ਪਟਿਆਲਾ (ਧਰਮਿੰਦਰ) ਈਟੀਟੀ ਕੈਡਰ ਦੀਆਂ 5994 ਅਸਾਮੀਆਂ ਦੀ ਪ੍ਰੀਖਿਆ ਦਾ ਨਤੀਜਾ ਜਾਰੀ ਕਰਨ ’ਤੇ ਲੱਗੀ ਰੋਕ ਸਬੰਧੀ ਵੀਰਵਾਰ ਨੂੰ ਹਾਈ ਕੋਰਟ ’ਚ ਸੁਣਵਾਈ ਹੋਈ। ਇਸ ਰੋਕ ਸਬੰਧੀ ਹੋਈ ਬਹਿਸ ਤੋਂ ਬਾਅਦ ਹਾਈ ਕੋਰਟ ਨੇ ਅੱਜ ਮੁੜ ਤੋਂ ਸੁਣਵਾਈ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਈਟੀਟੀ ਟੈੱਟ ਪਾਸ ਬੇਰੁਜ਼ਗਾਰ 5994 ਅਧਿਆਪਕ ਯੂਨੀਅਨ ਪੰਜਾਬ ਦੀ 11 ਮੈਂਬਰੀ ਸੂਬਾ ਕਮੇਟੀ ਮੈਂਬਰ ਬਲਿਹਾਰ ਸਿੰਘ ਬੱਲੀ, ਅਮਨ ਰਾਣਾ ਤੇ ਜਸਪ੍ਰੀਤ ਸਿੰਘ ਜੱਸ ਸੰਧਵਾਂ ਮਾਨਸਾ ਨੇ ਦੱਸਿਆ ਕਿ ਈਟੀਟੀ ਕੈਡਰ ਦੀ 5994 ਪ੍ਰੀਖਿਆ ਜੋ 5 ਮਾਰਚ 2023 ਨੂੰ ਲਈ ਗਈ ਸੀ, ਉਸਦਾ ਨਤੀਜਾ ਜਾਰੀ ਕਰਨ ’ਤੇ ਹਾਈ ਕੋਰਟ ਨੇ ਰੋਕ ਲਗਾਈ ਹੋਈ ਹੈ, ਜਿਸ ਦੀ ਤਰੀਕ 16 ਅਗਸਤ ਤੈਅ ਹੋਈ ਸੀ। ਪਰ ਯੂਨੀਅਨ ਨੇ ਸਮੂਹ ਈਟੀਟੀ ਕੈਡਰ ਪਾਸੋਂ ਫੰਡ ਇਕੱਠਾ ਕਰ ਕੇ ਤਰੀਕ ਜਲਦੀ ਲੈਣ ਲਈ ਪਟੀਸ਼ਨ ਲਗਾਈ ਸੀ। ਜਿਸ ਦੀ ਤਰੀਕ ਪਹਿਲਾਂ 25 ਮਈ 2023 ਮਿਲੀ, ਜਿਸ ਸਬੰਧੀ ਬਹਿਸ ਉਪਰੰਤ ਹਾਈ ਕੋਰਟ ਨੇ 26 ਮਈ 2023 ਭਾਵ ਕਿ ਅੱਜ ਮੁੜ ਤੋਂ ਇਸ ਕੇਸ ਦੀ ਸੁਣਵਾਈ ਲਈ ਤਰੀਕ ਦਿੱਤੀ ਹੈ। ਜਿਸ ਸਬੰਧੀ ਅੱਜ ਮੁੜ ਸੁਣਵਾਈ ਹੋਵੇਗੀ। ਉਕਤ ਆਗੂਆਂ ਨੇ ਦੱਸਿਆ ਕਿ ਈਟੀਟੀ ਟੈੱਟ ਪਾਸ ਬੇਰੁਜ਼ਗਾਰ 5994 ਅਧਿਆਪਕ ਯੂਨੀਅਨ ਪੰਜਾਬ ਵੱਲੋਂ ਕੀਤੇ ਗਏ ਐਡਵੋਕੇਟ ਵੱਲੋਂ ਤੱਥਾਂ ਅਧਾਰਿਤ ਬਹਿਸ ਕੀਤੀ ਗਈ। ਜਿਸ ਦੇ ਚੱਲਦੇ ਹਾਈ ਕੋਰਟ ਨੇ ਵੀਰਵਾਰ ਨੂੰ ਮੁੜ ਤੋਂ ਸੁਣਵਾਈ ਕਰਨ ਦਾ ਸਮਾਂ ਨਿਸ਼ਚਿਤ ਕਰਦਿਆਂ ਸਬੰਧਿਤ ਸਕੂਲੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਕੇਸ ਸਬੰਧੀ ਦਸਤਾਵੇਜ਼ ਪੇਸ਼ ਕਰਨ ਲਈ ਵੀ ਕਿਹਾ ਹੈ।
ਸੂਬਾ ਕਮੇਟੀ ਮੈਂਬਰ ਬਲਿਹਾਰ ਸਿੰਘ ਬੱਲੀ, ਅਮਨ ਰਾਣਾ ਤੇ ਜਸਪ੍ਰੀਤ ਸਿੰਘ ਜੱਸ ਸੰਧਵਾਂ ਮਾਨਸਾ ਨੇ ਮੁੜ ਤੋਂ ਸਮੂਹ ਈਟੀਟੀ ਕੈਡਰ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਇਹ ਭਰਤੀ ਪੂਰੀ ਕਰਵਾਉਣ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ, ਜੋ ਭਰਤੀ ਪੂਰੀ ਹੋਣ ਤੱਕ ਜਾਰੀ ਰਹਿਣਗੇ।