ਬਠਿੰਡਾ(ਅਸਵਨੀ-ਬੋਬੀ ਸਹਿਜਲ)ਪ੍ਰਦਰਸ਼ਨਕਾਰੀਆਂ ਨੂੰ ਰੋਕਦਿਆਂ ਏ.ਡੀ.ਜੀ.ਪੀ ਦੇ ਕਾਫਿਲੇ ਨੂੰ ਪੁਲਿਸ ਨੇ ਥਾਣੇ ਚੋਂ ਕੱਢਿਆ,ਸਾਬਕਾ ਕੌਂਸਲਰ ਸਮੇਤ ਅੱਠ ਤੇ ਮਾਮਲਾ ਦਰਜ਼।** ਬਠਿੰਡਾ 21 ਜੂਨ (ਪਰਵਿੰਦਰ ਜੀਤ ਸਿੰਘ) ਕਰੀਬ ਇੱਕ ਮਹੀਨਾ ਪਹਿਲਾਂ ਘਰੋਂ ਚਲੀ ਗਈ ਲੜਕੀ ਨੂੰ ਲੱਭਣ ਲਈ ਪੁਲਿਸ ਕੋਲ ਗੁਹਾਰਾਂ ਲਗਾ ਲਗਾ ਆਖਿਰ ਇਨਸਾਫ ਨਾ ਮਿਲਦਾ ਦੇਖ ਨਗਰ ਦੇ ਦਲਿਤ ਭਾਈਚਾਰੇ ਦੇ ਇੱਕ ਵਿਅਕਤੀ ਨੇ ਥਾਣੇ ਕੋਲ ਹੀ ਅਨਾਜ ਮੰਡੀ ਚ ਇੱਕ ਗੱਡੀ ਚ ਬੈਠ ਕੇ ਕੀਟਨਾਸ਼ਕ ਦਵਾਈ ਪੀ ਲਈ ਜਿਸਦੇ ਚਲਦਿਆਂ ਉਸਦੀ ਸਿਵਲ ਹਸਪਤਾਲ ਵਿੱਚ ਮੌਤ ਹੋ ਗਈ।ਉੱਧਰ ਮ੍ਰਿਤਕ ਦੇ ਵਾਰਿਸਾਂ ਨੇ ਜਦੋਂ ਥਾਣੇ ਅੱਗੇ ਆ ਕੇ ਪ੍ਰਦਰਸ਼ਨ ਆਰੰਭਿਆ ਤਾਂ ਥਾਣੇ ਵਿੱਚ ਏ.ਡੀ.ਜੀ.ਪੀ ਦੇ ਹਾਜ਼ਿਰ ਹੋਣ ਕਾਰਣ ਪੁਲਿਸ ਚ ਹੜਕੰਪ ਮੱਚ ਗਿਆ ਤੇ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕ ਕੇ ਪਹਿਲਾਂ ਏ.ਡੀ.ਜੀ.ਪੀ ਦੇ ਕਾਫਲੇ ਨੂੰ ਥਾਣੇ ਚੋਂ ਕੱਢਿਆ। ਥਾਣੇ ਅੱਗੇ ਪ੍ਰਦਰਸ਼ਨ ਕਰ ਰਹੀਆਂ ਮ੍ਰਿਤਕ ਪਰਮਜੀਤ ਸਿੰਘ (48) ਪੁੱਤਰ ਮੈਂਗਲ ਸਿੰਘ ਦੀਆਂ ਭੈਣਾਂ ਵੀਰਪਾਲ ਕੌਰ ਅਤੇ ਹੋਰਨਾਂ ਨੇ ਦੱਸਿਆ ਕਿ ਪਿਛਲੇ ਮਹੀਨੇ ਪਰਮਜੀਤ ਸਿੰਘ ਦੀ ਨਾਬਾਲਿਗ ਲੜਕੀ ਅਮਨ ਕੌਰ ਨੂੰ ਚਰਨਜੀਤ ਸਿੰਘ ਨਾਮੀ ਇੱਕ ਵਿਅਕਤੀ ਵਰਗਲਾ ਕੇ ਲੈ ਗਿਆ ਜਿਸ ਬਾਬਤ ਦਰਖਾਸਤ ਦੇਣ ਤੇ ਤਲਵੰਡੀ ਸਾਬੋ ਪੁਲਿਸ ਨੇ 11 ਮਈ ਨੂੰ ਰਿਪੋਰਟ ਦਰਜ਼ ਕਰਨ ਦੇ ਬਾਵਜ਼ੂਦ ਉਨਾਂ ਨੂੰ ਲੱਭਣ ਲਈ ਕੋਈ ਯਤਨ ਨਹੀ ਕੀਤੇ।ਪ੍ਰਦਰਸ਼ਨਕਾਰੀਆਂ ਨੇ ਕਥਿਤ ਦੋਸ਼ ਲਾਏ ਕਿ ਪਰਮਜੀਤ ਸਿੰਘ ਵੱਲੋਂ ਵਾਰ ਵਾਰ ਥਾਣੇ ਪਹੁੰਚ ਕੇ ਗੁਹਾਰ ਲਗਾਉਣ ਦੇ ਬਾਵਜ਼ੂਦ ਇਨਸਾਫ ਨਾ ਮਿਲਦਾ ਦੇਖ ਆਖਿਰ ਅੱਜ ਉਸਨੇ ਥਾਣੇ ਸਾਹਮਣੇ ਅਨਾਜ ਮੰਡੀ ਚ ਇੱਕ ਗੱਡੀ ਚ ਬੈਠ ਕੇ ਸਪਰੇਅ ਪੀ ਲਈ ਅਤੇ ਹਸਪਤਾਲ ਵਿੱਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ।ਮ੍ਰਿਤਕ ਦੀਆਂ ਭੈਣਾਂ ਨੇ ਰੋਂਦਿਆਂ ਹੋਇਆਂ ਇਲਜ਼ਾਮ ਲਾਇਆ ਕਿ ਜੇਕਰ ਪੁਲਿਸ ਨੇ ਸਮੇਂ ਸਿਰ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਉਨਾਂ ਦਾ ਭਾਈ ਜ਼ਿਉਂਦਾ ਹੁੰਦਾ।ਬਾਅਦ ਵਿੱਚ ਮ੍ਰਿਤਕ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਉਹ ਸਪਰੇਅ ਪੀਂਦਿਆਂ ਆਪਣੀ ਮੌਤ ਹੋਣ ਤੇ ਜ਼ਿੰਮੇਵਾਰ ਪ੍ਰਸ਼ਾਸਨ ਨੂੰ ਦੱਸ ਰਿਹਾ ਹੈ।ਉੱਧਰ ਥਾਣੇ ਵਿੱਚ ਅੱਜ ਏ.ਡੀ.ਜੀ.ਪੀ ਬਠਿੰਡਾ ਰੇਂਜ ਐੱਸ.ਪੀ.ਐੱਸ.ਪਰਮਾਰ ਦੇ ਜਿਲ੍ਹਾ ਪੁਲਿਸ ਮੁਖੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਸਮੇਤ ਪੁੱਜੇ ਹੋਣ ਕਾਰਣ ਪ੍ਰਦਰਸ਼ਨ ਕਾਰਣ ਪੁਲਿਸ ਚ ਹੜਕੰਪ ਮੱਚ ਗਿਆ। ਡੀ.ਐੱਸ.ਪੀ ਬੂਟਾ ਸਿੰਘ ਗਿੱਲ ਨੇ ਸਥਿੱਤੀ ਨੂੰ ਸੰਭਾਲਦਿਆਂ ਪੀੜਿਤਾਂ ਦੀ ਐੱਸ.ਐੱਸ.ਪੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਨਾਲ ਮੁਲਾਕਾਤ ਕਰਵਾਈ ਅਤੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਤੇ ਪੁਲਿਸ ਵੱਲੋਂ ਨਗਰ ਦੇ ਇੱਕ ਸਾਬਕਾ ਕੌਂਸਲਰ ਗੁਰਚਰਨ ਸਿੰਘ ਸਮੇਤ ਕੁੱਲ ਅੱਠ ਜਣਿਆ ਖਿਲਾਫ ਮ੍ਰਿਤਕ ਨੂੰ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਕਥਿਤ ਦੋਸ਼ਾਂ ਤਹਿਤ ਮਾਮਲਾ ਦਰਜ਼ ਕਰ ਲਿਆ ਹੈ।ਡੀ.ਐੱਸ.ਪੀ ਬੂਟਾ ਸਿੰਘ ਅਨੁਸਾਰ ਲੜਕੀ ਦੀ ਭਾਲ ਲਈ ਪਹਿਲਾਂ ਵੀ ਛਾਪੇਮਾਰੀ ਨਿਰੰਤਰ ਜਾਰੀ ਸੀ ਹੁਣ ਪੁਲਿਸ ਪਾਰਟੀਆਂ ਬਣਾ ਕੇ ਛਾਪੇਮਾਰੀ ਆਰੰਭ ਦਿੱਤੀ ਹੈ ਅਤੇ ਜਲਦ ਸਾਰੇ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।