Home ਪਰਸਾਸ਼ਨ ਜ਼ਿਲ੍ਹਾ ਮੋਗਾ ਵਿੱਚ ਕੀਤੀ ਜਾਵੇਗੀ ਪੱਕੇ ਖਾਲ੍ਹਿਆਂ ਦੀ ਮੁੜ ਕਾਇਮੀ

ਜ਼ਿਲ੍ਹਾ ਮੋਗਾ ਵਿੱਚ ਕੀਤੀ ਜਾਵੇਗੀ ਪੱਕੇ ਖਾਲ੍ਹਿਆਂ ਦੀ ਮੁੜ ਕਾਇਮੀ

41
0

  • ਸਾਡੇ ਕੋਲ ਬਚਿਆ ਮਹਿਜ਼ 12 ਕੁ ਸਾਲ ਦਾ ਪੀਣ ਯੋਗ ਪਾਣੀ – ਡਿਪਟੀ ਕਮਿਸ਼ਨਰ

ਮੋਗਾ, 25 ਮਈ ( ਅਸ਼ਵਨੀ, ਧਰਮਿੰਦਰ ) – ਜ਼ਿਲ੍ਹਾ ਪ੍ਰਸ਼ਾਸ਼ਨ ਨੇ ਧਰਤੀ ਹੇਠਲੇ ਪਾਣੀ ਦੇ ਦਿਨੋ ਦਿਨ ਘਟਦੇ ਜਾ ਰਹੇ ਪੱਧਰ ਨੂੰ ਰੋਕਣ ਲਈ ਪੱਕੇ ਖਾਲ੍ਹਿਆਂ ਦੀ ਮੁੜ ਕਾਇਮੀ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਕਿਸਾਨਾਂ ਨੂੰ ਇਹਨਾਂ ਖਾਲ੍ਹਿਆਂ ਰਾਹੀਂ ਨਹਿਰੀ ਪਾਣੀ ਨਾਲ ਸਿੰਚਾਈ ਕਰਨ ਲਈ ਜਾਗਰੂਕ ਕੀਤਾ ਜਾਵੇਗਾ। ਇਸ ਸਬੰਧੀ ਇਕ ਯੋਜਨਾਬੰਦੀ ਕਰਨ ਲਈ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਅੱਜ ਸਬੰਧਤ ਵਿਭਾਗਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਰਾਮ ਸਿੰਘ ਤੇ ਸ਼੍ਰੀਮਤੀ ਚਾਰੂਮਿਤਾ (ਦੋਵੇਂ ਐੱਸ ਡੀ ਐੱਮ), ਗੁਰੂ ਸਾਹਿਬ ਚੈਰੀਟੇਬਲ ਸੁਸਾਇਟੀ ਮੋਗਾ ਦੇ ਪ੍ਰਧਾਨ ਬਾਬਾ ਗੁਰਮੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ, ਖਾਸ ਕਰਕੇ ਜ਼ਿਲ੍ਹਾ ਮੋਗਾ, ਬੜੀ ਤੇਜ਼ੀ ਨਾਲ ਪਾਣੀ ਦੇ ਗੰਭੀਰ ਸੰਕਟ ਵੱਲ ਵਧ ਰਿਹਾ ਹੈ। ਜੇਕਰ ਅਸੀਂ ਇਸੇ ਤਰ੍ਹਾਂ ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਕਰਦੇ ਰਹਾਂਗੇ ਤਾਂ ਉਹ ਦਿਨ ਦੂਰ ਨਹੀਂ ਕਿ ਸਾਨੂੰ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਮੁੱਲ ਦਾ ਪਾਣੀ ਵੀ ਨਹੀਂ ਮਿਲੇਗਾ। ਅੱਜ ਹਾਲਾਤ ਇਹ ਬਣ ਰਹੇ ਹਨ ਕਿ ਸਾਡੇ ਕੋਲ ਧਰਤੀ ਹੇਠਾਂ ਪੀਣ ਯੋਗ ਪਾਣੀ ਮਹਿਜ਼ 10-12 ਸਾਲ ਦਾ ਹੀ ਰਹਿ ਗਿਆ ਹੈ। ਧਰਤੀ ਹੇਠਲੇ ਪਾਣੀ ਨੂੰ ਸੰਭਾਲ ਕੇ ਮੋਗਾ ਨੂੰ ‘ ਡਾਰਕ ਜ਼ੋਨ ‘ ਵਿੱਚੋਂ ਕੱਢਣਾ ਅੱਜ ਸਮੇਂ ਦੀ ਮੁੱਖ ਲੋੜ ਹੈ।
ਉਹਨਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਸਭ ਤੋਂ ਜਿਆਦਾ ਜਰੂਰੀ ਹੈ ਕਿ ਖੇਤੀ ਲੋੜਾਂ ਲਈ ਧਰਤੀ ਹੇਠਲੇ ਪਾਣੀ ਦੀ ਵਰਤੋਂ ਨੂੰ ਘਟਾਇਆ ਜਾਵੇ। ਖੇਤੀ ਲਈ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ। ਪਰ ਸਾਡਾ ਨਹਿਰੀ ਪਾਣੀ ਸਿੰਚਾਈ ਢਾਂਚਾ ਖਤਮ ਹੋਣ ਕਿਨਾਰੇ ਹੈ। ਵੱਡੀ ਪੱਧਰ ਉੱਤੇ ਕਿਸਾਨਾਂ ਨੇ ਸੂਏ, ਕੱਸੀਆਂ, ਨਾਲ੍ਹਿਆਂ ਅਤੇ ਖਾਲ੍ਹਾਂ ਨੂੰ ਆਪਣੀ ਜ਼ਮੀਨ ਵਿੱਚ ਮਿਲਾ ਲਿਆ ਹੈ। ਨਤੀਜਨ ਲੋੜਵੰਦ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਨਹੀਂ ਪਹੁੰਚ ਰਿਹਾ। ਇਸੇ ਕਰਕੇ ਪੰਜਾਬ ਸਰਕਾਰ ਦੇ ਆਦੇਸ਼ ਉੱਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਜ਼ਿਲ੍ਹਾ ਮੋਗਾ ਵਿੱਚ ਪੱਕੇ ਖਾਲ੍ਹਿਆਂ ਦੀ ਮੁੜ ਕਾਇਮੀ ਕਰਨ ਦਾ ਫੈਸਲਾ ਕੀਤਾ ਗਿਆ ਹੈ।ਉਹਨਾਂ ਸਿੰਚਾਈ ਅਤੇ ਨਹਿਰੀ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹਾ ਮੋਗਾ ਵਿੱਚ ਪੈਂਦੇ ਸੂਏ, ਕੱਸੀਆਂ, ਨਾਲ੍ਹਿਆਂ ਅਤੇ ਖਾਲ੍ਹਾਂ ਦੀ ਅਸਲ ਲੰਬਾਈ, ਬੁਨਿਆਦੀ ਢਾਂਚਾ ਅਤੇ ਹੋਰ ਤੱਥਾਂ ਸਬੰਧੀ ਰਿਪੋਰਟ ਤਿਆਰ ਕਰਕੇ ਭੇਜਣ ਤਾਂ ਜੋ ਇਸ ਸਬੰਧੀ ਸਰਕਾਰ ਪੱਧਰ ਉੱਤੇ ਕਰਵਾਈ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਸੂਏ, ਕੱਸੀਆਂ, ਨਾਲ੍ਹਿਆਂ ਅਤੇ ਖਾਲ੍ਹਾਂ ਦੀ ਸਫ਼ਾਈ ਅਤੇ ਪੁਨਰ ਸੁਰਜੀਤੀ ਲਈ ਵਿਭਾਗੀ ਕਾਰਵਾਈ ਹੁਣੇ ਤੋਂ ਆਰੰਭ ਦਿੱਤੀ ਜਾਵੇ। ਜਿੱਥੇ ਕਿਤੇ ਨਿਸ਼ਾਨਦੇਹੀ ਆਦਿ ਦੀ ਲੋੜ ਪੈਂਦੀ ਹੈ ਤਾਂ ਮਾਲ ਵਿਭਾਗ ਨੂੰ ਲੋੜੀਂਦਾ ਸਹਿਯੋਗ ਕਰਨ ਬਾਰੇ ਹਦਾਇਤ ਕੀਤੀ ਗਈ।ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਟੀਚਾ ਹੈ ਕਿ ਕਿਸਾਨਾਂ ਨੂੰ ਅਗਾਮੀ ਝੋਨੇ ਦੇ ਸੀਜਨ ਦੌਰਾਨ ਆਪਣੀਆਂ ਫਸਲਾਂ ਨੂੰ ਨਹਿਰੀ ਪਾਣੀ ਨਾਲ ਸਿੰਚਾਈ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ਇਸ ਲਈ ਕਿਸਾਨਾਂ ਦੇ ਛੋਟੇ ਛੋਟੇ ਇਕੱਠ ਉਹਨਾਂ ਦੇ ਖੇਤਰਾਂ, ਖੇਤਾਂ ਅਤੇ ਸੱਥਾਂ ਵਿੱਚ ਕੀਤੇ ਜਾਣਗੇ। ਕਿਸਾਨਾਂ ਨੂੰ ਪਾਣੀ ਦੀ ਯੋਗ ਵਰਤੋਂ ਬਾਰੇ ਜਾਗਰੂਕ ਕੀਤਾ ਜਾਵੇਗਾ।ਇਸ ਮੌਕੇ ਹਾਜ਼ਰ ਬਾਬਾ ਗੁਰਮੀਤ ਸਿੰਘ ਨੇ ਭਰੋਸਾ ਦਿੱਤਾ ਕਿ ਉਹ ਅਤੇ ਉਹਨਾਂ ਦੀ ਸੰਸਥਾ ਇਸ ਕਾਰਜ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣਗੇ। ਉਹਨਾਂ ਕਿਹਾ ਕਿ ਇਹ ਸਾਡੀ ਸਾਰਿਆਂ ਦੀ ਸਾਂਝੀ ਜਿੰਮੇਵਾਰੀ ਹੈ ਕਿ ਆਪਣੇ ਕੱਲ੍ਹ ਨੂੰ ਬਚਾਉਣ ਲਈ ਅਸੀਂ ਧਰਤੀ ਹੇਠਲੇ ਪਾਣੀ ਦੀ ਸੁਯੋਗ ਵਰਤੋਂ ਕਰੀਏ।

LEAVE A REPLY

Please enter your comment!
Please enter your name here