ਜਗਰਾਉਂ, 19 ਮਈ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )- ਕਾਕਾ ਸ਼ਰਮਾ ਪੁੱਤਰ ਪ੍ਰਕਾਸ਼ ਚੰਦ (48) ਦੀ ਬੁਧਵਾਰ ਰਾਤ ਨੂੰ ਲੜਾਈ ਤੋਂ ਬਾਅਦ ਬੇਰਹਿਮੀ ਨਾਲ ਕੁੱਟਮਾਰ ਕਰਕੇ ਕਤਲ ਕਰਨ ਦੇ ਦੋਸ਼ ’ਚ ਥਾਣਾ ਸਿਟੀ ਜਗਰਾਉਂ ਦੀ ਪੁਲਸ ਨੇ ਤਜਿੰਦਰ ਪਾਲ ਸਿੰਘ ਉਰਫ ਮੱਦੀ ਵਾਸੀ ਅਗਵਾੜ ਰੜਾ ਜਗਰਾਉਂ ਨੂੰ ਗ੍ਰਿਫਤਾਰ ਕਰ ਲਿਆ ਹੈ। ਅਦਾਲਤ ’ਚ ਪੇਸ਼ ਕਰਕੇ 3 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਥਾਣਾ ਸਿਟੀ ਦੇ ਇੰਚਾਰਜ ਡੀਐਸਪੀ ਦੀਪਕਰਨ ਸਿੰਘ ਤੂਰ ਨੇ ਦੱਸਿਆ ਕਿ ਸੰਦੀਪ ਕੁਮਾਰ ਪੁੱਤਰ ਤੀਰਥ ਰਾਮ ਵਾਸੀ ਬਾਬਾ ਜੀਵਨ ਸਿੰਘ ਗੁਰਦੁਆਰਾ ਰਾਣੀਵਾਲਾ ਖੂਹ ਅਗਵਾੜ ਲਧਾਈ ਜਗਰਾਉਂ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸ ਦਾ ਮਾਮਾ ਕਾਕਾ ਸ਼ਰਮਾ ਸ਼ਰਾਬ ਪੀਣ ਦਾ ਆਦੀ ਸੀ ਅਤੇ ਉਹ ਸ਼ਰਾਬ ਪੀ ਕੇ ਅਕਸਰ ਹੀ ਰਾਤ ਸਮੇਂ ਘਰ ਤੋਂ ਬਾਹਰ ਰਹਿੰਦਾ ਸੀ। ਤੇਜਿੰਦਰ ਪਾਲ ਸਿੰਘ ਉਰਫ ਮੱਦੀ ਅਤੇ ਉਸਦੇ ਦੋ ਅਣਪਛਾਤੇ ਸਾਥੀ ਵੀ ਇਸ ਦੇ ਨਾਲ ਇਕੱਠੇ ਸ਼ਰਾਬ ਪੀਂਦੇ ਸਨ। ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ। ਮੈਨੂੰ ਵੀਰਵਾਰ ਸਵੇਰੇ ਪਤਾ ਲੱਗਾ ਕਿ ਅੱਡਾ ਰਾਏਕੋਟ ਨੇੜੇ ਦੁਕਾਨ ਦੇ ਬਾਹਰ ਮੇਰੇ ਮਾਮਾ ਕਾਕਾ ਸ਼ਰਮਾ ਦੀ ਮੌਤ ਹੋ ਗਈ ਹੈ। ਅਸੀਂ ਉਸ ਨੂੰ ਅੰਤਿਮ ਸੰਸਕਾਰ ਲਈ ਸਾਇੰਸ ਕਾਲਜ ਨੇੜੇ ਸ਼ਮਸ਼ਾਨਘਾਟ ਵਿਖੇ ਲੈ ਆਏ। ਮ੍ਰਿਤਕ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ। ਜਿਸ ਦੇ ਸਬੰਧ ਵਿੱਚ ਅਸੀਂ ਸੋਚਿਆ ਕਿ ਸ਼ਾਇਦ ਇਹ ਨਿਸ਼ਾਨ ਸ਼ਰਾਬ ਪੀਣ ਤੋਂ ਬਾਅਦ ਡਿੱਗਣ ਕਾਰਨ ਹੋਏ ਹਨ। ਪਰ ਜਦੋਂ ਅਸੀਂ ਅੱਡਾ ਰਾਏਕੋਟ ਨਜਦੀਕ ਗਊਸ਼ਾਲਾ ਨੇੜੇ ਦੁਕਾਨ ’ਤੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖੀ ਤਾਂ ਪਤਾ ਲੱਗਾ ਕਿ ਮੇਰੇ ਮਾਮਾ ਕਾਕਾ ਸ਼ਰਮਾ ਨੂੰ ਸ਼ੰਮੀ ਕਿਰਨਾ ਸਟੋਰ ਅੱਡਾ ਰਾਏਕੋਟ ਦੇ ਬਾਹਰ ਤੇਜਿੰਦਰ ਪਾਲ ਸਿੰਘ ਉਰਫ ਮੱਦੀ ਅਤੇ ਉਸਦੇ ਨਾਲ ਦੋ ਹੋਰ ਅਗਿਆਤ ਵਿਅਕਤੀ ਕੁੱਟ ਮਾਰ ਕਰ ਰਹੇ ਸਨ। ਫੁਟੇਜ ਦੇਖਣ ’ਤੇ ਇਹ ਵੀ ਸਾਹਮਣੇ ਆਇਆ ਕਿ ਸਵੇਰ ਦੇ ਸਮੇਂ ਤੇਜਿੰਦਰ ਪਾਲ ਸਿੰਘ ਦੁਬਾਰਾ ਮੇਰੇ ਮਾਮੇ ਨੂੰ ਉਥੇ ਦੇਖਣ ਲਈ ਆਇਆ ਸੀ। ਜਿਸ ਤੋਂ ਸਾਨੂੰ ਯਕੀਨ ਹੈ ਕਿ ਮੇਰੇ ਮਾਮਾ ਕਾਕਾ ਸ਼ਰਮਾ ਨੂੰ ਤੇਜਿੰਦਰ ਪਾਲ ਸਿੰਘ ਅਤੇ ਉਸਦੇ ਸਾਥੀਆਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਹੈ। ਸੰਦੀਪ ਕੁਮਾਰ ਦੀ ਸ਼ਿਕਾਇਤ ’ਤੇ ਤਜਿੰਦਰ ਪਾਲ ਸਿੰਘ ਉਰਫ ਮੱਦੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਤੋਂ ਪੁੱਛਗਿੱਛ ਲਈ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਦੌਰਾਨ ਇਸ ਦੇ ਹੋਰ ਦੋ ਸਾਥੀਆਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ।