ਲਹਿਰਾਗਾਗਾ(ਰਾਜੇਸ ਜੈਨ)ਥਾਣਾ ਲਹਿਰਾ ਅਧੀਨ ਆਉਂਦੇ ਪਿੰਡ ਚੋਟੀਆਂ ਵਿਖੇ ਪਿੰਡ ਦੀ ਪੰਚਾਇਤ, ਨਗਰ ਨਿਵਾਸੀ ਅਤੇ ਸਮੂਹ ਕਲੱਬਾਂ ਵੱਲੋਂ ਪਿੰਡ ਵਿੱਚ ਨਸ਼ਿਆਂ ਦੇ ਕੋਹੜ ਨੂੰ ਵੱਢਣ ਲਈ ਸਥਾਨਕ ਦੁੱਖ ਨਿਵਾਰਨ ਤਲਾਈ ਵਿਖੇ ਭਾਰੀ ਇਕੱਠ ਰੱਖਿਆ ਗਿਆ। ਜਿਸ ਵਿਚ ਪੰਚ,ਸਰਪੰਚ, ਕਲੱਬਾਂ ਦੇ ਅਹੁਦੇਦਾਰ, ਪਿੰਡ ਦੇ ਮੋਹਤਬਰ ਵਿਅਕਤੀਆਂ ਤੋਂ ਇਲਾਵਾ ਡੀਐਸਪੀ ਲਹਿਰਾ ਪੁਸ਼ਪਿੰਦਰ ਸਿੰਘ, ਸਿਟੀ ਇੰਚਾਰਜ਼ ਮੈਡਮ ਅਮਨਦੀਪ ਕੌਰ ਅਤੇ ਚੌਕੀ ਚੋਟੀਆਂ ਇੰਚਾਰਜ ਹਰਮਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਇਕੱਠ ਨੂੰ ਸੰਬੋਧਨ ਕਰਦਿਆਂ ਪਿੰਡ ਦੀ ਸਰਪੰਚ ਮਮਤਾ ਰਾਣੀ ਦੇ ਪਤੀ ਗੁਰਜੰਟ ਸਿੰਘ ਤੋਂ ਇਲਾਵਾ ਸਤਨਾਮ ਸਿੰਘ ਚੋਟੀਆਂ, ਸੁਖਦੇਵ ਸਿੰਘ ਆਦੀ ਨੇ ਕਿਹਾ ਕਿ ਸਾਡੇ ਪਿੰਡ ਤੋਂ ਜਾਖਲ (ਹਰਿਆਣਾ) ਮਹਿਜ਼ 4 ਕਿਲੋਮੀਟਰ ਹੈ ਜਿਸ ਕਾਰਨ ਇੱਥੇ ਪਿਛਲੇ ਕਈ ਮਹੀਨਿਆਂ ਤੋਂ ਨਸ਼ਾ ਵਧਿਆ ਹੋਇਆ ਹੈ। ਸਾਰਿਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਨੂੰ ਨਸ਼ਾ ਮੁਕਤ ਕਰਨ ਦਾ ਤਹੱਈਆ ਕੀਤਾ ਹੈ।ਇਸ ਸਮੇਂ ਪੰਚਾਇਤ ਵੱਲੋਂ ਪਾਏ ਮਤਿਆਂ ਵਿੱਚ ਵੀ ਜ਼ਿਕਰ ਕੀਤਾ ਗਿਆ ਕਿ ਜੇਕਰ ਕੋਈ ਨਜਾਇਜ਼ ਨਸ਼ੇ ਵੇਚਦਾ ਜਾਂ ਗ.ੈਰ-ਕਨੂੰਨੀ ਕੰਮ ਕਰਦਾ ਹੈ ਤਾਂ ਪੰਚਾਇਤ ਅਤੇ ਪਿੰਡ ਵਾਸੀ ਉਸ ਦੀ ਕਿਸੇ ਤਰਾਂ ਦੀ ਕੋਈ ਵੀ ਮੱਦਦ ਨਹੀਂ ਕਰਨਗੇ। ਜੇਕਰ ਇਸ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਲਈ ਰਾਹ ਵਿੱਚ ਕੰਡੇ ਆਏ ਤਾਂ ਉਨਾਂ ਨੂੰ ਵੀ ਚੁੱਕ ਕੇ ਪਾਸੇ ਕਰਾਂਗੇ।ਇਸ ਸਬੰਧੀ ਡੀਐਸਪੀ ਲਹਿਰਾ ਪੁਸ਼ਪਿੰਦਰ ਸਿੰਘ ਨੇ ਪਿੰਡ ਵਾਸੀਆਂ ਦੀ ਜੋਰਦਾਰ ਸ਼ਲਾਘਾ ਕਰਦਿਆਂ ਕਿਹਾ ਕਿ, ਸਾਡੇ ਵੱਲੋਂ ਹਰੇਕ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਨਸ਼ਾ ਵੇਚਣ ਵਾਲੇ ਦਾ ਪਤਾ ਦੱਸਿਆ ਜਾਵੇ ਜਿਸਦੀ ਪਛਾਣ ਗੁਪਤ ਰੱਖੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਨਸ਼ਾ ਕਰਨ ਵਾਲੇ ਕਿਸੇ ਬੱਚੇ ਨੂੰ ਇਲਾਜ ਦੀ ਲੋੜ ਹੈ ਉਹ ਭੀ ਮੁਹੱਈਆ ਕਰਵਾਇਆ ਜਾਵੇਗਾ।