Home Political ਪਾਰਟੀ ਦਿੱਲੀ ’ਚ ਆਰਡੀਨੈਂਸ ਦੇ ਮੁੱਦੇ ’ਤੇ ਕੇਜਰੀਵਾਲ ਦੇ ਸਮਰਥਨ ਨੂੰ ਲੈ...

ਪਾਰਟੀ ਦਿੱਲੀ ’ਚ ਆਰਡੀਨੈਂਸ ਦੇ ਮੁੱਦੇ ’ਤੇ ਕੇਜਰੀਵਾਲ ਦੇ ਸਮਰਥਨ ਨੂੰ ਲੈ ਕੇ ਵਰਕਰਾਂ ਨਾਲ ਕਰੇਗੀ ਚਰਚਾ- ਬਿੱਟੂ

59
0


ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ’ਤੇ ਫੇਲ
ਜਗਰਾਉਂ, 24 ਮਈ ( ਭਗਵਾਨ ਭੰਗੂ, ਜਗਰੂਪ ਸੋਹੀ )-ਦਿੱਲੀ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਤਬਾਦਲਿਆਂ ਸਬੰਧੀ ਸੁਪਰੀਮ ਕੋਰਟ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਸੁਪਰੀਮ ਕੋਰਟ ਦੇ ਉਸ ਫੈਸਲੇ ਨੂੰ ਦਰਕਿਨਾਰ ਕਰਦਿਆਂ ਜਾਰੀ ਕੀਤੇ ਆਰਡੀਨੈਂਸ ਨੂੰ ਲੈ ਕੇ ਪੈਦਾ ਹੋਏ ਵਿਵਾਦ ਵਿੱਚ ਆਪ ਸੁਪਰੀਮੋ ਅਪਵਿੰਦ ਕੇਜਰੀਵਾਲ ਵਲੋਂ ਗੈਰ-ਭਾਜਪਾ ਪਾਰਟੀਆਂ ਨੂੰ ਇਕੱਠੇ ਕਰਕੇ ਕੀਤੇ ਜਾ ਰਹੇ ਵਿਰੋਧ ਵਿਚ ਕਾਂਗਰਸ ਪਾਰਟੀ ਵਲੋਂ ਇਸ ਮਾਮਲੇ ’ਚ ਕੇਜਰੀਵਾਲ ਸਰਕਾਰ ਦੇ ਹੱਕ ’ਚ ਕੋਈ ਦਖਲ ਨਹੀਂ ਦੇਣ ਦੀ ਚੱਲ ਰਹੀ ਚਰਚਾ ਸੰਬੰਧੀ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਭਾਵੇਂ ਖੇਤਰੀ ਪੱਧਰ ’ਤੇ ਪਾਰਟੀਆਂ ਵਿਚਾਲੇ ਮਤਭੇਦ ਹੋ ਸਕਦੇ ਹਨ ਪਰ ਰਾਸ਼ਟਰੀ ਪੱਧਰ ’ਤੇ ਰਣਨੀਤੀ ਸਾਰੇ ਪਹਿਲੂਆਂ ਤੇ ਵਿਚਾਰ ਕਰਨ ਉਪਰੰਤ ਹੀ ਬਣਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਹਰ ਗੱਲ ’ਤੇ ਇਹ ਕਹਿੰਦੇ ਹਨ ਕਿ ਉਹ ਆਪਣੇ ਵਲੰਟੀਅਰਾਂ ਨਾਲ ਸਲਾਹ ਕਰਕੇ ਕੋਈ ਫੈਸਲਾ ਲੈਣਗੇ, ਉਸੇ ਤਰ੍ਹਾਂ ਇਸ ਵੱਡੇ ਮਾਮਲੇ ’ਚ ਵੀ ਕਾਂਗਰਸ ਪਾਰਟੀ ਆਪਣੇ ਵਰਕਰਾਂ ਨਾਲ ਸਲਾਹ ਕਰਕੇ ਹੀ ਕੋਈ ਫੈਸਲਾ ਲਵੇਗੀ। ਰਵਨੀਤ ਸਿੰਘ ਬਿੱਟੂ ਇਥੇੇ ਸਨਮਤੀ ਮਾਤਰੀ ਸੰਘ ਹਾਲ ਵਿੱਚ ਲਗਾਏ ਗਏ ਨਕਲੀ ਅੰਗ ਲਗਾਉਣ ਦੇ ਕੈਂਪ ਵਿੱਚ ਪੁੱਜੇ ਹੋਏ ਸਨ। ਇਸ ਮੌਕੇ ਉਨ੍ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਪ੍ਰਸਾਰਣ ਦੇ ਸਬੰਧ ’ਚ ਕਿਹਾ ਕਿ ਗੁਰਬਾਣੀ ਸੁਣਨਾ ਅਤੇ ਗੁਰੂ ਸਾਹਿਬ ਦੇ ਦਰਸ਼ਨ ਕਰਨਾ ਵਿਸ਼ਵ ਭਰ ’ਚ ਵਸਦੇ ਹਰ ਸਿੱਖ ਦਾ ਹੱਕ ਹੈ। ਗੁਰਬਾਣੀ ਦਾ ਪ੍ਰਸਾਰਣ ਕਰਨ ਦਾ ਅਧਿਕਾਰ ਸਿਰਫ਼ ਪੀਟੀਸੀ ਦਾ ਹੀ ਕਿਉਂ ਹੈ। ਇਹ ਅਧਿਕਾਰ ਸਾਰੇ ਚੈਨਲਾਂ ਲਈ ਖੁੱਲ੍ਹਾ ਹੋਣਾ ਚਾਹੀਦਾ ਹੈ। ਹੁਣ ਜਦੋਂ ਕਿ ਪੀਟੀਸੀ ਨਾਲ ਗੁਰਬਾਣੀ ਪ੍ਰਸਾਰਣ ਸਮਝੌਤਾ ਖਤਮ ਹੋ ਰਿਹਾ ਹੈ ਤਾਂ ਇਸ ਨੂੰ ਪਾਰਦਰਸ਼ੀ ਢੰਗ ਨਾਲ ਸਾਰਿਆਂ ਲਈ ਖੋਲਿ੍ਹਆ ਜਾਣਾ ਚਾਹੀਦਾ ਹੈ ਤਾਂ ਜੋ ਦੁਨੀਆਂ ਭਰ ਵਿੱਚ ਵਸਦੇ ਸਿੱਖ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਗੁਰਬਾਣੀ ਸਰਵਣ ਕਰ ਸਕਣ। ਇਸ ਮੌਕੇ ਜਲੰਧਰ ਲੋਕ ਸਭਾ ਸੀਟ ’ਤੇ ਹੋਈ ਹਾਰ ਸਬੰਧੀ ਪੁੱਛੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਇਸ ਦੇ ਕਈ ਕਾਰਨ ਹਨ। ਇਕ ਤਾਂ ਕਾਂਗਰਸ ਉਮੀਦਵਾਰ ਦੇ ਨਾਂ ਦਾ ਐਲਾਨ ਕਾਫੀ ਸਮਾਂ ਪਹਿਲਾਂ ਹੋਇਆ ਸੀ ਅਤੇ ਉਸ ਸਮੇਂ ਤੋਂ ਹੀ ਚੋਣ ਪ੍ਰਚਾਰ ਸ਼ੁਰੂ ਹੋ ਗਿਆ ਸੀ। ਦੂਸਰੀ ਪਾਰਟੀ ਲੀਡਰਸ਼ਿਪ ਬਹੁਤ ਜ਼ਿਆਦਾ ਆਤਮਵਿਸ਼ਵਾਸ ਵਿੱਚ ਚਲੀ ਗਈ ਸੀ। ਜਿਸ ਦਾ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਹੁਣ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਤਿੰਨ ਹੋਰ ਵੱਡੇ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਉਨ੍ਹਾਂ ਰਾਜਾਂ ਵਿੱਚ ਵੀ ਕਾਂਗਰਸ ਕਰਨਾਟਕ ਵਾਂਗ ਸ਼ਾਨਦਾਰ ਸਫਲਤਾ ਹਾਸਲ ਕਰੇਗੀ। ਉਨ੍ਹਾਂ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ’ਚ ਭਗਵੰਤ ਮਾਨ ਦੀ ਸਰਕਾਰ ਨੂੰ ਹੁਣ ਸਵਾ ਸਾਲ ਪੂਰਾ ਹੋ ਗਿਆ ਹੈ। ਇਸ ਦੌਰਾਨ ਪੰਜਾਬ ਭਰ ਵਿੱਚ ਵਿਕਾਸ ਕਾਰਜ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਏ ਹਨ। ਅਜੇ ਤੱਕ ਕਿਸੇ ਵੀ ਪਿੰਡ ਨੂੰ ਵਿਕਾਸ ਕਾਰਜਾਂ ਲਈ ਇੱਕ ਪੈਸਾ ਵੀ ਜਾਰੀ ਨਹੀਂ ਕੀਤਾ ਗਿਆ। ਸੱਤਾ ਵਿੱਚ ਆਉਣ ਤੋਂ ਪਹਿਲਾਂ ਪ੍ਰਾਈਵੇਟ ਕੰਪਨੀਆਂ ਨਾਲ ਬਿਜਲੀ ਸਮਝੌਤੇ ਰੱਦ ਕਰਨ ਦੀ ਗੱਲ ਕਰਨ ਵਾਲੇ ਭਗਵੰਤ ਮਾਨ ਹੁਣ ਚੁੱਪ ਹਨ। ਪੰਜਾਬ ਵਿੱਚ ਬਿਜਲੀ ਸਪਲਾਈ ਨਹੀਂ ਹੈ, ਵੱਡੇ ਕੱਟ ਲਾਏ ਜਾ ਰਹੇ ਹਨ। ਇਸ ਮੌਕੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ, ਨਗਰ ਕੌਂਸਲ ਜਗਰਾਉਂ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ, ਬਲਾਕ ਕਾਂਗਰਸ ਜਗਰਾਉਂ ਦੇ ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ, ਕੌਂਸਲਰ ਅਮਨ ਕਪੂਰ ਬੌਬੀ, ਵਿਕਰਮ ਜੱਸੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here