Home Chandigrah ਨਾਂ ਮੈਂ ਕੋਈ ਝੂਠ ਬੋਲਿਆ..?ਕੌਣ ਹਨ ਇਹ ਗੈਂਗਸਟਰ ਅਤੇ ਕਿੱਥੋਂ ਆਉਂਦੇ ਹਨ?

ਨਾਂ ਮੈਂ ਕੋਈ ਝੂਠ ਬੋਲਿਆ..?
ਕੌਣ ਹਨ ਇਹ ਗੈਂਗਸਟਰ ਅਤੇ ਕਿੱਥੋਂ ਆਉਂਦੇ ਹਨ?

61
0


ਦੇਸ਼ ਭਰ ਵਿੱਚ ਗੈਂਗਸਟਰ ਕਲਚਰ ਨੂੰ ਖਤਮ ਕਰਨ ਲਈ ਸਰਕਾਰਾਂ ਅਕਸਰ ਵੱਡੇ ਵੱਡੇ ਦਾਅਵੇ ਕਰਦੀਆਂ ਹਨ ਅਤੇ ਇਨ੍ਹਾਂ ਨੂੰ ਖਤਮ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਂਦੀਆਂ ਹਨ। ਜਿੰਨ੍ਹਾਂ ਵਿਚ ਗੈਗੰਸਟਰ ਦੇ ਨਾਮ ਤੇ ਅਨੇਕਾਂ ਨੌਜਵਾਨਾਂ ਨੂੰ ਮੌਤ ਦੇ ਮੂੰਹ ਵਿਚ ਧੱਕ ਦਿਤਾ ਜਾਂਦਾ ਹੈ। ਭਾਵੇਂ ਕਿ ਅਨੇਕਾਂ ਨੌਜਵਾਨਾਂ ਨੂੰ ਸਮੇਂ ਸਮੇਂ ਤੇ ਗੈਂਗਸਟਰ ਕਹਿ ਕੇ ਸਰਕਾਰਾਂ ਨੇ ਮਾਰ ਮੁਕਾਆ ਪਰ ਉਸਦੇ ਬਾਵਜੂਦ ਵੀ ਇਹ ਕਲਚਰ ਖਤਮ ਹੋਣ ਦੀ ਬਜਾਏ ਹੋਰ ਵੱਧਦਾ ਹੀ ਗਿਆ। ਹੁਣ ਉੱਤਰੀ ਭਾਰਤ ਵਿਚ ਗੈਂਗਸਟਰਾਂ ਦਾ ਆਪਸੀ ਨੈਟਵਰਕ ਤੋੜਣ ਲਈ ਪੰਚਕੂਲਾ ਵਿਖੇ ਪੰਜਾਬ, ਚੰਡੀਗੜ੍ਵ ਅਤੇ ਹਰਿਆਣਾ ਦੇ ਉੱਚ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਐਮਏਆਈ ਦੇ ਡਾਇਰੈਕਟਰ ਦਿਨਕਰ ਗੁਪਤਾ ਦੀ ਅਗਵਾਈ ਹੇਠ ਅਹਿਮ ਮੀਟਿੰਗ ਹੋਈ। ਜਿਸ ਵਿਚ ਗੈਂਗਸਟਰ ਕਲਚਰ ਨੂੰ ਸਮਾਪਤ ਕਰਨ ਅਤੇ ਉਨ੍ਹਾਂ ਦੇ ਆਪਸੀ ਨੈਟਵਰਕ ਨੂੰ ਤੋੜਣ ਲਈ ਆਪਸੀ ਜਾਣਕਾਰੀ ਸਾਂਝਾ ਕਰਨ ਲਈ ਆਮ ਸਹਿਮਤੀ ਬਣਾਈ ਗਈ। ਇਸਦੇ ਸੰਬੰਧ ਵਿਚ ਜਾਣਕਾਰੀ ਸਾਂਝਾ ਕਰਕੇ ਇਹ ਸਰਕਾਰਾਂ ਹੁਣ ਸਾਂਝੇ ਤੌਰ ਤੇ ਅਪ੍ਰੇਸ਼ਨ ਚਲਾਉਣਗੀਆਂ। ਇਹ ਇੱਕ ਅਹਿਮ ਫੈਸਲਾ ਹੈ। ਚੰਗੀ ਗਲ ਹੈ ਜੇਕਰ ਸਰਕਾਰਾਂ ਅਤੇ ਪੁਲਿਸ ਮਿਲ ਕੇ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਕੰਮ ਕਰਨ, ਕਿਉਂਕਿ ਆਪਸੀ ਰੰਜਿਸ਼ ਅਤੇ ਪੈਸਿਆਂ ਦੇ ਲਾਲਚ ਕਾਰਨ ਪਨਪੇ ਗੈਂਗਸਟਰਵਾਦ ਵਿਚ ਅਸੀਂ ਅਜਿਹੇ ਬਹੁਤ ਸਾਰੇ ਲੋਕਾਂ ਨੂੰ ਗਵਾ ਲਿਆ ਹੈ ਜੋ ਸਾਡੇ ਸਮਾਜ ਵਿੱਚ ਚੰਗੇ ਮਾਰਗ ਦਰਸ਼ਕ ਵਜੋਂ ਕੰਮ ਕਰ ਰਹੇ ਸਨ। ਹੁਣ ਇਥੇ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੈ ਗੈਂਗਸਟਰ ਕਿੱਥੋਂ ਆਉਂਦੇ ਹਨ ਅਤੇ ਕੌਣ ਹਨ ? ਇਸ ਦਾ ਇੱਕ ਹੀ ਜਵਾਬ ਹੈ ਕਿ ਗੈਂਗਸਟਰ ਬਚਪਨ ਤੋਂ ਨਹੀਂ ਪੈਦਾ ਹੁੰਦੇ, ਸਗੋਂ ਸਾਡੇ ਸਿਸਟਮ ਦੀਆਂ ਨਾਕਾਮੀਆਂ ਕਾਰਨ ਹੀ ਪੈਦਾ ਹੁੰਦੇ ਹਨ। ਗੈਂਗਸਟਰ ਪੈਦਾ ਹੋਣ ਦੇ ਤਿੰਨ ਵੱਡੇ ਕਾਰਨ ਹਨ, ਪਹਿਲਾ ਅਹਿਮ ਕਾਰਨ ਇਹ ਹੈ ਕਿ ਸ਼ੁਰੂਆਤੀ ਦੌਰ ਵਿਚ ਸਾਡੇ ਰਾਜਨੀਤਿਕ ਲੋਕ ਗਰਮ ਤਬੀਅਤ ਦੇ ਨੌਜਵਾਨਾਂ ਦੀ ਚੋਣ ਕਰਕੇ ਉਨ੍ਹਾਂ ਨੂੰ ਆਪਣੇ ਲਾਭ ਲਈ ਵਰਤਦੇ ਹਨ। ਕਿਸੇ ਵੀ ਤਰ੍ਹਾਂ ਦੀ ਅਪਰਾਧਿਕ ਗਤੀਵਿਧੀ ਵਿੱਚ ਸ਼ਾਮਲ ਹੋਣ ’ਤੇ ਉਨ੍ਹਾਂ ਨੂੰ ਪੁਲਿਸ ਵੱਲੋਂ ਬਚਾਉਂਦੇ ਵੀ ਹਨ ਅਤੇ ਹੱਲਾ ਸ਼ੇਰੀ ਦਿੰਦੇ ਹਨ। ਜਿਸ ਨਾਲ ਅਪਰਾਧਿਕ ਗਤੀਵਿਧੀਆਂ ਵਿੱਚ ਉਨ੍ਹਾਂ ਦਾ ਮਨੋਬਲ ਵਧਦਾ ਹੈ। ਜਦੋਂ ਉਹ ਵਧੇਰੇ ਹਿੰਸਕ ਹੋ ਜਾਂਦੇ ਹਨ ਤਾਂ ਸਿਆਸੀ ਲੋਕ ਉਨ੍ਹਾਂ ਤੋਂ ਕਿਨਾਰਾ ਕਰ ਲੈਂਦੇ ਹਨ । ਫਿਰ ਉਹ ਆਮ ਤੋਂ ਇਸ ਖਾਸ ਰੁਤਬੇ ਤੱਕ ਪਹੁੰਚ ਜਾਂਦੇ ਹਨ। ਦੂਸਰਾ ਵੱਡਾ ਕਾਰਨ ਇਹ ਹੈ ਕਿ ਅਕਸਰ ਪੁਲਿਸ ਮਹਿਕਮੇ ਵੱਲੋਂ ਕਿਸੇ ਬੇਕਸੂਰ ਨੌਜਵਾਨ ’ਤੇ ਕੀਤੀ ਜਾਣ ਵਾਲੀ ਗਲਤ ਕਾਰਵਾਈ ਨੂੰ ਅੰਜਾਮ ਦੇਣ ਨਾਲ ਨੌਜਵਾਨ ਅਪਰਾਧ ਵੱਲ ਕਦਮ ਧਰਦੇ ਹਨ। ਕੁਝ ਲੋਕ ਪੁਲਿਸ ਦੀ ਇਸ ਤਰ੍ਹਾਂ ਦੀ ਨਜਾਇਜ ਕਾਰਵਾਈ ਨੂੰ ਬਰਦਾਸ਼ਤ ਕਰ ਲੈਂਦੇ ਹਨ ਅਤੇ ਕੁਝ ਲੋਕ ਬਰਦਾਸ਼ਤ ਨਹੀਂ ਕਰਦੇ। ਜਿਸ ਕਾਰਨ ਉਹ ਗਲਤ ਰਸਤੇ ’ਤੇ ਪੈ ਜਾਂਦੇ ਹਨ ਅਤੇ ਹੌਲੀ-ਹੌਲੀ ਅੱਗੇ ਵਧਦੇ ਹੋਏ ਇਸ ਮੁਕਾਮ ’ਤੇ ਪਹੁੰਚ ਜਾਂਦੇ ਹਨ। ਤੀਸਰਾ ਕਾਰਨ ਇਹ ਹੈ ਕਿ ਜਦੋਂ ਕੋਈ ਬੱਚਾ ਕਿਸੇ ਗਲਤ ਸੰਗਤ ਵਿਚ ਪੈਂਦਾ ਹੈ ਅਤੇ ਲੜਾਈ ਝਗੜੇ ਸ਼ੁਰੂ ਕਰ ਦਿੰਦਾ ਹੈ ਤਾਂ ਮਾਂ ਬਾਪ ਵਲੋਂ ਉਸਨੂੰ ਨਾ ਝਿੜਕਣ ਤੇ ਉਹ ਅਪਰਾਧ ਦੇ ਰਾਹ ’ਤੇ ਅੱਗੇ ਵਧਦਾ ਹੈ। ਇਨ੍ਹਾਂ ਤਿੰਨਾਂ ਕਾਰਨਾ ਵਿਚ ਗੈਗੰਸਟਰ ਬਨਣ ਵੱਲ ਉਹ ਪੌੜੀ ਦੇ ਪਹਿਲੇ ਟੰਬੇ ਤੇ ਉਸ ਸਮੇਂ ਪੈਰ ਰੱਖਦਾ ਹੈ ਜਦੋਂ ਉਸ ਨੂੰ ਪਹਿਲੀ ਵਾਰ ਜੇਲ੍ਹ ਹੁੰਦੀ ਹੈ। ਜੇਲ੍ਹਾਂ ਹੁਣ ਅਪਰਾਧੀਆਂ ਲਈ ਸੁਧਾਰ ਘਰ ਨਹੀਂ, ਸਗੋਂ ਟ੍ਰੇਨਿੰਗ ਘਰ ਬਣ ਗਈਆਂ ਹਨ। ਇਸ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ। ਵੱਡੀਆਂ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਅਪਰਾਧੀਆਂ ਜੇਲਾਂ ਵਿਚ ਬੈਠੇ ਹੀ ਬਾਹਰ ਕਤਲ ਦੀਆਂ ਸੁਪਾਰੀਆਂ ਲੈਂਦੇ ਹਨ ਅਤੇ ਕਤਲ ਕਰਵਾਉਂਦੇ ਹਨ। ਇਨ੍ਹਾਂ ਹੀ ਨਹੀਂ ਕਤਲ ਤੋਂ ਬਾਅਦ ਉਹ ਜਿੰਮੇਵਾਰੀਆਂ ਵਾ ਲੈਂਦੇ ਹਨ। ਜੇਲ੍ਹਾਂ ਵਿੱਚ ਬੈਠੇ ਅਪਰਾਧੀ ਬਾਹਰਲੇ ਲੋਕਾਂ ਤੋਂ ਭਾਰੀ ਫਿਰੌਤੀ ਵਸੂਲਦੇ ਹਨ ਅਤੇ ਉਸੇ ਪੈਸੇ ਨਾਲ ਉਹ ਬਾਹਰਲੇ ਲੋਕਾਂ ਨੂੰ ਜੁਰਮ ਲਈ ਤਿਆਰ ਕਰਦੇ ਹਨ ਅਤੇ ਜਦੋਂ ਕੋਈ ਛੋਟਾ ਅਪਰਾਧੀ ਜੇਲ ਚਲਾ ਜਾਂਦਾ ਹੈ ਤਾਂ ਉਹ ਜੇਲ੍ਹਾਂ ਵਿੱਚ ਬੈਠੇ ਵੱਡੇ ਅਪਰਾਧੀਆਂ ਦੀ ਠਾਠ ਬਾਠ ਵਾਲੀ ਜਿੰਦਗੀ ਦੇਖਦਾ ਹੈ ਤਾਂ ਉਹ ਪ੍ਰਭਾਵਿਤ ਹੁੰਦਾ ਹੈ ਅਤੇ ਉਨ੍ਹਾਂ ਵਰਗਾ ਬਨਣ ਦੀ ਸੋਚ ਪਾਲਦਾ ਹੈ। ਅਕਸਰ ਹੀ ਪੁਲਿਸ ਨਾਮੀ ਗੈਂਗਸਟਰਾਂ ਨੂੰ ਬਾਹਰ ਹੋਏ ਕਤਲਾਂ ਅਤੇ ਹੋਰ ਅਪਰਾਧਿਕ ਗਤੀਵਿਧਿਆਂ ਵਿਚ ਸ਼ਾਮਲ ਕਰਕੇ ਉਨ੍ਹਾਂ ਨੂੰ ਜੇਲਾਂ ਵਿਚੋਂ ਪ੍ਰੋਟਕਸ਼ਨ ਵਾਰੰਟ ਤੇ ਵੀ ਲੈ ਕੇ ਆਉਂਦੀ ਹੈ। ਪਿਛਲੇ ਸਮੇਂ ਦੌਰਾਨ ਜੇਲ ’ਚੋਂ ਵੱਡੇ ਨਾਮੀ ਗੈਂਗਸਟਰ ਲਾਰਸ ਬਿਸ਼ਨੋਈ ਦਾ ਇੰਟਰਵਿਊ ਵੀ ਮੀਡੀਆ ’ਤੇ ਛਪਿਆ ਰਿਹਾ। ਹੁਣ ਤੱਕ ਪੁਲਸ ਅਤੇ ਸਰਕਾਰ ਇਹ ਪਤਾ ਨਹੀਂ ਲਗਾ ਸਕੀ ਕਿ ਬਿਸ਼ਨੋਈ ਦੀ ਇੰਟਰਵਿਊ ਜੇਲ ਵਿਚ ਕਿਸ ਤਰ੍ਹਾਂ ਹੋਈ ਅਤੇ ਕਿਸ ਨੇ ਕੀਤੀ ਸੀ। ਜੇਲ੍ਹਾਂ ਵਿੱਚੋਂ ਮਿਲਦੇ ਮੋਬਾਈਲ ਅਤੇ ਨਸ਼ੀਲੇ ਪਦਾਰਥ ਇਨ੍ਹਾਂ ਵੱਡੇ ਅਪਰਾਧੀਆਂ ਦੀ ਪਹੁੰਚ ਦਰਸਾਉਣ ਲਈ ਕਾਫ਼ੀ ਹਨ। ਇਸ ਲਈ ਗੈਂਗਸਟਰ ਕਲਚਰ ਨੂੰ ਖਤਮ ਕਰਨ ਲਈ ਪਹਿਲਾਂ ਇਨਾਂ ਦੇ ਪੈਦਾ ਹੋਣ ਦੀ ਮੂਲ ਜੜ੍ਹ ਦਾ ਪਤਾ ਲਗਾਇਆ ਜਾਵੇ ਤਾਂ ਜੋ ਕੋਈ ਵੀ ਨੌਜਵਾਨ ਜੁਰਮ ਦੀ ਦੁਨੀਆਂ ਵਿੱਚ ਨਾ ਰੱਖ ਸਕੇ। ਇਸ ਲਈ ਸਾਡੇ ਸਿਆਸੀ ਆਗੂ, ਪੁਲਿਸ ਵਿਭਾਗ ਦੇ ਅਧਿਕਾਰੀ ਅਤੇ ਮਾਪਿਆਂ ਨੂੰ ਆਪਣੀ ਜਿੰਮੇਵਾਰੀ ਚੰਗੀ ਤਰ੍ਹਾਂ ਨਿਭਾਉਣੀ ਪਵੇਗੀ, ਨਹੀਂ ਤਾਂ ਸਰਕਾਰਾਂ ਇਸ ਕਲਚਰ ਨੂੰ ਖਤਮ ਕਰਨ ਲਈ ਜਿੰਨਾਂ ਨਰਜ਼ੀ ਜ਼ੋਰ ਲਗਾ ਲਏ ਅਤੇ ਕਿੰਨੇ ਵੀ ਗੈਂਗਸਟਰਾਂ ਨੂੰ ਮੁਕਾਬਲਿਆਂ ਵਿਚ ਮਾਰ ਮੁਕਾਏ ਪਰ ਇਹ ਕਲਚਰ ਇਸੇ ਤਰ੍ਹਾਂ ਹੀ ਪਨਪਦਾ ਰਹੇਗਾ ਕਿਉਂਕਿ ਇਹ ਗੈੰਗਸਟਰਵਾਦ ਸਾਡੇ ਬੁਰੀ ਤਰ੍ਹਾਂ ਨਾਲ ਫੇਲ ਸਿਸਟਮ ਦੀ ਪੈਦਾਇਸ਼ ਹਨ। ਜੇਕਰ ਸਿਸਟਮ ਵਿਚ ਸੁਧਾਰ ਲਿਆਵਾਂਗੇ ਤਾਂ ਹੀ ਇਸ ਪਾਸੇ ਸਫਲਤਾ ਪੂਰਵਕ ਕਦਮ ਵਧਾ ਸਕਾਂਗੇ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here