ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਫਿਕਰਮੰਦ ਗੁਰਭਜਨ ਗਿੱਲ ਦੀ ਸ਼ਾਇਰੀ ਵਿੱਚ ਵੀ ਇਹ ਫ਼ਿਕਰ ਥਾਂ ਪੁਰ ਥਾਂ ਹਾਜ਼ਰ ਹੁੰਦਾ ਹੈ । ਉਹ ਪੰਜਾਬੀ ਸੱਭਿਆਚਾਰ ਦੀਆਂ ਅਮੀਰ ਪਰੰਪਰਾਵਾਂ ਦਾ ਕਾਇਲ ਹੈ। ਗੁਰਭਜਨ ਗਿੱਲ ਗ਼ਜ਼ਲਾਂ ਵਿੱਚ ਥਾਂ ਪੁਰ ਥਾਂ ਸਾਡੇ ਸੱਭਿਆਚਾਰ ਨਾਲ਼ ਜੁੜੇ ਵਿਰਾਸਤੀ ਸ਼ਬਦਾਂ ਨੂੰ ਆਪਣੇ ਸ਼ਿਅਰਾਂ ਵਿੱਚ ਢਾਲਦਾ ਹੈ ।
ਸਾਂਝੇ ਪੰਜਾਬ ਦੇ ਨਦੀਆਂ, ਦਰਿਆ, ਪਿੰਡ, ਸ਼ਹਿਰ, ਉਸਦੇ ਚੇਤਿਆਂ ‘ਚ ਜਾਗਦੇ ਜਿਉਂਦੇ ਨੇ ।ਇਸੇ ਤਰ੍ਹਾਂ ਸਾਝਾਂ ਦੇ ਰਿਸ਼ਤਿਆਂ ਜਹੇ ਇਹ ਦੀਵੇ ਜਗਦੇ ਨੇ ਉਸ ਦੇ ਮਨ ਮੰਦਰ ਅੰਦਰ।
ਉਸਦੀਆਂ ਗ਼ਜ਼ਲਾਂ ਵਿਚਲੇ ਸ਼ਬਦ ਜਿਉਂਦੇ ਜਾਗਦੇ, ਸਾਹ ਲੈਂਦੇ , ਹੌਕੇ ਭਰਦੇ ਪ੍ਰਤੀਤ ਹੁੰਦੇ ਨੇ ।
ਗੁਆਚ ਰਹੇ ਤਿੜਕਦੇ ਰਿਸ਼ਤਿਆਂ ਪ੍ਰਤੀ ਅੰਤਾਂ ਦੀ ਪੀੜ ਹੈ ਉਸਦੇ ਦਿਲ ਅੰਦਰ ।ਇਨਸਾਨੀ ਮਨਾਂ ਅਤੇ ਇਸ ਧਰਤੀ ‘ਤੇ ਖਿੱਚੀਆਂ ਲਕੀਰਾਂ ਤੇ ਪਾਈਆਂ ਵੰਡੀਆਂ ਪ੍ਰਤੀ ਉਹ ਚਿੰਤਤ ਹੈ, ਉਦਾਸ ਹੈ ਪਰ ਆਸਵੰਦ ਹੈ ਕਿ ਇੱਕ ਦਿਨ ਇਹ ਲੀਕਾਂ ਮਿਟ ਜਾਣਗੀਆਂ । ਉਸ ਦੀ ਸ਼ਾਇਰੀ ਵਿੱਚ ਕਈ ਜਗ੍ਹਾ ਉਦਾਸੀ ਝਲਕਦੀ ਜਿਵੇ ਉਹ ਨਿਰਾਸ਼ ਹੈ ਤੇ ਉਦਾਸ ਹੋਵੇ ਪਰ ਅਸਲ ਅਰਥਾਂ ਵਿੱਚ ਉਹ ਬੇਆਸ ਨਹੀਂ ।
ਉਹ ਕਹਿੰਦਾ ਹੈ ….
ਤੁਸੀਂ ਪਾਣੀ ਤਾਂ ਪਾਓ ਫਿਰ ਫਲ਼ ਫੁੱਲ ਹਾਰ ਮਹਿਕਣਗੇ,
ਭਲਾ ਜੀ ਆਸ ਦੇ ਬੂਟੇ ਨੂੰ ਦੱਸੋ ਕੀ ਨਹੀਂ ਲੱਗਦਾ
ਗੁਰਭਜਨ ਗਿੱਲ ਮੈਨੂੰ ਕਿਸੇ ਸਾਂਝੀ ਥਾਂ ‘ਤੇ ਲੱਗੇ ਬੋਹੜ ਜਿਹਾ ਜਾਪਦਾ ਹੈ , ਜਿਹੜਾ ਸਭ ਨੂੰ ਇੱਕੋ ਜਹੀ ਛਾਂ ਦਿੰਦਾ ਹੈ । ਉਸਦੀ ਅੰਬਰ ਜਿੱਡੀ ਬੁੱਕਲ ਹਰ ਛੋਟੇ ਵੱਡੇ ਜੀ ਨੂੰ ਆਪਣੇ ਮੋਹ ਭਰੇ ਕਲਾਵੇ ਵਿੱਚ ਲੈਂਦੀ ਹੈ । ਵੱਡੇ ਤੋਂ ਵੱਡਾ ਰਾਜਨੀਤਕ ਆਗੂ, ਬਿਊਰੋਕਰੇਟ, ਪੱਤਰਕਾਰ, ਲੇਖਕ, ਆਲੋਚਕ, ਗਾਇਕ, ਬੁੱਧੀਜੀਵੀ, ਨਵੇਂ ਉੱਭਰਦਾ ਲੇਖਕ ਉਸਦੀ ਬੁੱਕਲ਼ ਦਾ ਨਿੱਘ ਮਾਨਣ ਲਈ ਤਤਪਰ ਰਹਿੰਦਾ ਹੈ। ਉਸ ਦਾ ਵਡੱਪਣ ਹੈ ਕਿ ਉਸ ਕੋਲ਼ ਬੈਠ ਕੇ ਕਿਸੇ ਨੂੰ ਆਪਣੇ ਛੋਟੇ ਹੋਣ ਦਾ ਅਹਿਸਾਸ ਨਹੀਂ ਹੁੰਦਾ । ਇਹੀ ਉਸਦੀ ਖਾਸੀਅਤ ਹੈ , ਆਪਣੇ ਆਪ ਨੂੰ ਵੱਡੇ ਕਹਾਉਂਦੇ ਲੋਕ ਆਪਣੇ ਰੁਤਬੇ ਦੇ ਸ਼ਮਲੇ ਲਾਹ ਕੇ ਮਿਲ਼ਦੇ ਨੇ ਉਸਨੂੰ ।
ਬੇਬਾਕ ਐਨਾ ਕਿ ਗੱਲ ਕਹਿਣ ਲੱਗਾ ਸਾਹਮਣੇ ਵਾਲੇ ਦੇ ਵੱਡੇ ਨਾਮ, ਰੁਤਬੇ, ਕੁਰਸੀ ਤੇ ਤਾਕਤਵਰ ਹੈਸੀਅਤ ਦੀ ਪ੍ਰਵਾਹ ਨਹੀਂ ਕਰਦਾ ।
ਇੱਕ ਸ਼ਿਅਰ ਵਿੱਚ ਉਹ ਕਹਿੰਦਾ ਹੈ ….
