◾️ਗੁਰਭਜਨ ਗਿੱਲ
ਜਿਸਨੂੰ ਪੜ੍ਹ ਸੁਣ ਕੇ
ਤੁਸੀਂ ਵਾਹਵਾ ਕਿਹਾ,
ਉਹ ਮੇਰੀ ਕਵਿਤਾ ਨਹੀਂ ਸੀ ।
ਵੈਣ ਸਨ
ਅਣਵਗੇ ਅੱਥਰੂ ਸਨ ।
ਕਾਲਜੇ ਚੋਂ ਉੱਠੇ ਅਲੰਬੇ ਸਨ ।
ਕੀਰਨੇ ਸਨ
ਦੁਹੱਥੜੀ ਪਿੱਟਦੀ ਧਰਤੀ ਮਾਂ ਦੇ ।
ਧੀਆਂ ਦੇ ਸੁਹਾਗ ਗੁਆਚਣ ਦੇ ਵਿਯੋਗ ਵਿਚ,
ਅੰਬਰ ਨੂੰ ਛੋਹੰਦੀਆਂ ਲਾਟਾਂ ਸਨ ।
ਕਾਲੀ ਹਨੇਰੀ ਰਾਤ ਵਿਚ
ਭੌਂਕਦੇ ਕੁੱਤਿਆਂ ਦੇ ਖਿਲਾਫ਼,
ਉਹ ਤਾਂ ਚੌਕੀਂਦਾਰ ਦੀ
ਡਾਂਗ ਦਾ ਖੜਾਕ ਸੀ ।
ਜਾਗੋ ਮੀਟੀ ਵਿਚ
ਲੰਮੇ ਪਏ ਬਜ਼ੁਰਗ ਦਾ ਖੰਘੂਰਾ ਸੀ,
ਜਵਾਨ ਉਮਰੇ
ਮਾਰੀ ਬੜ੍ਹਕ ਸੀ ।
ਉਹ ਤਾਂ ਛਮ ਛਮ
ਠੁਮਕ ਠੁਮਕ ਤੁਰਦੀ,
ਮੁਟਿਆਰ ਦੇ ਅੱਗੇ ਅੱਗੇ ਤੁਰਦਾ,
ਕੈਂਠੇ ਵਾਲਾ ਪ੍ਰਾਹੁਣਾ ਬਣਨ ਦਾ
ਹੁਸੀਨ ਸੁਪਨਾ ਸੀ ।
ਜੋ ਥੋੜ੍ਹ-ਜ਼ਮੀਨੇ ਜੱਟ ਦੇ ਪੁੱਤ ਨੂੰ
ਨਸੀਬ ਨਾ ਹੋਇਆ ।
ਪੈਰ ਦੀ ਪਾਟੀ ਬਿਆਈ ਸੀ,
ਚਿਲੂੰ ਚਿਲੂੰ ਕਰਦਾ ਦਰਦ ਸੀ ।
ਕਿਆਰੀ ‘ਚ ਖਿੜੇ ਫੁੱਲਾਂ ਵਰਗੇ,
ਬਾਲਾਂ ਦਾ ਤੋਤਲਾ ਮਾਸੂਮ ਹਾਸਾ ਸੀ ।
ਮੰਜਾ ਫੜ ਕੇ ਨਾਲ ਨਾਲ
ਤੁਰਨ ਦਾ ਪਹਿਲ ਪਲੇਠਾ
ਬਾਲੜਾ ਚਾਅ ਸੀ ।
ਬਾਸਮਤੀ ਵਾਲੀ ਪੈਲੀ ‘ਚੋਂ
ਉੱਠਦੀ ਰਸੀਲੀ ਮਹਿਕ ਸੀ ।
ਆਏ ਗਏ ਲਈ
ਸ਼ਹਿਰੋਂ ਲਿਆਂਦੀ
ਸਾਬਣ ਦੀ ਟਿੱਕੀ ਸੀ ।
ਜਿਸ ਦੇ ਉੱਪਰਲੇ ਕਾਗਜ਼ ਨੂੰ
ਸੁੰਘ ਸੁੰਘ ਕੇ,
ਅਸੀਂ ਨਿੱਕੇ ਹੁੰਦਿਆਂ ਫਾਵੇ ਹੁੰਦੇ ਰਹੇ ।
ਤੁਸੀਂ ਜਿਸਨੂੰ
ਕਵਿਤਾ ਦਾ ਨਾਮ ਦੇਂਦੇ ਰਹੇ,
ਨਾਜਾਇਜ਼ ਰਿਸ਼ਤਿਆਂ ਦੀ
ਪਰਿਕਰਮਾ ਸੀ ।
ਬੇਗਾਨੀਆਂ ਧੀਆਂ ਭੈਣਾਂ ਦੇ
