ਲੜਾਈ ਅਜੇ ਖਤਮ ਨਹੀਂ ਹੋਈ, ਸਕੈਂਡਲ ਵਿਚ ਸ਼ਾਮਲ ਸਾਰੇ ਲੋਕਾਂ ’ਤੇ ਦਰਜ ਹੋਵੇ ਮੁਕੱਦਮਾ
ਜਗਰਾਉਂ, 21 ਜੂਨ ( ਭਗਵਾਨ ਭੰਗੂ, ਜਗਰੂਪ ਸੋਹੀ )-ਵਿਧਾਇਕ ਸਰਵਜੀਤ ਕੌਰ ਮਾਣੂੰਕੇ ਵੱਲੋਂ ਜਗਰਾਉਂ ਦੇ ਹੀਰਾ ਬਾਗ ਸਥਿਤ ਐਨ.ਆਰ.ਆਈ ਪਰਿਵਾਰ ਦੀ ਕੋਠੀ ’ਤੇ ਨਜਾਇਜ਼ ਕਬਜਾ ਕਰਨ ਦੇ ਦੋਸ਼ਾਂ ਦੇ ਚੱਲਦਿਆਂ ਇਸ ਘਪਲੇ ਦੇ ਵਿਰੋਧ ਕਾਰਨ ਜਾਅਲੀ ਪਾਵਰ ਆਫ ਅਟਾਰਨੀ ’ਤੇ ਰਜਿਸਟਰੀ ਕਰਵਾਉਣ ਵਾਲੇ ਅਸ਼ੋਕ ਕੁਮਾਰ ਤੇ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਤੋਂ ਬਾਅਦ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੀੜਤ ਪਰਿਵਾਰ ਦੇ ਹੱਕ ਵਿੱਚ ਵੀਰਵਾਰ ਨੂੰ ਜਗਰਾਉਂ ਆਉਣ ਦਾ ਐਲਾਨ ਕੀਤਾ ਸੀ। ਜਿਸ ਨੂੰ ਲੈ ਕੇ ਸਿਆਸੀ ਮਾਹੌਲ ਕਾਫੀ ਗਰਮਾ ਗਿਆ ਸੀ, ਪਰ ਇਸ ਤੋਂ ਪਹਿਲਾਂ ਬੁੱਧਵਾਰ ਦੇਰ ਸ਼ਾਮ ਕਰਮ ਸਿੰਘ ਸਿੱਧੂ, ਜਿਸ ਨੇ ਐਨਆਰਆਈ ਪਰਿਵਾਰ ਦੀ ਇਹ ਕੋਠੀ ਸਿਰਫ 13 ਲੱਖ ਰੁਪਏ ਵਿੱਚ ਖਰੀਦੀ ਸੀ, ਨੇ ਇਸ ਮਾਮਲੇ ਵਿੱਚ ਅਮਰਜੀਤ ਕੌਰ ਦੀ ਸ਼ਿਕਾਇਤ ’ਤੇ ਜਾਂਚ ਕਰ ਰਹੇ ਐਸ ਪੀ ਡੀ ਹਰਿੰਦਰਪਾਲ ਸਿੰਘ ਪਰਮਾਰ ਅੱਗੇ ਪੇਸ਼ ਹੋ ਕੇ ਕੋਠੀ ਦੀ ਚਾਬੀ ਉਨ੍ਹਾਂ ਹਵਾਲੇ ਕਰ ਦਿੱਤਾ। ਜਿਸ ਉਪਰੰਤ ਐਸਪੀ ਡੀ ਪਰਮਾਰ ਨੇ ਕੋਠੀ ਦੀ ਚਾਬੀ ਅਮਰਜੀਤ ਕੌਰ ਨੂੰ ਸੌਂਪੀ।
ਲੜਾਈ ਅਜੇ ਵੀ ਜਾਰੀ ਰਹੇਗੀ- ਅਮਰਜੀਤ ਕੌਰ ਦੀ ਨੂੰਹ ਨੇ ਇਸ ਮੌਕੇ ਕਿਹਾ ਕਿ ਭਾਵੇਂ ਉਨ੍ਹਾਂ ਦੀ ਕੋਠੀ ਦੀਆਂ ਚਾਬੀਆਂ ਕਰਮ ਸਿੰਘ ਵੱਲੋਂ ਉਨ੍ਹਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ ਪਰ ਇਹ ਲੜਾਈ ਅਜੇ ਖਤਮ ਨਹੀਂ ਹੋਈ। ਹੁਣ ਜਾਅਲੀ ਪਾਵਰ ਆਫ਼ ਅਟਾਰਨੀ ਤਿਆਰ ਕਰਨ ਵਾਲੇ, ਜਾਅਲੀ ਦਸਤਾਵੇਜ਼ਾਂ ਦੀ ਤਸਦੀਕ ਕਰਨ ਵਾਲੇ ਅਧਿਕਾਰੀ ਅਤੇ ਇਸ ਵੱਡੇ ਸਕੈਂਡਲ ਵਿਚ ਸ਼ਾਮਲ ਸਾਰੇ ਲੋਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਸ ਸਕੈਂਡਲ ਦਾ ਪੂਰੀ ਤਰ੍ਹਾਂ ਪਰਦਾਫਾਸ਼ ਕੀਤਾ ਜਾਵੇ। ਉਦੋਂ ਤੱਕ ਸਾਡੀ ਲੜਾਈ ਇਸੇ ਤਰ੍ਹਾਂ ਜਾਰੀ ਰਹੇਗੀ।