ਹੋਠਾਂ ਉੱਤੇ ਲੱਗੇ ਜਿੰਦਰੇ ਖੋਲ੍ਹ ਦਿਆ ਕਰ
ਮਨ ਮਸਤਕ ਵਿੱਚ ਜੋ ਵੀ ਆਵੇ ਬੋਲ ਦਿਆ ਕਰ
ਨਾਲ
ਗੁਰਭਜਨ ਗਿੱਲ ਦੀ ਯਾਦ ਸ਼ਕਤੀ ਕਮਾਲ ਦੀ ਹੈ, ਅਤੀਤ ਦੀਆਂ ਘਟਨਾਵਾਂ ਦਾ ਜ਼ਬਾਨੀ ਜ਼ਿਕਰ ਏਦਾਂ ਕਰਦਾ ਹੈ ਜਿਵੇਂ ਕਿਸੇ ਕਿਤਾਬ ਤੋਂ ਪੜ੍ਹ ਕੇ ਬੋਲ ਰਿਹਾ ਹੋਵੇ ।
ਬਹੁਤ ਵੱਡਾ ਖਜ਼ਾਨਾ ਹੈ ਉਸ ਕੋਲ । ਬਹੁਤ ਕੁਝ ਸਮੇਟੀ ਬੈਠਾ ਹੈ ਆਪਣੀ ਜ਼ਿਹਨ ਪਟਾਰੀ ਅੰਦਰ , ਜਿਸਨੂੰ ਸਾਂਭਣ ਦੀ ਲੋੜ ਹੈ । ਗੁਰਭਜਨ ਗਿੱਲ ਜਿਉਂਦਾ ਇਨਸਾਈਕਲੋਪੀਡੀਆ ਹੈ ।
ਲਗਪਗ 20 ਕਿਤਾਬਾਂ ਦੇ ਲੇਖਕ ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਦੇ ਨਾਲ਼ ਨਾਲ਼ ਰੁਬਾਈਆਂ, ਗੀਤਾਂ ਤੇ ਖੁੱਲ੍ਹੀ ਕਵਿਤਾ ਦੀਆਂ ਕਿਤਾਬਾਂ ਵੀ ਪ੍ਰਕਾਸ਼ਿਤ ਹੋਈਆਂ ਹਨ । ਜਿੰਨਾਂ ਨੂੰ ਪਾਠਕਾਂ ਵੱਲੋਂ ਭਰਪੂਰ ਪਿਆਰ ਮਿਲਿਆ ਹੈ ।
ਉਸਦੀਆਂ ਕਿਤਾਬਾਂ, ਖ਼ੈਰ ਪੰਜਾਂ ਪਾਣੀਆਂ ਦੀ , ਰਾਵੀ ਤੇ ਸੁਰਤਾਲ ਸ਼ਾਹਮੁਖੀ ਵਿੱਚ ਪਾਕਿਸਤਾਨ ਅੰਦਰ ਵੀ ਪ੍ਰਕਾਸ਼ਿਤ ਹੋਈਆਂ ਹਨ ਜਿੰਨ੍ਹਾ ਨੂੰ ਓਧਰ ਬਹੁਤ ਪਿਆਰ ਮਿਲਿਆ ਹੈ । ਹੁਣ ਗੁਰਭਜਨ ਗਿੱਲ ਦੀ 1973 ਤੋਂ ਲੈ ਕੇ 2023 ਤੱਕ ਦੀ 50 ਸਾਲ ਦੀ ਗ਼ਜ਼ਲ ਦੀ ਕਿਤਾਬ “ਅੱਖਰ ਅੱਖਰ ” ਪੰਜਾਬੀ ਲੋਕ ਵਿਰਾਸਤ ਅਕੈਡਮੀ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ । ਪ੍ਰਿੰਟਵੈੱਲ ਅੰਮ੍ਰਿਤਸਰ ਵੱਲੋਂ ਛਾਪੀ ਸ਼ਾਨਦਾਰ ਸਰਵਰਕ ਵਾਲੀ ਇਸ ਗ਼ਜ਼ਲ ਕਿਤਾਬ ਦੇ ਕੁੱਲ 472 ਸਫੇ ਨੇ ਡਬਲ ਕਾਲਮ ਵਿੱਚ । ਲਗਪਗ 912 ਗ਼ਜ਼ਲਾਂ ਹਨ।
ਇਸ ਵਿੱਚ ਪਹਿਲਾਂ ਛਪੇ ਗ਼ਜ਼ਲ ਸੰਗ੍ਰਿਹਾਂ ਤੋਂ ਇਲਾਵਾ ਉਸਦੇ ਨਵੇਂ ਗ਼ਜ਼ਲ ਸੰਗ੍ਰਿਹ ” ਜ਼ੇਵਰ ” ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ।
ਕਿਤਾਬ ਦੇ ਸ਼ੁਰੂ ਵਿੱਚ ਪ੍ਰੋ ਰਵਿੰਦਰ ਭੱਠਲ ਵੱਲੋਂ ਕਾਵਿਕ ਰੂਪ ਵਿੱਚ ਲਿਖਿਆ ਰੇਖਾ ਚਿਤਰ ਆਪਣੇ ਆਪ ਵਿੱਚ ਵਿਲੱਖਣ ਤੇ ਬਾਕਮਾਲ ਹੈ । ਬਹੁਤ ਖੂਬਸੂਰਤ ਸ਼ਬਦਾਂ ਵਿੱਚ ਗੁਰਭਜਨ ਗਿੱਲ ਦੀ ਸ਼ਖਸੀਅਤ ਤੇ ਉਹਨਾ ਦੀ ਸ਼ਾਇਰੀ ਦਾ ਜ਼ਿਕਰ ਕੀਤਾ ਹੈ ਪ੍ਰੋ ਭੱਠਲ ਨੇ ।
ਏਦਾਂ ਹੁਣ ਪਾਠਕਾਂ ਤੇ ਗ਼ਜ਼ਲ ਵਿੱਚ ਰੁਚੀ ਰੱਖਣ ਵਾਲ਼ੇ ਵਿਦਿਆਰਥੀਆਂ / ਸਿਖਿਆਰਥੀਆਂ ਨੂੰ ਗੁਰਭਜਨ ਗਿੱਲ ਦੀ ਗ਼ਜ਼ਲ ਇੱਕੋ ਜਿਲਦ ਵਿੱਚ ਪੜ੍ਹਨ ਨੂੰ ਮਿਲ ਸਕੇਗੀ । ਇਹ ਬਹੁਤ ਵਧੀਆ ਉਪਰਾਲਾ ਹੈ।
ਇਹ ਵੱਡ ਆਕਾਰੀ ਕਿਤਾਬ ਸਿੰਘ ਬਰਦਰਜ਼, ਸਿਟੀ ਸੈਂਟਰ ਅੰਮ੍ਰਿਤਸਰ ਰਾਹੀਂ ਵੇਚੀ ਜਾ ਰਹੀ ਹੈ ਪਰ ਸਭ ਵੱਡੇ ਪੁਸਤਕ ਵਿਕਰੇਤਾਵਾਂ ਪਾਸੋਂ ਲਈ ਜਾ ਸਕਦੀ ਹੈ । ਤੁਸੀਂ ਇਹ ਪੁਸਤਕ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਵਿਕਰੀ ਕੇਂਦਰ ਤੋਂ ਵੀ ਪ੍ਰਾਪਤ ਕਰ ਸਕਦੇ ਹੋ । ਕੀਮਤ ਭਾਵੇਂ 1000/- ਰੁਪਏ ਹੈ ਪਰ ਏਥੋਂ 600 /- ਰੁਪਏ ਚ ਮਿਲਦੀ ਹੈ ।
ਮੈਂ ਗੁਰਭਜਨ ਗਿੱਲ ਦੇ ਇਸ ਗ਼ਜ਼ਲ ਸੰਗ੍ਰਿਹ ” ਅੱਖਰ ਅੱਖਰ ” ਨੂੰ ਖੁਸ਼ਆਮਦੀਦ ਆਖਦਾ ਹਾਂ ਤੇ ਗੁਰਭਜਨ ਗਿੱਲ ਨੂੰ ਮੁਬਾਰਕਬਾਦ ਦਿੰਦਾ ਹਾਂ ।
ਰਾਜਦੀਪ ਸਿੰਘ ਤੂਰ
ਪਿੰਡ ਸਵੱਦੀ ਕਲਾਂ
ਤਹਿਸੀਲ ਜਗਰਾਉਂ
ਜ਼ਿਲ੍ਹਾ ਲੁਧਿਆਣਾ।