ਅਮ੍ਰਿਤਸਰ 12 ਮਾਰਚ (ਬਿਊਰੋ) ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਉਤੇ ਵੱਡੀ ਚਿੰਤਾ ਜਤਾਈ ਹੈ। ਉਨ੍ਹਾਂ ਨੇ ਆਖਿਆ ਹੈ ਕਿ ਅਕਾਲੀ ਦਲ ਦੀ ਹਾਰ ਸਿੱਖਾਂ ਲ਼ਈ ਘਾਤਕ ਹੈ।ਉਨ੍ਹਾਂ ਸਾਰੇ ਅਕਾਲੀ ਧੜਿਆਂ ਨੂੰ ਅਕਾਲ ਤਖਤ ਉਤੇ ਬੈਠਕ ਕਰਕੇ ਰਣਨੀਤੀ ਬਣਾਉਣ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਖਤਮ ਹੋਣਾਂ ਦੇਸ਼ ਲਈ ਵੀ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਜਿੰਨੇ ਵੀ ਅਕਾਲੀ ਦਲ ਦੇ ਧੜੇ ਹਨ, ਸ੍ਰੀ ਅਕਾਲ ਤਖਤ ਸਾਹਿਬ ਉਤੇ ਬੈਠ ਕੇ ਇਸ ਉਤੇ ਵਿਚਾਰ ਕਰਨ।ਇਹ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਪੰਥਕ ਪਾਰਟੀ ਦਾ ਇਸ ਤਰ੍ਹਾਂ ਹਾਰਨਾ ਵੱਡੀ ਚਿੰਤਾ ਵਾਲੀ ਗੱਲ ਹੈ।ਦੱਸ ਦਈਏ ਕਿ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੇ ਹੁਣ ਤੱਕ ਦਾ ਸਭ ਚੋਣ ਮਾੜਾ ਪ੍ਰਦਰਸ਼ਨ ਕੀਤਾ ਹੈ।ਪਾਰਟੀ ਨੂੰ ਸਿਰਫ 3 ਸੀਟਾਂ ਉਤੇ ਜਿੱਤ ਹਾਸਲ ਹੋਈ ਹੈ। ਉਧਰ, ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਸੂਬਾਈ ਚੋਣਾਂ ‘ਚ ਦਲ ਦੀ ਹਾਰ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਹੈ।ਉਨ੍ਹਾਂ ਨਤੀਜਿਆਂ ਦੀ ਪੜਚੋਲ ਅਤੇ ਮੰਥਨ ਲਈ ਸੋਮਵਾਰ ਨੂੰ ਚੰਡੀਗੜ੍ਹ ‘ਚ ਪਾਰਟੀ ਕੋਰ ਕਮੇਟੀ ਦੀ ਮੀਟਿੰਗ ਸੱਦੀ ਹੈ, ਜਿਸ ਵਿੱਚ ਸਮੁੱਚੇ ਉਮੀਦਵਾਰਾਂ ਨੂੰ ਸੱਦਿਆ ਗਿਆ।ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਸੱਤਾ ਵਿਚ ਹਾਂ ਜਾਂ ਫਿਰ ਸੱਤਾ ਤੋਂ ਬਾਹਰ ਹਾਂ, ਅਕਾਲੀ ਦਲ ਹਮੇਸ਼ਾ ਖਾਲਸਾ ਪੰਥ ਅਤੇ ਪੰਜਾਬ ਦੀ ਚੜ੍ਹਦੀਕਲਾ ਵਾਸਤੇ ਅਤੇ ਸੂਬੇ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਵਾਸਤੇ ਕੰਮ ਕਰਦੇ ਰਹੇ ਹਾਂ ਤੇ ਕਰਦੇ ਰਹਾਂਗੇ। ਉਨ੍ਹਾਂ ਕਿਹਾ ਕਿ ਅਸੀਂ ਆਉਂਦੇ ਮੁੱਖ ਮੰਤਰੀ ਤੇ ਉਨ੍ਹਾਂ ਦੀ ਪਾਰਟੀ ਨੂੰ ਦਿਲੋਂ ਮੁਬਾਰਕਾਂ ਦਿੰਦੇ ਹਾਂ ਤੇ ਸ਼ੁਭਕਾਮਨਾਵਾਂ ਦਿੰਦੇ ਹਾਂ।ਉਹਨਾਂ ਕਿਹਾ ਕਿ ਅਸੀਂ ਸੰਜੀਦਗੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ। ਉਨ੍ਹਾਂ ਨਾਲ ਹੀ ਕਿਹਾ ਕਿ ਅੱਗੇ ਹੋ ਕੇ ਜ਼ਿੰਮੇਵਾਰੀ ਨਿਭਾਉਣ ਦੇ ਫਰਜ਼ ਵਜੋਂ ਇਹ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਪਾਰਟੀ ਦੀ ਕਾਰਗੁਜ਼ਾਰੀ ਲਈ ਜ਼ਿੰਮੇਵਾਰੀ ਪ੍ਰਵਾਨ ਕਰਾਂ ਨਾ ਕਿ ਇਮਾਨਦਾਰ ਤੇ ਮਿਹਨਤੀ ਅਕਾਲੀ ਵਰਕਰਾਂ, ਉਮੀਦਵਾਰਾਂ ਜਾਂ ਗਠਜੋੜ ਦੇ ਭਾਈਵਾਲਾਂ ’ਤੇ ਜ਼ਿੰਮੇਵਾਰੀ ਸੁੱਟਾਂ। ਉਨ੍ਹਾਂ ਕਿਹਾ ਕਿ ਇਹਨਾਂ ਸਾਰਿਆਂ ਨੇ ਅਣਕਿਆਸੀ ਲਹਿਰ ਦੇ ਖਿਲਾਫ ਡੱਟ ਕੇ ਲੜਾਈ ਲੜੀ।
