ਜਲੰਧਰ ਦੇ ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰ ਦੇ ਸੰਚਾਲਕ ਵੱਲੋਂ ਧੋਖੇ ਨਾਲ ਭੇਜੇ ਗਏ 700 ਨੌਜਵਾਨਾਂ ਦਾ ਭਵਿੱਖ ਲੱਖਾਂ ਰੁਪਏ ਖਰਚ ਕੇ ਉੱਥੇ ਜਾ ਕੇ ਪੜ੍ਹਾਈ ਕਰਨ ਤੋਂ ਬਾਅਦ ਵਰਕ ਪਰਮਿਟ ਹਾਸਿਲ ਕਰਕੇ ਵੀ ਹਨੇਰੇ ਵਿਚ ਡੁੱਬਾ ਹੋਇਆ ਹੈ। ਵਿਦਿਆਰਥੀਆਂ ਵਲੋਂ ਪੀ ਆਰ ਅਪਲਾਈ ਕਰਨ ਸਮੇਂ ਇਮੀਗ੍ਰੇਸ਼ਨ ਵਲੋਂ ਕੀਤੀ ਗਈ ਚੈਕਿੰਗ ਵਿਚ ਪੰਜਾਬ ਦੇ ਜਲੰਧਰ ਵਿਚਲੇ ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰ ਵੱਲੋਂ ਕਾਲਜ ਦਾ ਜਾਅਲੀ ਆਫਰ ਲੈਟਰ ਜਾਰੀ ਕਰਨਾ ਪਾਇਆ ਗਿਆ। ਜਿਸਤੇ ਵਿਵਾਦ ਖੜ੍ਹਾ ਹੋ ਗਿਆ। ਜਿਸ ’ਤੇ ਉਨ੍ਹਾਂ ਸਾਰੇ 700 ਵਿਦਿਆਰਥੀਆਂ ਨੂੰ ਸਰਕਾਰ ਵਲੋਂ ਵਾਪਿਸ ਭੇਜਣ ਦਾ ਫੈਸਲਾ ਕੀਤਾ ਗਿਆ। ਹੁਣ ਜਿੱਥੇ ਪੰਜਾਬ ਸਰਕਾਰ ਉਨ੍ਹਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਉੱਥੇ ਹੀ ਉਹੀ ਵਿਦਿਆਰਥੀ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਕਾਫੀ ਚਿੰਤਤ ਹਨ। ਹੁਣ ਤੱਕ ਜਲੰਧਰ ਦਾ ਉਹ ਆਈਲਿਟਸ ਅਤੇ ਇਮੀਗ੍ਰੇਸ਼ਨ ਸੈਂਟਰ ਦਾ ਸੰਚਾਲਕ ਪੁਲਿਸ ਦੇ ਹੱਥ ਨਹੀਂ ਆ ਸਕਿਆ। ਹੁਣ ਗੁਰਦਾਸਪੁਰ ਦੇ ਸ਼ਹਿਰ ਬਟਾਲਾ ’ਚ ਆਈਲੈਟਸ ਸੈਂਟਰ ਦਾ ਇਕ ਹੋਰ ਵੱਡੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ। ਬਟਾਲਾ ਦੇ ਸਕਸੈਸ ਮੰਤਰਾ ਓਵਰਸੀਜ਼ ਆਈਲੈਂਡ ਸੈਂਟਰ ’ਤੇ ਪੁਲਿਸ ਨੇ ਛਾਪਾ ਮਾਰਿਆ ਤਾਂ ਉਥੋਂ ਯੂਨੀਵਰਸਿਟੀਆਂ ਦੀਆਂ ਜਾਅਲੀ ਡਿਗਰੀਆਂ ਤਿਆਰ ਕਰਨ ਲਈ ਮੌਜੂਦ ਦਸਤਾਵੇਜ਼, ਜਾਅਲੀ ਸਟੈਂਪਾਂ, ਕੰਪਿਊਟਰ ਅਤੇ ਜਾਅਲੀ ਦਸਤਾਵੇਜ਼ ਬ੍ਰਾਮਦ ਹੋਏ ਹਨ। ਜਾਂਚ ਟੀਮ ਦਾ ਕਹਿਣਾ ਹੈ ਕਿ ਇਹ ਲੋਕ ਸਿਰਫ 15 ਮਿੰਟਾਂ ’ਚ ਵੱਖ-ਵੱਖ ਯੂਨੀਵਰਸਿਟੀਆਂ ਦੀਆਂ ਡਿਗਰੀਆਂ ਸਿਰਫ 