Home ਧਾਰਮਿਕ ਪੰਜਾਬੀ ਲੇਖਕ ਹਰਭਜਨ ਸਿੰਘ ਹੁੰਦਲ ਦੇ ਸੁਰਗਵਾਸ ਹੋਣ ਤੇ ਪੰਜਾਬੀ ਲੋਕ ਵਿਰਾਸਤ...

ਪੰਜਾਬੀ ਲੇਖਕ ਹਰਭਜਨ ਸਿੰਘ ਹੁੰਦਲ ਦੇ ਸੁਰਗਵਾਸ ਹੋਣ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸ਼ਰਧਾਂਜਲੀਆਂ

24
0

ਲੁਧਿਆਣਾ 10 ਜੁਲਾਈ ( ਵਿਕਾਸ ਮਠਾੜੂ) -ਪੰਜਾਬੀ ਲੇਖਕ ਹਰਭਜਨ ਸਿੰਘ ਹੁੰਦਲ ਦੇ ਸੁਰਗਵਾਸ ਹੋਣ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸ਼ਰਧਾਂਜਲੀ ਭੇਂਟ ਕਰਦਿਆਂ ਇਸ ਦੇ ਚੇਅਰਮੈਨ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਹਰਭਜਨ ਸਿੰਘ ਹੁੰਦਲ ਨੇ ਆਪਣੀ 90 ਸਾਲ ਦੀ ਉਮਰ ਵਿੱਚੋਂ ਸੁਚੇਤ 65 ਸਾਲ ਪੰਜਾਬੀ ਸਾਹਿੱਤ ਸਿਰਜਣਾ ਤੇ ਸਾਹਿੱਤਕ ਸੰਗਠਨਾਂ ਤੋਂ ਇਲਾਵਾ ਤ੍ਰੈਮਾਸਿਕ ਪੱਤਰ ਚਿਰਾਗ ਦੀ ਸੰਪਾਦਨਾ ਨੂੰ ਲਾਏ। ਪੰਜਾਬੀ ਲੇਖਕ ਜਸਵੰਤ ਸਿੰਘ ਕੰਵਲ ਦੇ ਢੁੱਡੀਕੇ ਵਾਂਗ ਉਨ੍ਹਾਂ ਆਪਣੇ ਪਿੰਡ ਫੱਤੂਚੱਕ (ਕਪੂਰਥਲਾ)ਨੂੰ ਹੀ ਕਿਲ੍ਹੇ ਵਾਂਗ ਕਾਇਮ ਰੱਖਿਆ।
ਪ੍ਰੋ. ਗਿੱਲ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਸਾਰੇ ਲੇਖਕਾਂ ਵਾਂਗ ਹੁੰਦਲ ਸਾਹਿਬ ਦਾ ਪਿਆਰ ਪਾਤਰ ਬਣਨ ਦਾ ਸੁਭਾਗ ਮਿਲਿਆ ਹੈ। ਉਹ ਆਪ ਤਾਂ ਕਮਾਲ ਦੇ ਸ਼ਾਇਰ ਹੈ ਹੀ ਸਨ , ਉਨ੍ਹਾਂ ਵਿਸ਼ਵ ਭਰ ਦੀ ਚੰਗੀ ਕਵਿਤਾ ਦਾ ਅਨੁਵਾਦ ਵੀ ਕੀਤਾ ਤੇ ਨਵੇਂ ਲੇਖਕਾਂ ਨੂੰ ਚੰਗਾ ਸਾਹਿੱਤ ਪੜ੍ਹਨ ਦੀ ਪ੍ਰੇਰਨਾ ਵੀ ਦਿੱਤੀ।
ਉਨ੍ਹਾਂ ਦੀਆਂ ਮੌਲਿਕ ਲਿਖਤਾਂ ਤੇ ਅਨੁਵਾਦਤ ਪੁਸਤਕਾਂ ਬਾਰੇ ਜਾਣਕਾਰੀ ਦੇਂਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਦੀਆਂ ਕਾਵਿ ਰਚਨਾਵਾਂ: ਮਾਰਗ (1965) , ਅਸਲ ਗੱਲ (1974), ਕਾਲੇ ਦਿਨ (1978), ਜੇਲ੍ਹ ਅੰਦਰ ਜੇਲ੍ਹ (1982), ਚਾਨਣ ਦਾ ਸਰਨਾਵਾਂ (1986), ਅੱਗ ਦਾ ਬੂਟਾ (1986), ਸਤਲੁਜ ਦਾ ਸਰਨਾਵਾਂ (1993), ਜੰਗਨਾਮਾ ਪੰਜਾਬ (1994), ਰੰਗ ਆਪੋ ਆਪਣਾ (2000), ਮੇਰੇ ਬੋਲ,ਮੇਰੇ ਸਮਕਾਲੀ ਕਵੀ (2002 ), ਕਵਿਤਾ ਦੀ ਤਲਾਸ਼ (2003), ਕਵੀਆਂ ਦੇ ਅੰਗ ਸੰਗ (2004), ਸੰਨ ਸੰਤਾਲੀ ਦੇ ਦਿਨ (2007), ਨਜ਼ਰਬੰਦੀ ਦੇ ਦਿਨ (2007), ਕਵਿਤਾ ਦੇ ਰੂ-ਬਰੂ (2007), ਮੇਰੀ ਗ਼ਜ਼ਲ (2010), ਸਿਤਾਰਿਆਂ ਦੀ ਸੱਥ (2011); ਅਨੁਵਾਦ: ਪਾਬਲੋ ਨੇਰੂਦਾ ਚੋਣਵੀਂ ਕਵਿਤਾ, ਨਾਜ਼ਿਮ ਹਿਕਮਤ ਚੋਣਵੀਂ ਕਵਿਤਾ, ਚੋਣਵੀਂ ਕਵਿਤਾ: ਮਹਿਮੂਦ ਦਰਵੇਸ਼, ਸੰਪਾਦਨ: ਬਾਬਾ ਨਜਮੀ ਦੀ ਚੋਣਵੀਂ ਕਵਿਤਾ, ਸਫਰਨਾਮਾ, ਕੰਧ ਉਹਲੇ ਪ੍ਰਦੇਸ਼ (1999); ਜੀਵਨੀ: ਚਿਤਰਕਾਰ ਜਰਨੈਲ ਸਿੰਘ, ਸਾਹਿਤਿਕ ਸ੍ਵੈ-ਜੀਵਨੀ, ਲੋਕਾਂ ਦੀ ਨਰਤਕੀ: ਆਈਸਾਡੋਰਾ ਡੰਕਨ; ਹੋਰ: ਦੋਸਤੀਨਾਮਾ (2005) ਅਤੇ ਸਵੈਜੀਵਨੀ “ਕਿਵੇਂ ਗੁਜ਼ਾਰੀ ਜ਼ਿੰਦਗੀ” ਮਹੱਤਵ ਪੂਰਨ ਹਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ ਸ ਪ ਸਿੰਘ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ ਰਵਿੰਦਰ ਭੱਠਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ,ਪੰਜਾਬੀ ਕਵੀ ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਸਹਿਜਪ੍ਰੀਤ ਸਿੰਘ ਮਾਂਗਟ, ਕੇ ਸਾਧੂ ਸਿੰਘ, ਗੁਰਚਰਨ ਕੌਰ ਕੋਚਰ, ਪੀ ਏ ਯੂ ਦੇ ਡਾਇਰੈਕਟਰ ਵਿਦਿਆਰਥੀ ਭਲਾਈ ਡਾ ਨਿਰਮਲ ਸਿੰਘ ਜੌੜਾ,ਸਾਹਿੱਤ ਪ੍ਰੇਮੀ ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਪਿੰਡ “ਦਾਦ”, ਕਰਮਜੀਤ ਸਿੰਘ ਗਰੇਵਾਲ ਲਲਤੋਂ ਤੇ ਸੰਗੀਤ ਦਰਪਨ ਮਾਸਿਕ ਪੱਤਰ ਦੇ ਮੁੱਖ ਸੰਪਾਦਕ ਤਰਨਜੀਤ ਸਿੰਘ ਕਿੰਨੜਾ ਨੇ ਵੀ ਹਰਭਜਨ ਸਿੰਘ ਹੁੰਦਲ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।

LEAVE A REPLY

Please enter your comment!
Please enter your name here