ਚੋਣਾਂ ਦਾ ਸੀਜ਼ਨ ਜ਼ੋਰਾਂ ’ਤੇ ਹੈ। ਦੇਸ਼ ਦੇ ਕਈ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਅਤੇ ਲੋਕ ਸਭਾ ਚੋਣਾਂ ਆਉਣ ਵਾਲੀਆਂ ਹਨ। ਇਸ ਲਈ ਸਾਰੀਆਂ ਸਿਆਸੀ ਪਾਰਟੀਆਂ ਵਾਅਦਿਆਂ ਦੇ ਪਿਟਾਰੇ ਖੋਲ੍ਹ ਕੇ ਬੈਠੀਆਂ ਹੋਈਆਂ ਹਨ। ਵੋਟਰਾਂ ਨੂੰ ਲੁਭਾਉਣ ਲਈ ਕੀਤੇ ਵਾਅਦਿਆਂ ਦੀ ਪਟਾਰੀ ਨਾਲ ਹਰ ਪਾਰਟੀ ਵੋਟਰਾਂ ਨੂੰ ਆਪਣੇ ਵੱਲ ਖਿੱਚ ਕੇ ਜਿੱਤ ਹਾਸਿਲ ਕਰਨ ਦੀ ਖਾਹਿਸ਼ ਰੱਖਦੀ ਹੈ। ਦੂਸਰੀਆਂ ਵਿਰੋਧੀ ਪਾਰਟੀਆਂ ਦੀ ਗੱਲ ਤਾਂ ਸਮਝ ਵਿੱਚ ਆਉਂਦੀ ਹੈ ਪਰ ਜਦੋਂ ਸੱਤਾਧਾਰੀ ਪਾਰਟੀ ਅਜਿਹੇ ਸ਼ਗੂਫੇ ਛੱਡ ਜਾਂਦੀ ਹੈ ਜੋ ਕਿਸੇ ਨੂੰ ਹਜ਼ਮ ਨਹੀਂ ਹੁੰਦੀ ਤਾਂ ਮਾਮਲਾ ਦਿਲਚਸਪ ਬਣ ਜਾਂਦਾ ਹੈ। ਅਜਿਹਾ ਹੀ ਸ਼ਗੂਫਾ ਭਾਰਤੀ ਜਨਤਾ ਪਾਰਟੀ ਵਲੋਂ ਰਾਜਸਥਾਨ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਛੱਡਿਆ ਗਿਆ। ਜਿਸ ਵਿਚ ਉਸਨੇ 450 ਰੁਪਏ ’ਚ ਘਰੇਲੂ ਗੈਸ ਸਿਲੰਡਰ ਦੇਣ ਦਾ ਵਾਅਦਾ ਕੀਤਾ। ਦੱਸਣਯੋਗ ਹੈ ਕਿ ਪਹਿਲਾਂ ਕਾਂਗਰਸ ਦੀ ਸਰਕਾਰ 500 ਰੁਪਏ ’ਚ ਗੈਸ ਸਿਲੰਡਰ ਉਥੇ ਦੇ ਰਹੀ ਸੀ। ਪਰ ਹੁਣ ਵੱਡਾ ਇੱਥੇ ਸਵਾਲ ਇਹ ਹੈ ਕਿ ਜੇਕਰ ਸਰਕਾਰ ਕਿਸੇ ਸੂਬੇ ਵਿੱਚ 450 ਰੁਪਏ ਦਾ ਸਿਲੰਡਰ ਦੇਣ ਦਾ ਵਾਅਦਾ ਕਰਦੀ ਹੈ ਤਾਂ ਕੇਂਦਰ ਵਿੱਚ ਵੀ ਉਹੀ ਸਰਕਾਰ ਹੈ ਤਾਂ ਫਿਰ ਦੇਸ਼ ਭਰ ਵਿੱਚ ਗੈਸ ਸਿਲੰਡਰਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ, ਬਾਕੀ ਦੇਸ਼ ਵਿਚ ਉਹ ਕਿਉਂ ਨਹੀਂ ਦੇ ਸਕਦੀ ? ਜੇਕਰ ਚੋਣਾਂ ਸਮੇਂ ਵੋਟਰਾਂ ਨੂੰ ਲੁਭਾਉਣ ਲਈ ਕੀਤਾ ਜਾ ਰਿਹਾ ਹੈ ਤਾਂ ਉਸਤੋਂ ਮੰਦਭਾਗੀ ਗੱਲ ਹੋਰ ਕੋਈ ਨਹੀਂ ਹੋ ਸਕਦੀ। ਜੇਕਰ ਸਸਤੇ ਗੈਸ ਸਿਲੰਡਰ ਦੇਣ ਦਾ ਵਾਅਦਾ ਸਿਰਫ਼ ਇੱਕ ਸੂਬੇ ਵਿੱਚ ਕੀਤਾ ਜਾ ਰਿਹਾ ਹੈ ਤਾਂ ਇਹ ਬਾਕੀ ਦੇਸ਼ ਵਾਸੀਆਂ ਨਾਲ ਵੱਡਾ ਧੋਖਾ ਹੈ ਕਿਉਂਕਿ ਇਸ ਸਮੇਂ ਇੱਕ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ ਵਿਚ ਹੈ ਅਤੇ ਦੇਸ਼ ਦੇ ਬਹੁਤੇ ਰਾਜਾਂ ਵਿੱਚ ਵੀ ਭਾਰਤੀ ਜਨਤਾ ਪਾਰਟੀ ਸੱਤਾ ਵਿੱਚ ਹੈ। ਅਜਿਹੇ ਵਿੱਚ ਕੀ ਸਿਰਫ਼ ਰਾਜਸਥਾਨ ਦੇ ਲੋਕ ਹੀ ਸਸਤੀ ਗੈਸ ਲੈਣ ਦੇ ਹੱਕਦਾਰ ਹਨ? ਬਾਕੀ ਦੇਸ਼ ਵਿੱਚ ਆਮ ਲੋਕਾਂ ਨੂੰ ਸਸਤੀ ਗੈਸ ਦੀ ਸਹੂਲਤ ਹਾਸਿਲ ਕਰਨ ਦਾ ਕੋਈ ਹੱਕ ਨਹੀਂ ਹੈ ? ਜਦੋਂ ਕੇਂਦਰ ਵਿੱਚ ਗੈਰ-ਭਾਜਪਾ ਸਰਕਾਰ ਸੀ ਤਾਂ ਦੇਸ਼ ਭਰ ਵਿੱਚ ਗੈਸ ਸਿਲੰਡਰ ਲੱਗ ਭਗ 450 ਰੁਪਏ ਵਿਚ ਹੀ ਮਿਲਦਾ ਸੀ। ਉਸ ਸਮੇਂ ਜਦੋਂ ਗੈਸ ਸਿਲੰਡਰ ਦੀ ਕੀਮਤ ਵਿੱਚ ਕੁਝ ਰੁਪਏ ਦਾ ਵਾਧਾ ਕੀਤਾ ਜਾਂਦਾ ਸੀ ਤਾਂ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਜਿਸ ਵਿੱਚ ਸਮ੍ਰਿਤੀ ਇਰਾਨੀ ਸਭ ਤੋਂ ਅੱਗੇ ਹੁੰਦੇ ਸਨ , ਉਹ ਖਾਲੀ ਸਿਲੰਡਰ ਲੈ ਕੇ ਲੈ ਕੇ ਸੜਕਾਂ ’ਤੇ ਨਿਕਲ ਆਉਂਦੇ ਸਨ ਅਤੇ ਸਰਕਾਰ ਦਾ ਖੂਬ ਪਿੱਟ ਸਿਆਪਾ ਹੁੰਦਾ ਸੀ ਅਤੇ ਵਧੀ ਹੋਈ ਕੀਮਤ ਵਾਪਿਸ ਲੈਣ ਦੀ ਮੰਗਗ ਕੀਤੀ ਜਾਂਦੀ ਸੀ। ਪੈਟਰੋਲ-ਡੀਜ਼ਲ ’ਤੇ ਉਸ ਸਮੇਂ ਵੀ ਇਹੋ ਹਾਲ ਸੀ, ਜਦੋਂ ਕਦੇ ਇਕ-ਦੋ ਰੁਪਏ ਮਹਿੰਗਾ ਹੋ ਜਾਂਦਾ ਸੀ ਤਾਂ ਭਾਜਪਾ ਸੜਕਾਂ ’ਤੇ ਆ ਜਾਂਦੀ ਸੀ ਅਤੇ ਜੰਮ ਕੇ ਨਾਅਰੇਬਾਜ਼ੀ ਹੁੰਦੀ ਸੀ। ਤੁਹਾਨੂੰ ਯਾਦ ਹੋਵੇਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਸਿਆਸੀ ਮੰਚਾਂ ’ਤੇ ਖੜ੍ਹੇ ਹੋ ਕੇ ਲੋਕਾਂ ਨੂੰ ਪੁੱਛਦੇ ਸਨ ਕਿ ਕੀ ਉਨ੍ਹਾਂ ਨੂੰ ਸਸਤਾ ਗੈਸ ਅਤੇ ਪੈਟਰੋਲ, ਡੀਜਲ ਚਾਹੀਦਾ ਹੈ ਜਾਂ ਨਹੀਂ ? ਇਹ ਸਵਾਲ ਵਾਰ-ਵਾਰ ਦੁਹਰਾਇਆ ਜਾਂਦਾ ਸੀ । ਅੰਤ ਵਿਚ ਇਹ ਕਹਿੰਦੇ ਸਨ ਕਿ ਜੇਕਰ ਤੁਸੀਂ ਭਾਜਪਾ ਨੂੰ ਵੋਟ ਦਿਓਗੇ ਤਾਂ ਤੁਹਾਨੂੰ ਸਸਤੀ ਘਰੇਲੂ ਗੈਸ ਅਤੇ ਪੈਟਰੋਲ ਅਤੇ ਡੀਜ਼ਲ ਮੁਹੱਈਆ ਕਰਵਾਏ ਜਾਣਗੇ। ਇੰਨਾ ਹੀ ਨਹੀਂ ਬਾਬਾ ਰਾਮਦੇਵ ਅਤੇ ਅੰਨਾ ਹਜ਼ਾਰੇ ਵਰਗੇ ਲੋਕਾਂ ਨੇ ਵੀ ਉਸ ਸਮੇਂ ਦੀ ਕੇਂਦਰ ਸਰਕਾਰ ਨੂੰ ਪੈਟਰੋਲ ਡੀਜਲ ਅਤੇ ਘਰੇਲੂ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਘੇਰਦੇ ਰਹੇ ਹਨ। ਪੈਟਰੋਲ ਅਤੇ ਡੀਜ਼ਲ ਦਾ ਨਾਂ ਲੈ ਕੇ ਰਾਮਦੇਵ ਨੇ ਇੱਥੋਂ ਤੱਕ ਕਿਹਾ ਕਿ ਜੇਕਰ ਭਾਜਪਾ ਦੀ ਸਰਕਾਰ ਆਉਂਦੀ ਹੈ ਤਾਂ ਦੇਸ਼ ਨੂੰ ਇਸ ਤੋਂ ਸਸਤਾ ਘਰੇਲੂ ਗੈਸ ਅਤੇ ਪੈਟਰੋਲ ਡੀਜ਼ਲ ਦੀ ਸਪਲਾਈ ਕੀਤੀ ਜਾਵੇਗੀ ਅਤੇ ਜੇਕਰ ਸਰਕਾਰ ਇਨ੍ਹੰ ਦੀਆਂ ਕੀਮਤਾਂ ਨਹੀਂ ਘਟਾਏਗੀ ਤਾਂ ਉਹ ਸਭ ਤੋਂ ਪਹਿਲਾਂ ਸਰਕਾਰ ਦੇ ਖਿਲਾਫ ਸੰਘਰਸ਼ ਲਈ ਸੜਕਾਂ ਤੇ ਆਉਣਗੇ। ਜੇਕਰ ਗੱਲ ਕਰੀਏ ਤਾਂ ਅੱਜ ਇਸ ਮਾਮਲੇ ਵਿੱਚ ਨਾ ਤਾਂ ਬਾਬਾ ਰਾਮਦੇਵ ਅਤੇ ਨਾ ਹੀ ਅੰਨਾ ਹਜ਼ਾਰੇ ਕਿਧਰੇ ਨਜ਼ਰ ਆ ਰਹੇ ਹਨ। ਦੂਸਰਾ ਇਹ ਕਿ ਸਮ੍ਰਿਤੀ ਇਰਾਨੀ ਅਤੇ ਉਨ੍ਹਾਂ ਦੇ ਹੋਰ ਭਾਜਪਾ ਆਗੂ ਜੋ ਪਹਿਲਾਂ ਰੌਲਾ-ਰੱਪਾ ਪਾਉਂਦੇ ਸਨ, ਹੁਣ ਘਰੇਲੂ ਗੈਸ ਸਿਲੰਡਰਾਂ ਦੀਆਂ ਅਸਮਾਨ ਛੂਹਣ ਵਾਲੀਆਂ ਕੀਮਤਾਂ ਅਤੇ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ’ਤੇ ਉਹ ਮੂੰਹ ਨਹੀਂ ਖੋਲ੍ਹ ਰਹੇ ਹਨ। ਜੇਕਰ ਕੇਂਦਰ ਸਰਕਾਰ ਕਿਸੇ ਸੂਬੇ ’ਚ 450 ਰੁਪਏ ’ਚ ਘਰੇਲੂ ਗੈਸ ਦਾ ਸਿਲੰਡਰ ਦੇਣ ਦੀ ਸਮਰੱਥਾ ਰੱਖਦੀ ਹੈ ਤਾਂ ਇਸ ਸਿਧਾਂਤ ਨੂੰ ਪੂਰੇ ਦੇਸ਼ ਵਿਚ ਲਾਗੂ ਕਰਨਾ ਚਾਹੀਦਾ ਹੈ। ਇਸ ਸਮੇਂ ਅੰਤਰਰਾਸ਼ਟਰੀ ਪੱਧਰ ਤੇ ਕੱਚੇ ਤੇਲ ਦੀਆਂ ਕੀਮਤਾਂ ਬਹੁਤ ਘੱਟ ਹਨ। ਇਸ ਦੇ ਬਾਵਜੂਦ ਪੈਟਰੋਲ ਡੀਜ਼ਲ 100 ਦਾ ਅੰਕੜਾ ਪਾਰ ਕਰ ਰਿਹਾ ਹੈ ਅਤੇ ਗੈਸ ਦਾ ਘਰੇਲੂ ਸਿਲੰਡਰ 930 ਰੁਪਏ ਵਿਚ ਮਿਲ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰਾਂ ਦਾ ਕੰਮ ਹੈ ਕਿ ਉਹ ਦੇਸ਼ ਭਪ ਵਿਚ ਸੰਘਰਸ਼ ਕਰੇ ਪਰ ਅਜਿਹਾ ਨਹੀਂ ਵਿਰੋਧੀ ਧਿਰਾਂ ਚਾਹੇ ਉਹ ਛੋਟੀ ਹੈ ਜਾਂ ਵੱਡੀ ਇਸ ਮਾਮਲੇ ਵਿਚ ਸਭ ਚੁੱਪੀ ਧਾਰ ਕੇ ਬੈਠੇ ਹੋਏ ਹਨ। ਇਥੇ ਇਹ ਗੱਲ ਵੀ ਸਪਸ਼ੱਟ ਹੈ ਕਿ ਜੇਕਰ ਗੈਰ ਭਾਜਪਾਈ ਸਰਕਾਰ ਦਾ ਸਾਸ਼ਨ ਹੁੰਦਾ ਅਤੇ ਪੈਟਰੋਲ, ਡੀਜਲ ਅਤੇ ਘਰੇਲੂ ਗੈਸ ਦੀਆਂ ਕੀਮਤਾਂ ਮੌਜੂਦਾ ਦਰਾਂ ਨਾਲ ਹੁੰਦੀਆਂ ਤੇ ਦੇਸ਼ ਭਰ ਵਿਚ ਭਾਜਪਾ ਵਲੋਂ ਅੰਦੋਲਨ ਸ਼ੁਰੂ ਕੀਤਾ ਹੋਣਾ ਸੀ ਅਤੇ ਸਰਕਾਰ ਦੇ ਨੱਕ ਵਿਚ ਦਮ ਲਿਆ ਦਿਤਾ ਜਾਂਦਾ। ਪਰ ਵਿਰੋਧੀ ਧਿਰਾਂ ਇਸ ਮਾਮਲੇ ਵਿੱਚ ਆਪਣੀ ਜਿੰਮੇਵਾਰੀ ਨਿਭਾਉਣ ਵਿੱਚ ਬੁਰੀ ਤਰ੍ਹਾਂ ਫੇਲ ਨਜ਼ਰ ਆ ਰਹੀਆਂ ਹਨ। ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਵੱਲੋਂ ਜੋ ਵਾਅਦਿਆਂ ਦੀ ਪਿਟਾਰੀ ਖੋਲ੍ਹੀ ਗਈ ਹੈ ਉਹ ਸਿਰਫ ਇਕ ਸ਼ਗੂਫੇ ਤੋਂ ਵੱਧ ਨਹੀਂ ਹੈ। ਜਦੋਂ ਚੋਣਾਂ ਖ਼ਤਮ ਹੋਣਗੀਆਂ ਅਤੇ ਨਤੀਜੇ ਨਿਕਲਣਗੇ ਤਾਂ ਸਿਆਸੀ ਪਾਰਟੀਆਂ ਦੇ ਆਗੂ ਇਹ ਕਹਿ ਕੇ ਪੱਲਾ ਝਾੜ ਲੈਣਗੇ ਕਿ ਇਹ ਸਿਰਫ਼ ਜੁਮਲੇ ਹੀ ਸਨ ਅਸਲੀਅਤ ਵਿਚ ਅਜਿਹਾ ਨਹੀਂ ਹੋ ਸਕਦਾ। ਇਸ ਲਈ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਦਿੱਤੇ ਗਏ ਲਾਲਚ ਨੂੰ ਧਿਆਨ ਵਿੱਚ ਰੱਖਣ ਦੀ ਬਜਾਏ ਲੋਕ ਦੇਸ਼ ਵਿੱਚ ਸਾਫ ਸੁਥਰੀ ਰਾਜਨੀਤੀ ਨੂੰ ਅੱਗੇ ਲਿਆਉਣਾ ਚਾਹੀਦਾ ਹੈ। ਚਾਹੇ ਉਹ ਕਿਸੇ ਵੀ ਪਾਰਟੀ ਦੀ ਹੋਵੇ।
ਹਰਵਿੰਦਰ ਸਿੰਘ ਸੱਗੂ।