ਚੰਡੀਗੜ੍ਹ (ਰੋਹਿਤ ਗੋਇਲ) ਆਸਮਾਨ ਹੋਵੇ ਜਾਂ ਜ਼ਮੀਨ ਹੁਣ ਕੁੜੀਆਂ ਮੁੰਡਿਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀਆਂ ਹਨ। ਮਾਲ ਮਹਿਕਮਾ ਇਕ ਅਜਿਹਾ ਖੇਤਰ ਸੀ, ਜਿੱਥੇ ਔਰਤਾਂ ਦੀ ਹਿੱਸੇਦਾਰੀ ਨਾਂਹ ਦੇ ਬਰਾਬਰ ਹੀ ਰਹੀ ਹੈ ਪਰ ਹੁਣ ਤਸਵੀਰ ਬਦਲਦੀ ਹੋਈ ਨਜ਼ਰ ਆ ਰਹੀ ਹੈ। ਪੰਜਾਬ ਸਰਕਾਰ ਨੇ 710 ਪਟਵਾਰੀਆਂ ਦੀਆਂ ਆਸਾਮੀਆਂ ਲਈ ਜੋ ਅਰਜ਼ੀਆਂ ਮੰਗੀਆਂ ਹਨ, ਉਨ੍ਹਾਂ ’ਚ 50 ਫ਼ੀਸਦੀ ਔਰਤਾਂ ਵੱਲੋਂ ਅਰਜ਼ੀ ਦਿੱਤੀ ਗਈ ਹੈ। ਜ਼ਮੀਨੀ ਮਾਮਲਿਆਂ ਨਾਲ ਜੁੜੇ ਇਸ ਮਹਿਕਮੇ ’ਚ ਏਨੀ ਵੱਡੀ ਗਿਣਤੀ ’ਚ ਔਰਤਾਂ ਵੱਲੋਂ ਬਿਨੈ ਕਰਨ ਨਾਲ ਸਰਕਾਰੀ ਅਧਿਕਾਰੀ ਵੀ ਹੈਰਾਨ ਹਨ ਕਿਉਂਕਿ ਆਮ ਤੌਰ ’ਤੇ ਜ਼ਮੀਨ ਤੇ ਮਾਲੀਏ ਵਾਲੇ ਮਾਮਲਿਆਂ ’ਚ ਔਰਤਾਂ ਦੀ ਹਿੱਸੇਦਾਰੀ ਨਾਮਾਤਰ ਹੀ ਰਹੀ ਹੈ। ਦਰਅਸਲ ਪਿਛਲੇ ਅੱਠ ਤੋਂ ਦਸ ਸਾਲਾਂ ’ਚ ਸਕੂਲਾਂ ਦੇ ਦਸਵੀਂ ਜਾਂ ਬਾਰ੍ਹਵੀਂ ਜਮਾਤ ਦੇ ਨਤੀਜੇ ਦਾ ਅੰਕੜਾ ਦੇਖਿਆ ਜਾਵੇ ਤਾਂ ਹਰ ਵਾਰ ਬਾਜ਼ੀ ਕੁੜੀਆਂ ਹੀ ਮਾਰ ਰਹੀਆਂ ਹਨ। ਟਾਪ-10 ਦੀ ਸੂਚੀ ’ਚ ਮੁੰਡੇ ਤਾਂ ਕਦੇ-ਕਦੇ ਹੀ ਦਿਖਾਈ ਦਿੰਦੇ ਹਨ। ਨਿਸ਼ਚਿਤ ਤੌਰ ’ਤੇ ਇਹੋ ਕੁੜੀਆਂ ਹੁਣ ਨੌਕਰੀਆਂ ’ਚ ਪੁਰਸ਼ਾਂ ਦਾ ਦਬਦਬਾ ਤੋੜ ਰਹੀਆਂ ਹਨ ਖ਼ਾਸ ਤੌਰ ’ਤੇ ਉਨ੍ਹਾਂ ਵਿਭਾਗਾਂ ’ਚ ਜਿੱਥੇ ਉਹ ਕਦੇ ਜਾਣਾ ਪਸੰਦ ਨਹੀਂ ਸੀ ਕਰਦੀਆਂ। ਮਾਲ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ 2016 ਤੋੋਂ ਬਾਅਦ ਤੀਜੀ ਵਾਰ ਪਟਵਾਰੀਆਂ ਦੇ ਅਹੁਦੇ ’ਤੇ ਭਰਤੀ ਹੋਈ ਹੈ ਤੇ ਹਰ ਵਾਰ ਔਰਤਾਂ ਦੀ ਗਿਣਤੀ ਪਿਛਲੀ ਵਾਰ ਦੇ ਮੁਕਾਬਲੇ ਜ਼ਿਆਦਾ ਵਧੀ ਹੈ। ਉਨ੍ਹਾਂ ਦੱਸਿਆ ਕਿ ਇਸ ਦਾ ਇਕ ਕਾਰਨ ਤਾਂ ਪਿਛਲੀ ਕੈਪਟਨ ਸਰਕਾਰ ਵੱਲੋਂ ਔਰਤਾਂ ਦੀਆਂ ਨਿਯੁਕਤੀਆਂ ’ਚ 33 ਫ਼ੀਸਦੀ ਰਾਖਵਾਂਕਰਨ ਦੇਣ ਕਾਰਨ ਹੋਇਆ ਹੈ। 33 ਫ਼ੀਸਦੀ ਇਹ ਕੋਟਾ ਭਰਨ ਤੋਂ ਬਾਅਦ ਵੀ ਔਰਤਾਂ ਹੋਰ ਬਚੀਆਂ ਆਸਾਮੀਆਂ ’ਚ ਆਪਣਾ ਹਿੱਸਾ ਵਧਾ ਰਹੀਆਂ ਹਨ। ਦੋ ਦਿਨ ਪਹਿਲਾਂ ਜਿਨ੍ਹਾਂ 710 ਆਸਾਮੀਆਂ ਦੀ ਭਰਤੀ ਲਈ ਹੋਏ ਲਿਖਤੀ ਟੈਸਟ ਦਾ ਨਤੀਜਾ ਸਾਹਮਣੇ ਆਇਆ ਹੈ, ਉਸ ਦੀ ਸੂਚੀ ਦੇਖ ਕੇ ਵੀ ਲੱਗਦਾ ਹੈ ਕਿ ਇਸ ਵਾਰ ਵੀ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਕਿਤੇ ਜ਼ਿਆਦਾ ਹਨ। ਮੁੰਡੇ ਤਾਂ ਹੁਣ ਆਈਲੈਟਸ ਕਰ ਕੇ ਵਿਦੇਸ਼ ਹੀ ਜਾ ਰਹੇ ਹਨ। ਇਸ ਤੋਂ ਪਹਿਲਾਂ ਟੈਕਸੇਸਨ ਵਿਭਾਗ ’ਚ ਔਰਤਾਂ ਨੇ ਪੁਰਸ਼ਾਂ ਦੇ ਮੁਕਾਬਲੇ ਜ਼ਿਆਦਾ ਅਰਜ਼ੀਆਂ ਦਿੱਤੀਆਂ ਸਨ। ਵਿਭਾਗ ਦੇ ਉੱਡਣ ਦਸਤੇ ’ਚ ਔਰਤਾਂ ਦੀ ਹੀ ਸਰਦਾਰੀ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਮੰਨ ਰਹੇ ਹਨ ਕਿ ਵਿਭਾਗ ’ਚ ਔਰਤਾਂ ਦੀ ਗਿਣਤੀ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਉਨ੍ਹਾਂ ਦੇ ਨਿਰਦੇਸ਼ਾਂ ’ਤੇ ਰਾਤ ਸਮੇਂ ਟੈਕਸੇਸਨ ਵਿਭਾਗ ਨੇ ਜਿੰਨੀਆਂ ਵੀ ਛਾਪੇਮਾਰੀਆਂ ਕੀਤੀਆਂ ਹਨ, ਉਨ੍ਹਾਂ ਟੀਮਾਂ ’ਚ ਜ਼ਿਆਦਾਤਰ ਔਰਤਾਂ ਹੀ ਸਨ ਤੇ ਉਹ ਹੀ ਲੀਡ ਕਰ ਰਹੀਆਂ ਹਨ। ਇਹ ਦੇਖ ਕੇ ਚੰਗਾ ਵੀ ਲੱਗਦਾ ਹੈ।