Home ਪਰਸਾਸ਼ਨ ਡਿਪਟੀ ਕਮਿਸ਼ਨਰ ਨੇ ਹੜ੍ਹਾਂ ਦੀ ਸਥਿਤੀ ਦਾ ਲਿਆ ਜਾਇਜ਼ਾ

ਡਿਪਟੀ ਕਮਿਸ਼ਨਰ ਨੇ ਹੜ੍ਹਾਂ ਦੀ ਸਥਿਤੀ ਦਾ ਲਿਆ ਜਾਇਜ਼ਾ

25
0


ਕਿਸੇ ਵੀ ਤਰ੍ਹਾਂ ਦੀ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਕੀਤੇ ਪੁਖਤਾ ਪ੍ਰਬੰਧ- ਸੁਰਭੀ ਮਲਿਕ
ਲੁਧਿਆਣਾ, 10 ਜੁਲਾਈ (ਭਗਵਾਨ ਭੰਗੂ-ਲਿਕੇਸ਼ ਸ਼ਰਮਾ) : ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਸੋਮਵਾਰ ਨੂੰ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲਿਆ। ਜ਼ਿਲ੍ਹੇ ਵਿੱਚ ਪੈਂਦੇ ਪਿੰਡ ਭੋਲੇਵਾਲ, ਨੂਰਪੁਰ ਬੇਟ, ਵਲੀਪੁਰ, ਖਹਿਰਾ ਬੇਟ, ਮੰਡ ਦਾ ਦੌਰਾ ਕਰਨ ਉਪਰੰਤ ਸੁਰਭੀ ਮਲਿਕ ਨੇ ਦੱਸਿਆ ਕਿ ਨਦੀ ਸਿਸਵਾ ਦੇ ਪਾਣੀ ਦੇ ਵਹਾਅ ਕਾਰਨ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਉੱਚਾ ਹੋ ਗਿਆ ਹੈ, ਜਿਸ ਨਾਲ ਦਰਿਆ ਦੇ ਨਾਲ ਲੱਗਦੇ ਨੀਵੇਂ ਇਲਾਕਿਆਂ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਖੜਾ ਡੈਮ ਤੋਂ ਜ਼ਿਆਦਾ ਪਾਣੀ ਛੱਡਣ ਨਾਲ ਨੀਵੇਂ ਇਲਾਕਿਆਂ ਵਿੱਚੋਂ ਲੋਕਾਂ ਅਤੇ ਪਸ਼ੂਆਂ ਨੂੰ ਸੁਰੱਖਿਅਤ ਬਾਹਰ ਕੱਢਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਮੁੱਚੀ ਸਥਿਤੀ ‘ਤੇ ਤਿੱਖੀ ਨਜ਼ਰ ਰੱਖ ਰਿਹਾ ਹੈ ਅਤੇ ਮੌਜੂਦਾ ਹਾਲਾਤਾਂ ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਅਣਸੁਖਾਵੀਂ ਸਥਿਤੀ ਦਾ ਸਾਹਮਣਾ ਕਰਨ ਲਈ ਪਹਿਲਾਂ ਹੀ ਪੂਰੀ ਤਰ੍ਹਾਂ ਤਿਆਰ ਹੈ।ਮਲਿਕ ਨੇ ਕਿਹਾ ਕਿ ਪ੍ਰਸ਼ਾਸਨ ਦੀਆਂ ਟੀਮਾਂ ਨੇ ਰਾਜਪੁਰਾ ਅਤੇ ਖਹਿਰਾ ਬੇਟ ਦੇ 40 ਨਿਵਾਸੀਆਂ ਨੂੰ ਸੁਰੱਖਿਅਤ ਬਚਾ ਲਿਆ ਹੈ ਅਤੇ ਉਨ੍ਹਾਂ ਨੂੰ ਐਸ.ਐਫ.ਆਰ.ਆਈ ਇਮਾਰਤ ਵਿੱਚ ਇੱਕ ਅਸਥਾਈ ਸ਼ੈਲਟਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਜਿੱਥੇ ਭੋਜਨ, ਪਾਣੀ, ਬਿਜਲੀ, ਬਿਸਤਰੇ, ਪਖਾਨੇ ਅਤੇ ਹੋਰ ਸਹੂਲਤਾਂ ਨੂੰ ਯਕੀਨੀ ਬਣਾਇਆ ਗਿਆ ਹੈ। ਉਹਨਾਂ ਨੇ ਅਧਿਕਾਰੀਆਂ ਨੂੰ ਸਾਰੀਆਂ ਪਾੜਾਂ ਨੂੰ ਪੂਰਣ ਅਤੇ ਕਮਜ਼ੋਰ ਪੁਆਇੰਟਾਂ ਨੂੰ ਮਜ਼ਬੂਤ ਕਰਨ ਦੇ ਨਿਰਦੇਸ਼ ਵੀ ਦਿੱਤੇ ਕਿਉਂਕਿ 10 ਹਜ਼ਾਰ ਰੇਤ ਦੀਆਂ ਬੋਰੀਆਂ ਅਤੇ ਹੋਰ ਪੁਖਤਾ ਪ੍ਰਬੰਧ ਵੀ ਕੀਤੇ ਗਏ ਹਨ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਵਿਭਾਗ ਨੂੰ ਪਹਿਲਾਂ ਹੀ ਆਪਣੀਆਂ ਸਿਹਤ ਟੀਮਾਂ ਨੂੰ ਤਿਆਰ ਰੱਖਣ ਲਈ ਕਿਹਾ ਗਿਆ ਹੈ ਅਤੇ ਬਿਜਲੀ ਵਿਭਾਗ ਨੂੰ ਲੋੜ ਪੈਣ ‘ਤੇ ਪ੍ਰਸਤਾਵਿਤ ਰਾਹਤ ਕੇਂਦਰਾਂ ਵਿੱਚ ਬਿਜਲੀ ਸਪਲਾਈ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸੇ ਤਰ੍ਹਾਂ ਮਲਿਕ ਨੇ ਅੱਗੇ ਕਿਹਾ ਕਿ ਗੋਤਾਖੋਰਾਂ ਨੂੰ ਵੀ ਅਲਰਟ ‘ਤੇ ਰੱਖਿਆ ਗਿਆ ਹੈ ਤਾਂ ਜੋ ਲੋੜ ਪੈਣ ‘ਤੇ ਉਨ੍ਹਾਂ ਦੀ ਸਹਾਇਤਾ ਲਈ ਜਾ ਸਕੇ ਅਤੇ ਕਿਸੇ ਵੀ ਸਮੱਸਿਆ ਦੀ ਸਥਿਤੀ ਵਿੱਚ ਲੋਕਾਂ ਦੀ ਮਦਦ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਦੀ ਜਾਨ-ਮਾਲ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਦੀ ਸਥਿਤੀ ਵਿੱਚ ਲੋਕਾਂ ਦੀ ਮੱਦਦ ਲਈ ਅੱਗੇ ਆਵੇ। ਮਲਿਕ ਨੇ ਕਿਹਾ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੇ ਨਾਲ ਸਥਿਤੀ ‘ਤੇ ਨਿਰੰਤਰ ਨਜ਼ਰ ਰੱਖ ਰਹੇ ਹਨ।ਮਲਿਕ ਨੇ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਇਸ ਦੁੱਖ ਦੀ ਘੜੀ ਵਿੱਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਗੌਤਮ ਜੈਨ, ਐਸ.ਡੀ.ਐਮ ਡਾ. ਹਰਜਿੰਦਰ ਸਿੰਘ, ਡੀ.ਆਰ.ਓ ਗੁਰਜਿੰਦਰ ਸਿੰਘ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਜਸਦੇਵ ਸਿੰਘ ਸੇਖੋਂ, ਡੀ.ਡੀ.ਪੀ.ਓ ਨਵਦੀਪ ਕੌਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here