ਅੰਮ੍ਰਿਤਸਰ (ਬਿਊਰੋ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੇ ਘਰ ਦਾ ਘਿਰਾਓ ਕਰਕੇ ਪੰਜਾਬ ਵਿਚ ਬਿਜਲੀ ਸੰਕਟ ਦਾ ਹੱਲ ਕਰਕੇ ਬਿਜਲੀ ਸਪਲਾਈ ਨਿਰਵਿਘਨ ਦੇਣ ਦੀ ਮੰਗ ਕੀਤੀ ਗਈ।ਸ਼ੁੱਕਰਵਾਰ ਸਵੇਰੇ 9 ਵਜੇ ਕਿਸਾਨ ਗੋਲਡਨ ਗੇਟ ਤੇ ਇਕੱਠੇ ਹੋਏ ਅਤੇ ਉੱਥੋਂ ਇਕੱਠੇ ਹੋ ਕੇ ਬਿਜਲੀ ਮੰਤਰੀ ਦੇ ਘਰ ਮੂਹਰੇ ਪਹੁੰਚੇ।ਰਸਤੇ ਵਿਚ ਪੁਲਿਸ ਵੱਲੋ ਬੈਰੀਕੇਡ ਲਗਾ ਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਕਿਸਾਨਾਂ ਮਜਦੂਰਾਂ ਨਾਲ ਧੱਕਾ ਮੁੱਕੀ ਵੀ ਕੀਤੀ,ਜਿਸ ਨਾਲ ਕਈ ਕਿਸਾਨਾਂ ਦੀਆਂ ਪੱਗਾਂ ਵੀ ਲੱਥ ਗਈਆਂ,ਰੋਹ ਵਿਚ ਆਏ ਕਿਸਾਨ ਪੁਲਿਸ ਦੇ ਬੈਰੀਕੇਡ ਤੋੜਦੇ ਹੋਏ ਬਿਜਲੀ ਮੰਤਰੀ ਦੇ ਘਰ ਮੂਹਰੇ ਪਹੁੰਚੇ ਅਤੇ ਸਰਕਾਰ ਤੇ ਪੁਲਿਸ ਪ੍ਰਸ਼ਾਸ਼ਨ ਦੇ ਇਸ ਰਵੱਈਏ ਦੀ ਸਖਤ ਨਿੰਦਾ ਕੀਤੀ।ਕਿਸਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ,ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ,ਰਣਜੀਤ ਸਿੰਘ ਕਲੇਰਬਾਲਾ ਨੇ ਕਿਹਾ ਕਿ ਖੇਤੀ ਮੋਟਰਾਂ ਨੂੰ ਬਿਜਲੀ ਸਪਲਾਈ ਨਾ ਮਿਲਣ ਕਰਕੇ ਇਸ ਸਮੇਂ ਖੇਤਾਂ ਵਿਚ ਮੌਜੂਦ ਹਰਾ ਚਾਰਾ,ਸਬਜ਼ੀਆਂ ਗੰਨੇ ਦੀ ਫ਼ਸਲ ਸੜ ਰਹੀ ਹੈ।ਸਬਜ਼ੀਆਂ ਲਈ ਲਿਆਂਦੀ ਹੋਈ ਪਨੀਰੀ ਖਰਾਬ ਹੋਣ ਨਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ।