ਜਗਰਾਓਂ, 13 ਜੂਨ ( ਬੌਬੀ ਸਹਿਜਲ, ਧਰਮਿੰਦਰ )-ਪੁਲਿਸ ਜ਼ਿਲ੍ਹਾ ਲੁਧਿਆਣਾ ਦੇਹਾਤ ਅਧੀਨ ਵੱਖ-ਵੱਖ ਪੁਲਿਸ ਪਾਰਟੀਆਂ ਵੱਲੋਂ 5 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 2655 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਥਾਣਾ ਸੁਧਾਰ ਤੋਂ ਏ.ਐਸ.ਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਬੱਸ ਸਟੈਂਡ ਪਿੰਡ ਬੋਪਾਰਾਏ ਵਿਖੇ ਚੈਕਿੰਗ ਲਈ ਮੌਜੂਦ ਸਨ। ਉੱਥੇ ਸੂਚਨਾ ਮਿਲੀ ਸੀ ਕਿ ਮੋਹਿਤ ਕੁਮਾਰ ਅਰੋੜਾ ਵਾਸੀ ਸਮਰਾਲਾ ਚੌਕ, ਆਦਰਸ਼ ਨਗਰ, ਲੁਧਿਆਣਾ ਪਾਬੰਦੀਸ਼ੁਦਾ ਗੋਲੀਆਂ ਵੇਚਣ ਦਾ ਧੰਦਾ ਕਰਦਾ ਹੈ। ਜੋ ਆਪਣੀ ਐਕਟਿਵਾ ਸਕੂਟੀ ’ਤੇ ਗੋਲੀਆਂ ਲੈ ਕੇ ਆ ਰਿਹਾ ਹੈ। ਇਸ ਸੂਚਨਾ ’ਤੇ ਮੋਹਿਤ ਕੁਮਾਰ ਅਰੋੜਾ ਨੂੰ ਪਿੰਡ ਬੋਪਾਰਾਏ ਕਲਾ ਦੇ ਬਾਹਰ ਮੇਨ ਜੀ.ਟੀ ਰੋਡ ਮੁੱਲਾਪੁਰ ਤੋਂ ਰਾਏਕੋਟ ਰੋਡ ’ਤੇ ਨਾਕਾਬੰਦੀ ਕਰਕੇ 2400 ਵੱਖ-ਵੱਖ ਤਰ੍ਹਾਂ ਦੀਆਂ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ। ਥਾਣਾ ਹਠੂਰ ਤੋਂ ਸਬ ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਪੈਟਰੋਲ ਪੰਪ ਲਿੰਕ ਰੋਡ ਲੱਖਾ ਵਿਖੇ ਚੈਕਿੰਗ ਲਈ ਮੌਜੂਦ ਸਨ। ਉਥੇ ਮਿਲੀ ਸੂਚਨਾ ਦੇ ਆਧਾਰ ’ਤੇ ਪਾਲ ਸਿੰਘ ਉਰਫ ਪਾਲੀ ਵਾਸੀ ਪਿੰਡ ਡੱਲਾ ਨੂੰ 95 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ। ਸਬ-ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਸਮੇਤ ਚੈਕਿੰਗ ਦੌਰਾਨ ਜਗਦੇਵ ਸਿੰਘ ਉਰਫ ਦੇਵੀ ਅਤੇ ਜਸਵੰਤ ਸਿੰਘ ਵਾਸੀ ਸੂਆ ਪੱਤੀ ਮਾਣੂੰਕੇ ਨੂੰ ਮੋਟਰਸਾਈਕਲ ’ਤੇ ਸਵਾਰ ਹੋ ਕੇ ਲਿਜਾਂਦੇ ਸਮੇਂ 180 ਨਸ਼ੀਲੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਕਾਬੂ ਕੀਤਾ ਗਿਆ। ਪੁਲਿਸ ਚੌਂਕੀ ਗਾਲਿਬ ਕਲਾਂ ਤੋਂ ਏ.ਐਸ.ਆਈ ਹਰਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਚੈਕਿੰਗ ਲਈ ਜਾ ਰਹੇ ਸੀ ਤਾਂ ਟੀ ਪੁਆਇੰਟ ਸ਼ੇਰਪੁਰ ਰੋਡ ਤੋਂ ਪਿੰਡ ਗਾਲਿਬ ਕਲਾਂ ਕੋਲ ਬੈਠਾ ਇੱਕ ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਤੇਜ਼ੀ ਨਾਲ ਉਥੋਂ ਭੱਜਣ ਲੱਗਾ। ਜਿਸ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 50 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਉਸ ਦੀ ਪਛਾਣ ਗੁਰਵਿੰਦਰਜੀਤ ਸਿੰਘ ਉਰਫ ਗੋਲਡੀ ਵਾਸੀ ਪਿੰਡ ਗਾਲਿਬ ਕਲਾ ਵਜੋਂ ਹੋਈ ਹੈ। ਇਨ੍ਹਾਂ ਸਾਰਿਆਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤੇ ਗਏ ਹਨ।