਸਿੰਘ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੁੰਦਿਆਂ ਬਹੁਤ ਹੀ ਅਹਿਮ ਅਤੇ ਸਖ਼ਤ ਫੈਸਲੇ ਲਏ, ਜੋ ਕਿ ਉਸ ਸਮੇਂ ਦੀ ਮੌਜੂਦਾ ਸਰਕਾਰ ਨੂੰ ਪਸੰਦ ਨਹੀਂ ਸਨ। ਸਿੰਘ ਸਾਹਿਬ ਭਾਈ ਰਣਜੀਤ ਸਿੰਘ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਉਨ੍ਹਾਂ ਨੂੰ ਰਾਤੋ ਰਾਤ ਅਹੁਦੇ ਤੋਂ ਹਟਾ ਕੇ ਲਗਾਏ ਨਵੇਂ ਜਥੇਦਾਰ ਸਾਹਿਬ ਵਲੋਂ ਰੱਦ ਕਰ ਦਿਤੇ ਗਏ। ਉਸ ਤੋਂ ਬਾਅਦ ਇਹ ਸਿਲਸਿਲਾ ਲਗਾਤਾਰ ਚੱਲਦਾ ਆ ਰਿਹਾ ਹੈ। ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੇ ਮੋਢੇ ’ਤੇ ਡੇਰਾ ਮੁਖੀ ਰਾਮ ਰਹੀਮ ਦੀ ਮੁਆਫੀ ਦਾ ਮਾਮਲਾ ਖੂਬ ਚਰਚਾ ਦਾ ਵਿਸ਼ਾ ਬਣਿਆ ਅਤੇ ਸਮੱੁਚੀ ਕੌਮ ਨੂੰ ਇਸ ਗੱਲ ਤੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਜਿਸ ’ਤੇ ਸ਼੍ਰੋਮਣੀ ਅਕਾਲੀ ਦਲ ਅਤੇ ਜੱਥੇਦਾਰ ਨੂੰ ਲੋਕਾਂ ਦੀ ਕਚਹਿਰੀ ਵਿੱਚ ਜਵਾਬ ਦੇਣਾ ਪਿਆ। ਅਖੀਰ ਜਦੋਂ ਜਥੇਦਾਰ ਗੁਰਬਚਨ ਸਿੰਘ ਨੂੰ ਹਟਾਇਆ ਗਿਆ ਤਾਂ ਉਨ੍ਹਾਂ ਨੇ ਵੀ ਇਸ ਸਬੰਧ ਵਿੱਚ ਆਪਣਾ ਮੂੰਹ ਖੋਲਿ੍ਹਆ। ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਜਦੋਂ ਗੁਰਬਚਨ ਸਿੰਘ ਨੇ ਅਕਾਲੀ ਦਲ ਪ੍ਰਤੀ ਤਲਖ ਰਵੱਈਆ ਦਿਖਾਉਣਾ ਸ਼ੁਰੂ ਕਰ ਦਿੱਤਾ ਤਾਂ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਅਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦਾ ਨਵਾਂ ਕਾਰਜਕਾਰੀ ਜਥੇਦਾਰ ਥਾਪਿਆ ਗਿਆ। ਜਦੋਂ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਮੰਚ ਤੋਂ ਸਿੱਖ ਸੰਗਤ ਨੂੰ ਹੁਕਮ ਦਿਤੇ ਤਾਂ ਅਕੀਲਾ ਦਲ ਦੇ ਖੇਮੇ ਵਿਚ ਖੁਸ਼ੀ ਦੀ ਲਹਿਰ ਸੀ। ਉਨ੍ਹਾਂ ਦੀ ਪਿੱਠ ਥਪਥਪਾਈ ਗਈ। ਪਰ ਜਦੋਂ ਉਹ ਥੋੜ੍ਹਾ ਜਿਹਾ ਵੀ ਵਿਰੋਧ ਕਰਨ ਲੱਗੇ ਤਾਂ ਅਕਾਲੀ ਆਗੂਆਂ ਦਾ ਰਵੱਈਆ ਤਲਖ ਹੋ ਗਿਆ। ਆਮ ਆਦਮੀ ਪਾਰਟੀ ਦੇ ਸਾਂਸਦ ਰਾਘਵ ਚੱਢਾ ਅਤੇ ਫਿਲਮੀ ਅਦਾਕਾਰਾ ਪ੍ਰਣੀਤੀ ਚੋਪੜਾ ਦੀ ਮੰਗਣੀ ਦੇ ਪ੍ਰੋਗ੍ਰਾਮ ਵਿਚ ਜਥੇਦਾਰ ਸਾਹਿਬ ਦੇ ਸ਼ਾਮਿਲ ਹੋਣ ਨੇ ਅੱਦ ’ਤੇ ਤੇਲ ਪਾਉਣ ਦਾ ਕੰਮ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਫਿਲਮ ਅਦਾਕਾਰਾ ਪ੍ਰਣੀਤੀ ਚੋਪੜਾ ਦੀ ਕੁੜਮਾਈ ’ਚ ਸ਼ਾਮਲ ਹੋਣ ’ਤੇ ਸਿੰਘ ਸਾਹਿਬ ’ਤੇ ਸਵਾਲ ਉਠਾਏ ਤਾਂ ਉਨ੍ਹਾਂ ਨੇ ਉਲਟਾ ਜਵਾਬ ਵਿਚ ਕਿਹਾ ਕਿ ਹੁਣ ਮੈਂ ਸਾਰਾ ਕੰਮ ਸ਼੍ਰੋਮਣੀ ਅਕਾਲੀ ਦਲ ਨੂੰ ਪੁੱਛ ਕੇ ਕਰਨਾ ਹੈ। ਸ਼੍ਰੋਮਣੀ ਅਕਾਲੀ ਦਲ ਜਖੇਦਾਰ ਸਾਹਿਬ ਦੇ ਰਵੱਈਏ ਤੋਂ ਕਾਫੀ ਨਾਰਾਜ਼ ਹੋ ਗਿਆ ਅਤੇ ਹੁਣ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਉਨ੍ਹਾਂ ਦੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਅਹੁਦੇ ਤੋਂ ਹਟਾਉਣ ਦੀ ਚਰਚਾ ਸ਼ੁਰੂ ਹੋ ਗਈ ਹੈ। ਜਿਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਕਾਇਦਾ ਮੀਟਿੰਗ ਸੱਦਣ ਦੀ ਚਰਚਾ ਹੈ। ਵੱਡਾ ਸਵਾਲ ਇਹ ਹੈ ਕਿ ਸਿੱਖ ਕੌਮ ਦੇ ਸਿਰਮੌਰ ਅਸਥਾਨ ਦੇ ਜਥੇਦਾਰ ਸਿਆਸਤ ਦੇ ਗੁਲਾਮ ਹਨ ? ਜਥੇਦਾਰ ਸਾਹਿਬ ਦੇ ਅਹੁਦੇ ਦੀ ਮਾਣ ਮਰਿਯਾਦਾ ਨੂੰ ਇਸ ਤਰ੍ਹਾਂ ਘੱਟ ਨਹੀਂ ਕਰਨਾ ਚਾਹੀਦਾ। ਇਸ ਨਾਲ ਦੁਨੀਆਂ ਭਰ ਵਿਚ ਕਿੰਤੂ ਪ੍ਰੰਤੂ ਹੋ ਸਕਦਾ ਹੈ ਅਤੇ ਕੌਮ ਪ੍ਰਤੀ ਗਲਤ ਸੰਦੇਸ ਜਾਵੇਗਾ। ਸ਼੍ਰੀ ਅਕਾਲ ਤਖ਼ਤ ਸਾਹਿਬ ਹਰ ਸਿੱਖ ਲਈ ਸਦਾ ਮਹਾਨ ਸੀ , ਹੈ ਅਤੇ ਰਹੇਗਾ। ਇਸ ਲਈ ਸਿਆਸੀ ਪਾਰਟੀਆਂ ਨੂੰ ਜਥੇਦਾਰ ਸਾਹਿਬ ਦੇ ਕੰਮਕਾਜ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਜਥੇਦਾਰ ਸਾਹਿਬ ਦੀ ਨਿਯੁਕਤੀ ਪੁਰਾਤਨ ਸਮੇਂ ਅਨੁਸਾਰ ਹੀ ਹੋਣੀ ਚਾਹੀਦੀ ਹੈ ਨਾ ਕਿ ਕਿਸੇ ਸਿਆਸੀ ਪਾਰਟੀ ਦੇ ਇਸ਼ਾਰੇ ’ਤੇ ਕਿਉਂਕਿ ਜਥੇਦਾਰ ਸਾਹਿਬ ਨੇ ਕੌਮ ਦੀ ਅਗਵਾਈ ਕਰਨੀ ਹੁੰਦੀ ਹੈ। ਧਾਰਮਿਕ ਕੰਮਾਂ ਵਿੱਚ ਕਿਸੇ ਸਿਆਸੀ ਪਾਰਟੀ ਦੇ ਇਸ਼ਾਰੇ ’ਤੇ ਜਾਂ ਹਦਾਇਤਾਂ ’ਤੇ ਕੰਮ ਕਰਨਾ ਇਸ ਵੱਡੇ ਅਹੁਦੇ ਦੀ ਦਰਿਮਾ ਨੂੰ ਠੇਸ ਪਹੁੰਚਾਉਂਦਾ ਹੈ। ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਦੀ ਮਰਿਆਦਾ ਨੂੰ ਹਮੇਸ਼ਾ ਕਾਇਮ ਰੱਖਿਆ ਜਾਵੇ ਇਹ ਸਿੱਖ ਕੌਮ ਦੇ ਹਿੱਤ ਵਿੱਚ ਹੈ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here