15 ਹਜਾਰ ਰੁਪਏ ਲੈ ਕੇ ਤਿਆਰ ਕਰਕੇ ਦੇ ਦਿੰਦੇ ਸਨ। ਇਸ ਤੋਂ ਪਹਿਲਾਂ ਤਰਨਤਾਰਨ ’ਚ ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰ ’ਚ ਕਰੋੜਾਂ ਰੁਪਏ ਦੀ ਠੱਗੀ ਮਾਰਨ ਦਾ ਵੱਡਾ ਖੁਲਾਸਾ ਹੋਇਆ ਸੀ। ਪੰਜਾਬ ਵਿਚ ਹੁਣ ਆਈਲਿਟਸ ਅਤੇ ਇਮੀਗ੍ਰੇਸ਼ਨ ਸੈਂਟਰ ਖੋਲ੍ਹਣਾ ਬੇ ਹੱਦ ਸਫਲ ਵਪਾਰ ਮੰਨਿਆ ਜਾ ਰਿਹਾ ਹੈ। ਪੰਜਾਬ ਦੇ ਲਗਭਗ ਸਾਰੇ ਸ਼ਹਿਰਾਂ ’ਚ ਹੀ ਵੱਡੀ ਸੰਖਿਆ ਵਿਚ ਇਹ ਸੈਂਟਰ ਘੜੱਲੇ ਨਾਲ ਖੁੱਲ੍ਹੇ ਅਤੇ ਚੱਲ ਰਹੇ ਹਨ। ਜੇਕਰ ਪੰਜਾਬ ਭਰ ਵਿਚ ਇਨ੍ਹਾਂ ਸੈਂਟਰਾਂ ਦੀ ਚੈਕਿੰਗ ਕੀਤੀ ਜਾਵੇ ਤਾਂ ਬਹੁਤ ਵੱਡਾ ਸਕੈਂਡਲ ਸਾਹਮਣੇ ਆ ਸਕਦਾ ਹੈ। ਇਸ ਸਮੇਂ ਸਥਿਤੀ ਇਹ ਹੈ। ਕਿ ਪੰਜਾਬ ਦਾ ਨੌਜਵਾਨ ਵਰਗ ਪੰਜਾਬ ਵਿੱਚ ਨਹੀਂ ਰਹਿਣਾ ਚਾਹੁੰਦਾ ਅਤੇ ਵਿਦੇਸ਼ ਜਾਣ ਦੀ ਤਾਂਘ ਵਿੱਚ ਹਰ ਤਰ੍ਹਾਂ ਦੇ ਜੋਖਮ ਉਠਾਉਂਦਾ ਹੈ ਅਤੇ ਕਿਸੇ ਨਾ ਕਿਸੇ ਤਰੀਕੇ ਨਾਲ ਵਿਦੇਸ਼ਾਂ ਵਿੱਚ ਪਹੁੰਚਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰਦਾ ਹੈ। ਵਿਦੇਸ਼ ਜਾਣ ਦਾ ਸੁਪਨਾ ਸਜਾਉਣ ਵਾਲੇ ਨੌਜਵਾਨਾਂ ਦੀ ਇਸ ਚਾਹਤ ਦਾ ਸ਼ਾਤਰ ਲੋਕ ਲਾਭ ਉਠਾਉਂਦੇ ਹਨ। ਘੱਟ ਪੜੇ ਲਿਖੇ ਨੌਜਵਾਨਾਂ ਨੂੰ ਵੀ ਇਹ ਲੋਕ ਬਾਹਰ ਦਾ ਸੁਪਨਾ ਦਿਖਾ ਕੇ ਲੱਖਾਂ ਰੁਪਏ ਠੱਗ ਲੈਂਦੇ ਹਨ। ਬਹੁਤ ਸਾਰੇ ਆਈਲਿਟਸ ਸੈਂਟਰ ਤਾਂ ਵਿਦਿਾਰਥੀਆਂ ਨੂੰ ਆਈਲਿਟਸ ਵਿਚੋਂ 7 ਤੋਂ 8 ਬੈਂਡ ਸ਼ਰਤੀਆ ਦਵਾਉਣ ਦੇ ਦਾਅਵੇ ਕਰਕੇ ਠੱਗ ਦੇ ਹਨ। ਇਥੋਂ ਤੱਕ ਕਿ ਉਹ ਇਸਦੀ ਮਸ਼ਹੂਰੀ ਵੀ ਖੁੱਲ੍ਹੇ ਤੌਰ ਤੇ ਕਰਦੇ ਹਨ। ਪ੍ਰਸਾਸ਼ਨ ਅਤੇ ਸਰਕਾਰ ਇਸਦੇ ਬਾਵਜੂਦ ਵੀ ਅੱਖਾਂ ਮੀਚ ਕੇ ਬੈਠੇ ਹੋਏ ਹਨ ਅਤੇ ਭੋਲੇ ਭਾਲੇ ਲੋਕਾਂ ਨੂੰ ਇਨ੍ਹਾਂ ਦੀ ਠੱਗੀ ਦਾ ਸ਼ਿਕਾਰ ਹੋਣ ਲਈ ਛੱਡ ਰਹੇ ਹਨ। ਹਰ ਸ਼ਹਿਰ ’ਚ 100 ਦੇ ਕਰੀਬ ਆਈਲਿਟਸ ਸੈਂਟਰ ਖੁੱਲ੍ਹੇ ਹਨ ਅਤੇ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਲੋਕਾਂ ਕੋਲ ਸਰਕਾਰੀ ਸ਼ਰਤਾਂ ਪੂਰੀਆਂ ਕਰਨ ਲਈ ਨਿਰਘਾਰਿਤ ਸਹੂਲਤਾਂ ਅਤੇ ਯੋਗ ਸਟਾਫ ਜਾਂ ਬਿਲਡਿੰਗ ਵੀ ਨਹੀਂ ਹੁੰਦੀ। ਉਸਦੇ ਬਾਵਜੂਦ ਮਿਲੀਭੁਗਤ ਨਾਲ ਠੱਗੀ ਦਾ ਇਹ ਧੰਦਾ ਖੂਬ ਵਧ ਫੁੱਲ ਰਿਹਾ ਹੈ। ਇਹ ਲੋਕ ਆਈਲੈਟਸ ਸੈਂਟਰ ਖੋਲ੍ਹ ਕੇ ਚਲਾ ਲੈਂਦੇ ਹਨ ਅਤੇ ਨੌਜਵਾਨਾਂ ਦੀ ਬੇਵਸੀ ਦਾ ਫਾਇਦਾ ਉਠਾ ਕੇ ਉਨ੍ਹਾਂ ਦਾ ਸ਼ੋਸ਼ਣ ਕਰਦੇ ਹਨ ਅਤੇ ਲੱਖਾਂ ਰੁਪਏ ਕਮਾਉਂਦੇ ਹਨ। ਜਦੋਂ ਅਜਿਹੀ ਠੱਗੀ ਦੇ ਮਾਮਲੇ ਸਾਹਮਣੇ ਆਉਂਦੇ ਹਨ ਤਾਂ ਸਰਕਾਰ ਅਤੇ ਪ੍ਰਸ਼ਾਸਨ ਕੁਝ ਸਮੇਂ ਲਈ ਹਰਕਤ ਵਿੱਚ ਆਉਂਦਾ ਹੈ, ਉਸ ਤੋਂ ਬਾਅਦ ਸਭ ਕੁਝ ਪਹਿਲਾਂ ਵਰਗਾ ਹੋ ਜਾਂਦਾ ਹੈ। ਸਰਕਾਰ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਨੌਜਵਾਨਾਂ ਦਾ ਸ਼ੋਸ਼ਣ ਰੋਕਣ ਲਈ ਸਾਰੇ ਜਿਲ ਅਤੇ ਸ਼ਹਿਰਾਂ ਦੇ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਕੇ ਉਨ੍ਹਾਂ ਦੇ ਖੇਤਰ ਵਿੱਚ ਖੁੱਲ੍ਹੇ ਸਾਰੇ ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰਾਂ ਦੀ ਜਾਂਚ ਕੀਤੀ ਜਾਵੇ ਅਤੇ ਜਿਨ੍ਹਾਂ ਕੋਲ ਲਾਇਸੈਂਸ ਨਹੀਂ ਹੈ ਅਤੇ ਸਰਕਾਰੀ ਨਿਯਮਾਂ ਅਨੁਸਾਰ ਯੋਗਤਾ ਪੂਰੀ ਨਹੀਂ ਕਰਦੇ ਹਨ, ਉਨ੍ਹਾਂ ਨੂੰ ਤੁਰੰਤ ਰੋਕਿਆ ਜਾਵੇ। ਜੇਕਰ ਇਸ ਦੇ ਬਾਵਜੂਦ ਵੀ ਕਿਸੇ ਵੀ ਸ਼ਹਿਰ ਦੇ ਆਈਲੈਟਸ ਸੈਂਟਰ ਅਤੇ ਇਮੀਗ੍ਰੇਸ਼ਨ ਸੈਂਟਰ ਵਿੱਚ ਅਜਿਹੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਸ ਖੇਤਰ ਦੇ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀ ਨੂੰ ਜਵਾਬਦੇਹ ਬਣਾਇਆ ਜਾਵੇ, ਤਾਂ ਹੀ ਅਜਿਹੀਆਂ ਧੋਖਾਧੜੀਆਂ ਨੂੰ ਰੋਕ ਸਕੋਗੇ।
ਹਰਵਿੰਦਰ ਸਿੰਘ ਸੱਗੂ।