ਫਿਲੌਰ, 8 ਜੁਲਾਈ ( ਰੋਹਿਤ ਗੋਇਲ) – ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਬੀ.ਸੀ.ਏ. ਸਮੈਸਟਰ ਛੇਵੇਂ ਦੇ ਐਲਾਨੇ ਨਤੀਜੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਫਿਲੌਰ ਦਾ ਨਤੀਜਾ ਸ਼ਾਨਦਾਰ ਰਿਹਾ। ਕਾਲਜ ਪ੍ਰਿੰਸੀਪਲ ਡਾ. ਪਰਮਜੀਤ ਕੌਰ ਜੱਸਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੁੱਚੇ ਕਾਲਜ ਦਾ ਦੇ ਵਿਦਿਆਰਥੀ ਵਿਦਿਅਕ ਅਤੇ ਸਹਿ-ਵਿਦਿਅਕ ਗਤੀਵਿਧੀਆਂ ਵਿੱਚ ਮੱਲਾਂ ਮਾਰਦਾ ਆ ਰਹੇ ਹਨ। ਇਸੇ ਦੌਰਾਨ ਹਾਲ ਹੀ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਐਲਾਨੇ ਨਤੀਜੇ ਵਿੱਚ ਬੀ.ਸੀ.ਏ. ਸਮੈਸਟਰ ਛੇਵੇਂ ਦੀ ਵਿਦਿਆਰਥਣ ਬਨੀਤਾ ਰਾਣੀ ਨੇ 81% ਅੰਕ ਹਾਸਲ ਕੀਤੇ ਜਦਕਿ ਵਿਦਿਆਰਥੀ ਅਸ਼ਿਸ਼ ਨੇ 73% ਅਤੇ ਵਿਦਿਆਰਥੀ ਮੋਹਿਤ ਕੁਮਾਰ 72% ਅੰਕ ਹਾਸਲ ਕਰਕੇ, ਕਾਲਜ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ। ਕੰਪਿਊਟਰ ਵਿਭਾਗ ਦੇ ਪ੍ਰੋ. ਵਿਸ਼ਾਲੀ, ਪ੍ਰੋ. ਪਵਨ ਕੁਮਾਰ ਤੇ ਪ੍ਰੋ. ਮਮਤਾ ਦੀ ਮਿਹਨਤ ਸਦਕਾ ਉਕਤ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ। ਇਸੇ ਦੌਰਾਨ ਪ੍ਰਿੰਸੀਪਲ ਡਾ. ਜੱਸਲ ਹੁਰਾਂ ਉਨ੍ਹਾਂ ਦੀ ਸਰਾਹਨਾ ਵੀ ਕੀਤੀ।ਉਨ੍ਹਾਂ ਇਹ ਵੀ ਦੱਸਿਆ ਕਿ ਕਾਲਜ ਆਏ ਦਿਨ ਨਵੀਆਂ ਗਤੀਵਿਧੀਆਂ ਨਾਲ਼ ਚਰਚਾ ਵਿੱਚ ਰਹਿੰਦਾ ਹੈ। ਜਿਸ ਵਿੱਚ ਕਾਲਜ ਦੇ ਵਿਦਿਆਰਥੀ ਵਿਦਿਅਕ ਤੇ ਸਹਿ-ਵਿਦਿਅਕ ਪ੍ਰਾਪਤੀਆਂ ਕਰਦੇ ਹਨ। ਕਾਲਜ ਦਾ ਸਾਰਾ ਸਟਾਫ਼ ਤਜ਼ੁਰਬੇਕਾਰ ਤੇ ਮਿਹਨਤੀ ਹੈ। ਕਾਲਜ ਦਾ ਮਹੌਲ ਹਰਿਆ ਭਰਿਆ ਤੇ ਪੜ੍ਹਾਈ ਲਈ ਸੁਖਾਵਾਂ ਹੈ। ਨਵੇਂ ਸ਼ੈਸ਼ਨਾਂ ਵਿੱਚ ਵਿਦਿਆਰਥੀ ਦਾਖ਼ਲਾ ਕਰਵਾ ਰਹੇ ਹਨ ਤਾਂ ਕਿ ਆਉਂਦੀਆਂ ਪ੍ਰੀਖਿਆਵਾਂ ਵਿੱਚ ਆਪਣਾ ਨਾਂ ਮੈਰਿਟ ਵਿੱਚ ਦਰਜ ਕਰਵਾ ਸਕਣ। ਇਸ ਮੌਕੇ ਪ੍ਰਿੰਸੀਪਲ ਡਾ. ਪਰਮਜੀਤ ਕੌਰ ਜੱਸਲ ਨੇ ਸਟਾਫ਼, ਵਿਦਿਆਰਥੀਆਂ ਤੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ।