ਕਪੂਰਥਲਾ, 29 ਮਈ (ਲਿਕੇਸ਼ ਸ਼ਰਮਾ – ਵਿਕਾਸ ਮਠਾੜੂ) : ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਨੇ ਕਿਹਾ ਹੈ ਕਿ ਸ਼ਹਿਰੀ ਖੇਤਰਾਂ ਅੰਦਰ ਆਵਾਜਾਈ ਵਿਵਸਥਾ ਨੂੰ ਹੋਰ ਸੁਚਾਰੂ ਤਰੀਕੇ ਨਾਲ ਚਲਾਉਣਾ ਸਮੇਂ ਦੀ ਲੋੜ ਹੈ ਤਾਂ ਜੋ ਲੋਕਾਂ ਨੂੰ ਆਵਾਜਾਈ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।ਅੱਜ ਇੱਥੇ ਐਸ.ਐਸ.ਪੀ. ਕਪੂਰਥਲਾ ਸ਼੍ਰੀ ਰਾਜਪਾਲ ਸਿੰਘ ਸੰਧੂ ਸਮੇਤ ਜਿਲ੍ਹੇ ਦੇ ਸਿਵਲ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਆਵਾਜਾਈ ਦੇ ਨਿਯਮਾਂ ਬਾਰੇ ਜਾਣਕਾਰੀ ਲਈ ਵਿਸ਼ੇਸ ਮੁਹਿੰਮ ਚਲਾਈ ਜਾਵੇ।ਸਕੂਲਾਂ ਤੇ ਕਾਲਜਾਂ ਅੰਦਰ ਵਿਦਿਆਰਥੀਆਂ ਨੂੰ ਸੜਕੀ ਨਿਯਮਾਂ ਤੇ ਉਨ੍ਹਾਂ ਦੀ ਉਲੰਘਣਾ ਕਾਰਨ ਹੋ ਸਕਣ ਵਾਲੇ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ ਜਾਵੇ।ਉਨ੍ਹਾਂ ਨਗਰ ਨਿਗਮ ਕਮਿਸ਼ਨਰ ਫਗਵਾੜਾ ਡਾ. ਨਯਨ ਜੱਸਲ ਤੇ ਨਗਰ ਨਿਗਮ ਕਪੂਰਥਲਾ ਦੀ ਕਮਿਸ਼ਨਰ ਅਨੁਪਮ ਕਲੇਰ ਨੂੰ ਕਿਹਾ ਕਿ ਸ਼ਹਿਰੀ ਖੇਤਰਾਂ ਦੇ ਬਾਜ਼ਾਰਾਂ ਅੰਦਰ ਕੀਤੇ ਨਜ਼ਾਇਜ਼ ਕਬਜਿਆਂ ਨੂੰ ਹਟਾਇਆ ਜਾਵੇ। ਇਸ ਤੋਂ ਇਲਾਵਾ ਹਰੇਕ ਸੜਕ ਉੱਪਰ ਯੈਲੋ ਲਾਇਨ ਲਗਾਈ ਜਾਵੇ। ਇਸ ਤੋਂ ਇਲਾਵਾ ਪਾਰਕਿੰਗ ਦੀ ਸਹੂਲਤ ਲਈ ਹੋਰ ਸੰਭਾਵਨਾਵਾਂ ਤਲਾਸ਼ਣ ਦੇ ਹੁਕਮ ਵੀ ਦਿੱਤੇ ਗਏ।ਇਸ ਮੌਕੇ ਐਸ.ਐਸ.ਪੀ. ਕਪੂਰਥਲਾ ਨੇ ਕਿਹਾ ਕਿ ਅਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤੀ ਵਰਤੀ ਜਾਵੇਗੀ ਤੇ ਵਿਸ਼ੇਸ਼ ਕਰਕੇ ਨਬਾਲਿਗ ਬੱਚਿਆਂ ਵਲੋਂ ਵਾਹਨ ਚਲਾਉਣ ਦੇ ਕੇਸਾਂ ਨੂੰ ਰੋਕਿਆ ਜਾਵੇਗਾ ਤਾਂ ਜੋ ਹਾਦਸਿਆਂ ਨੂੰ ਘਟਾਇਆ ਜਾ ਸਕੇ।ਉਨਾਂ ਇਹ ਵੀ ਕਿਹਾ ਕਿ ਕਪੂਰਥਲਾ ਪੁਲਿਸ ਵਲੋਂ ਨਜ਼ਾਇਜ਼ ਕਬਜਿਆਂ ਨੂੰ ਹਟਾਉਣ ਦੇ ਮਾਮਲਿਆਂ ਵਿਚ ਸਿਵਲ ਪ੍ਰਸ਼ਾਸ਼ਨ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਅਮਰਪ੍ਰੀਤ ਕੌਰ, ਐਸ.ਪੀ ਤੇਜਬੀਰ ਸਿੰਘ ਹੁੰਦਲ, ਐਸ.ਡੀ. ਐਮ. ਲਾਲ ਵਿਸ਼ਵਾਸ਼ ਬੈਂਸ, ਸੰਜੀਵ ਸ਼ਰਮਾ ਤੇ ਪੁਲਿਸ ਦੇ ਹੋਰ ਅਧਿਕਾਰੀ ਹਾਜ਼ਰ ਸਨ।