ਜਿਸਮਾਂ ਦਾ ਜੁਗਰਾਫ਼ੀਆ ਸੀ ।
ਬੀਵੀ ਤੋਂ ਚੋਰੀ ਮਾਣੀਆਂ
ਖੁੱਲ੍ਹਾਂ ਦੀ ਫ਼ਹਿਰਿਸਤ ਸੀ ।
ਮਜਬੂਰੀ ਵੱਸ
ਹਰਾਮਖੋਰਾਂ ਦੇ ਚੁੰਗਲ ‘ਚ ਫਸੀ,
ਗਰੀਬ ਘਰ ਦੀ
ਜੰਮੀ ਜਾਈ ਦਾ ਭਰਮ ਸੀ।
ਅੱਥਰੇ ਅਮੋੜ ਕਾਮੀ ਘੋੜੇ ਦੀ
ਬੇਰੋਕ ਦੌੜ ਸੀ ।
ਉਹ ਮੇਰੀ ਕਵਿਤਾ ਨਹੀਂ ਸੀ ।
ਤੁਸੀਂ ਜਿਸ ਨੂੰ
ਮਹਾਨ ਕਵਿਤਾ ਆਖਦੇ ਰਹੇ,
ਸ਼ਰਾਬ ਕਬਾਬ ਤੇ ਸ਼ਬਾਬ ਨਾਲ,
ਵਿਦਵਾਨਾਂ ਪਾਸੋਂ ਖ਼ਰੀਦੀ
ਫੋਕੀ ਵਾਹਵਾ ਸੀ ।
ਵਿਸ਼ਵ ਵਿਦਿਆਲਿਆਂ ਦੀ
ਬਦਬੂ ਮਾਰਦੀ ਲਿਆਕਤ ਸੀ,
ਜੋ ਰਖੇਲ ਬਣ ਕੇ
ਗੋਸ਼ਟੀ ਹਾਲ ਵਿਚ,
ਝਾਂਜਰਾਂ ਦੇ ਬੋਰ ਛਣਕਾਉਂਦੀ ਰਹੀ ।
ਉਹ ਮੇਰੀ ਕਵਿਤਾ ਨਹੀਂ ਸੀ ।
ਜਿਸਨੂੰ ਪੜ੍ਹ ਕੇ
ਤੁਸੀਂ ਨੱਕ ਬੁੱਲ੍ਹ ਵੱਟਦੇ ਰਹੇ,
ਉਹ ਅਤਰ ਫੁਲੇਲਾਂ ਨਾਲ
ਲਬਰੇਜ਼ ਤ੍ਰੀਮਤ ਨਹੀਂ ਸੀ ।
ਪਾਰਦਰਸ਼ੀ ਵਸਤਰਾਂ ਵਿਚ
ਲਿਪਟੀ ਅਮਰ ਵੇਲ ਵਰਗੀ,
ਸੋਨੇ ਦੀ ਤਾਰ ਜਿਹੀ ਨਾਰ ਨਹੀਂ ਸੀ ।
ਜਿਸਨੂੰ ਤੁਸੀਂ
ਸਰਸਵਤੀ ਦੀ ਪਲੇਠੀ ਧੀ ਆਖ ਕੇ,
ਉਹਦੇ ਪੈਰਾਂ ਦੀਆਂ
ਤਲੀਆਂ ਚੱਟਦੇ ਰਹੇ
ਉਹ ਮੇਰੀ ਕਵਿਤਾ ਨਹੀਂ ਸੀ ।
ਮੇਰੀ ਕਵਿਤਾ ਤਾਂ
ਅੱਥਰੇ ਘੋੜੇ ਤੇ ਸਵਾਰ
ਦੁੱਲੇ ਦੀ ਵੰਗਾਰ ਸੀ।
ਸੂਰਮੇ ਲਹੂ ਨਾਲ
ਲਿਖੀ ਸੁਰਖ ਬਹਾਰ ਸੀ
ਹਾਕਮ ਦੇ ਮੱਥੇ
ਖਿੰਘਰ ਵਾਂਗ ਵੱਜਦੀ ਫਿਟਕਾਰ ਸੀ
ਜਿਸ ਨੂੰ ਤੁਸੀਂ
ਮਹਾਨਤਾ ਦੀ ਕਲਗੀ ਸਜਾਉਂਦੇ ਰਹੇ
ਉਹ ਮੇਰੀ ਕਵਿਤਾ ਨਹੀਂ ਸੀ।
🟦
“ਅਗਨ ਕਥਾਾ” ਵਿੱਚੋਂ
ਪ੍ਰਕਾਸ਼ਕਃ ਚੇਤਨਾ ਪ੍ਰਕਾਸ਼ਨ
ਪੰਜਾਬੀ ਭਵਨ
ਲੁਧਿਆਣਾ