ਚੰਡੀਗੜ੍ਹ ,30 ਜੂਨ (ਭਗਵਾਨ ਭੰਗੂ-ਲਿਕੇਸ਼ ਸ਼ਰਮਾ) : ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ (73) ਦਾ ਦੇਹਾਂਤ ਹੋ ਗਿਆ ਹੈ।ਉਨ੍ਹਾਂ ਪੀਜੀਆਈ ਚੰਡੀਗੜ੍ਹ ‘ਚ ਸ਼ੁੱਕਰਵਾਰ ਸਵੇਰੇ ਆਖ਼ਰੀ ਸਾਹ ਲਿਆ।ਉਹ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ।ਉਹ ਪੰਜਾਬ ਦੀ ਵਿਧਾਨ ਸਭਾ ਵਿੱਚ 2003 ਤੋਂ 2004 ਤਕ ਡਿਪਟੀ ਸਪੀਕਰ ਰਹੇ।ਉਹ ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਵੀ ਪ੍ਰਧਾਨ ਰਹਿ ਚੁੱਕੇ ਹਨ।ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਨੇ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹ ਇਕ ਹੁਨਰਮੰਦ ਸਿਆਸਤਦਾਨ ਸਨ ਤੇ ਉਨ੍ਹਾਂ ਨੂੰ ਵਿਧਾਨ ਸਭਾ ਦੀ 2002-07 ਦੀ ਸਰਕਾਰ ਦੌਰਾਨ ਸਰਬੋਤਮ ਸੰਸਦ ਮੈਂਬਰ ਦਾ ਖਿਤਾਬ ਵੀ ਮਿਲਿਆ ਸੀ।ਬੀਰ ਦਵਿੰਦਰ ਸਿੰਘ ਦੀ ਦੇਹ ਨੂੰ PGI ਵਿੱਚ ਹੀ ਰੱਖਿਆ ਜਾਵੇਗਾ ਤੇ ਸੋਮਵਾਰ ਸਵੇਰੇ ਪਟਿਆਲਾ ਲਿਆਂਦਾ ਜਾਵੇਗਾ। ਪਰਿਵਾਰਕ ਮੈਂਬਰ ਐਤਵਾਰ ਤਕ ਪੁੱਜ ਜਾਣਗੇ। ਬੀਰ ਦਵਿੰਦਰ ਸਿੰਘ ਦੇ ਸਪੁੱਤਰ ਅਨੰਤ ਬੀਰ ਸਿੰਘ ਅਨੁਸਾਰ ਸਸਕਾਰ ਸੋਮਵਾਰ ਨੂੰ ਪਟਿਆਲਾ ‘ਚ ਬਡੂੰਗਰ ਸਥਿਤ ਸ਼ਮਸ਼ਾਨਘਾਟ ਵਿਖੇ ਬਾਅਦ ਦੁਪਹਿਰ 3 ਵਜੇ ਕੀਤਾ ਜਾਵੇਗਾ।ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਟਵੀਟ ਕਰਦਿਆਂ ਲਿਖਿਆ ਹੈ, ‘ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦੇ ਅਕਾਲ ਚਲਾਣੇ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਉਹ ਪੰਜਾਬ ਬਾਰੇ ਡੂੰਘੀ ਜਾਣਕਾਰੀ, ਨਿਮਰਤਾ ਅਤੇ ਨਿਰਸਵਾਰਥ ਸੇਵਾ ਲਈ ਮਸ਼ਹੂਰ ਸਨ। ਮੈਂ ਪਰਿਵਾਰ ਨਾਲ ਹਮਦਰਦੀ ਹੈ।ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।