ਜਗਰਾਓਂ, 21 ਜੂਨ ( ਭਗਵਾਨ ਭੰਗੂ )-ਹੀਰਾ ਬਾਗ ਦੀ ਨੌਂ ਨੰਬਰ ਗਲੀ ’ਚ ਪਿਛਲੇ ਕਈ ਦਿਨਾਂ ਤੋਂ ਐਨ.ਆਰ.ਆਈਜ਼ ਪਰਿਵਾਰ ਦੀ ਕੋਠੀ ’ਤੇ ਵਿਧਾਇਕ ਸਰਬਜੀਤ ਕੌਰ ਮਾਣੂਕੇ ਵੱਲੋਂ ਕੋਠੀ ’ਤੇ ਕਬਜ਼ਾ ਕਰਨ ਦੇ ਦੋਸ਼ਾਂ ਤੋਂ ਬਾਅਦ ਜਾਅਲੀ ਮੁਖਤਿਆਰਨਾਮੇ ਤੇ ਰਜਿਸਟਰੀ ਕਰਵਾਉਣ ਵਾਲੇ ਅਸ਼ੋਕ ਕੁਮਾਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਵੀ ਜਗਰਾਓਂ ਨਿਵਾਸੀਆਂ ਸਮੇਤ ਪੰਜਾਬ ਅਤੇ ਵਿਦੇਸ਼ਾਂ ਵਿੱਚ ਵੀ ਇਸ ਵੱਡੇ ਫਰਾਡ ਨੂੰ ਦੇਖਦੇ ਹੋਏ ਰੋਸ ਦੀ ਲਹਿਰ ਹੈ । ਹਰ ਪਾਸੇ ਇੰਨੀ ਜਹਪਦਸਤ ਚਰਚਾ ਹੋਣ ਦੇ ਬਾਵਜੂਦ ਵੀ ਹਰ ਛੋਟੀ ਛੋਟੀ ਗੱਲ ਤੇ ਮੀਡੀਆ ਸਾਹਮਣੇ ਆਉਣ ਵਾਲੇ ਲੁਧਿਆਣਾ ਜਿਲੇ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਜਗਰਾਓਂ ਦੀ ਰਾਜਨੀਤੀ ਵਿਚ ਹਮੇਸ਼ਾ ਦਿਲਚਸਪੀ ਰੱਖਣ ਵਾਲੇ ਸਾਬਕਾ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਇੱਕ ਵੀ ਸ਼ਬਦ ਨਹੀਂ ਬੋਲਿਆ ਗਿਆ। ਜਿਸ ਨੂੰ ਲੈ ਕੇ ਜਗਰਾਉਂ ਇਲਾਕੇ ਵਿੱਚ ਕਾਫੀ ਚਰਚਾ ਹੈ। ਦੱਸਣਯੋਗ ਹੈ ਕਿ ਕੋਠੀ ਦੀ ਖਰੀਦ ਕਰਨ ਵਾਲੇ ਕਰਮ ਸਿੰਘ ਦੇ ਬਿਆਨਾਂ ’ਤੇ ਜਾਅਲੀ ਮੁਖ਼ਤਿਆਰ ਨਾਮੇ ਤੇ ਕੋਠੀ ਵੇਚਣ ਵਾਲੇ ਵਿਅਕਤੀ ਅਸ਼ੋਕ ਕੁਮਾਰ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਇਹ ਉਹੀ ਸਖਸ ਹੈ ਜਿਸਨੂੰ ਕੁਝ ਸਮਾਂ ਪਹਿਲਾਂ ਜਗਰਾਓਂ ਟਰੱਕ ਯੂਨੀਅਨ ਰਾਹੀਂ ਕਣਕ ਦੀ ਢੋਆ-ਢੁਆਈ ਦਾ ਠੇਕਾ ਦਿੱਤਾ ਗਿਆ ਸੀ ਅਤੇ ਜਰੂਰਤ ਅਨੁਸਾਰ ਗੱਡੀਆਂ ਉਸ ਪਾਸ ਉਪਲਬਧ ਨਾ ਹੋਣ ਅਤੇ ਜਾਅਲੀ ਗੱਡੀਆਂ ਦਰਸਾ ਕੇ ਠੇਕਾ ਲੈਣ ਦੇ ਦੋਸ਼ ਲੱਗੇ ਸਨ, ਜਿਸ ’ਤੇ ਸੰਸਦ ਮੈਂਬਰ ਰਵਨੀਤ ਬਿੱਟੂ ਵਿਸ਼ੇਸ਼ ਤੌਰ ’ਤੇ ਜਗਰਾਉਂ ਪਹੁੰਚੇ ਸਨ ਅਤੇ ਜਗਰਾਓਂ ਦੀ ਟਰੱਕ ਯੂਨੀਅਨ ਵਿੱਚ ਬੈਠੇ ਇੱਕ ਦਿਨ ਇੱਥੇ ਰੋਸ ਪ੍ਰਦਰਸ਼ਨ ਕਰਦਿਆਂ ਅਧਿਕਾਰੀਆਂ ਨੂੰ ਵੀ ਜਵਾਬਦੇਹ ਠਹਿਰਾਇਆ। ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਅਸ਼ੋਕ ਕੁਮਾਰ ਦਾ ਠੇਕਾ ਰੱਦ ਕਰਕੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਨਜ਼ਦੀਕੀ ਰਮੇਸ਼ ਕੁਮਾਰ ਨੂੰ ਇਹ ਠੇਕਾ ਦੇ ਦਿਤਾ ਸੀ। ਇਸ ਲਈ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਉਕਤ ਅਸ਼ੋਕ ਕੁਮਾਰ ਤੋਂ ਪੂਰੀ ਤਰ੍ਹਾਂ ਜਾਣੂ ਹਨ, ਫਿਰ ਵੀ ਇਸ ਵੱਡੇ ਸਕੈਂਡਲ ਦੇ ਸਾਹਮਣੇ ਆਉਣ ਦੇ ਬਾਵਜੂਦ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਐਨ.ਆਰ.ਆਈ. ਪਰਿਵਾਰ ਦੇ ਹੱਕ ’ਚ ਕੋਈ ਬਿਆਨ ਨਹੀਂ ਦਿੱਤਾ ਅਤੇ ਨਾ ਹੀ ਉਨ੍ਹਾਂ ਨੇ ਆਉਣ ਦੀ ਜ਼ਰੂਰਤ ਮਹਿਸੂਸ ਕੀਤੀ। ਇਸ ਗੱਲ ਦੀ ਕਾਫੀ ਚਰਚਾ ਹੋ ਰਹੀ ਹੈ ਅਤੇ ਜੇਕਰ ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਨੇ ਮੁੜ ਰਵਨੀਤ ਬਿੱਟੂ ਨੂੰ ਟਿਕਟ ਦਿਤੀ ਤਾਂ ਉਨ੍ਹਾਂ ਨੂੰ ਇਸ ਗੱਲ ਦਾ ਵੀ ਜਵਾਬ ਦੇਣਾ ਪਏਗਾ।