ਇਸ ਲਈ ਸਰਕਾਰ ਤੋਂ ਮੰਗ ਕੀਤੀ ਕਿ ਖੇਤੀ ਮੋਟਰਾਂ ਲਈ 8 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ ਤੇ ਘਰੇਲੂ ਬਿਜਲੀ 24 ਘੰਟੇ ਦਿੱਤੀ ਜਾਵੇ,ਪਾਵਰਕੱਟ ਲਗਾਉਣੇ ਬੰਦ ਕੀਤੇ ਜਾਣ,ਕਣਕ ਦਾ ਝਾੜ ਘੱਟ ਨਿਕਲਣ ਨਾਲ ਕਿਸਾਨਾਂ ਦੀ ਆਰਥਿਕ ਹਾਲਤ ਪਹਿਲਾਂ ਹੀ ਬਹੁਤ ਮਾੜੀ ਹੈ।ਕਰਜ਼ੇ ਕਾਰਨ ਕਿਸਾਨ ਮਜ਼ਦੂਰ ਪਹਿਲਾ ਹੀ ਖੁਦਕੁਸ਼ੀਆਂ ਕਰ ਰਹੇ ਹਨ ਤੇ ਹੁਣ ਬਿਜਲੀ ਸੰਕਟ ਨੇ ਕਿਸਾਨਾਂ ਦਾ ਲੱਕ ਤੋੜਣ ਦਾ ਕੰਮ ਕੀਤਾ ਹੈ। ਕਿਸਾਨ ਆਗੂ ਜਰਮਨਜੀਤ ਸਿੰਘ ਬੰਡਾਲਾ,ਬਾਜ ਸਿੰਘ ਸਾਰੰਗੜਾ, ਸਕੱਤਰ ਸਿੰਘ ਕੋਟਲਾ,ਗੁਰਲਾਲ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸਾਰੇ ਗਰਿੱਡ,ਫੀਡਰ,ਟ੍ਰਾਂਸਫਾਰਮਰ ਡੀ-ਲੋਡ ਕਰੇ,ਨਾਕਸ ਅਤੇ ਢਿੱਲੀਆਂ ਤਾਰਾਂ ਦੀ ਰਿਪੇਅਰ ਦਾ ਕੰਮ ਮੁਕੰਮਲ ਕਰਕੇ ਝੋਨੇ ਦੇ ਸੀਜ਼ਨ ਤੋਂ ਪਹਿਲਾ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣ,300 ਯੂਨਿਟ ਦੀ ਬਿਜਲੀ ਮੁਆਫੀ ਐੱਸਸੀ,ਬੀਸੀ ਅਤੇ ਜਨਰਲ ਵਰਗ ਨੂੰ ਬਗੈਰ ਕਿਸੇ ਲੋਡ, ਜਾਤ,ਧਰਮ ਦੀ ਸ਼ਰਤ ਤੋਂ ਬਿਨਾਂ ਦਿੱਤੀ ਜਾਵੇ ਬਿਜਲੀ ਦਫਤਰਾਂ ਵਿੱਚ ਖਪਤਕਾਰਾਂ ਦੀ ਹੁੰਦੀ ਖੱਜਲ ਖ਼ੁਆਰੀ ਬੰਦ ਕੀਤੀ ਜਾਵੇ।ਭਿ੍ਸ਼ਟਾਚਾਰ ਬੰਦ ਕੀਤਾ ਜਾਵੇ,ਅਫ਼ਸਰ ਅਤੇ ਮੁਲਾਜ਼ਮ 9 ਵਜੇ ਦਫ਼ਤਰ ਹਾਜ਼ਰ ਹੋਣ।ਪਾਵਰਕਾਮ ਵਿਚ ਠੇਕੇਦਾਰੀ ਸਿਸਟਮ ਬੰਦ ਕਰਕੇ ਮੁਲਾਜ਼ਮਾਂ ਦੀ ਸਿੱਧੀ ਭਰਤੀ ਕੀਤੀ ਜਾਵੇ।ਇਸ ਮੌਕੇ ਜਿਲ੍ਹਾ ਆਗੂ ਬਲਦੇਵ ਸਿੰਘ ਬੱਗਾ,ਡਾ. ਕੰਵਰਦਲੀਪ ਸਿੰਘ,ਲਖਵਿੰਦਰ ਸਿੰਘ ਡਾਲਾ,ਗੁਰਦੇਵ ਸਿੰਘ ਗੱਗੋਮਾਹਲ,ਕਵਲਜੀਤ ਸਿੰਘ,ਚਰਨਜੀਤ ਸਿੰਘ ਸਫੀਪੁਰ,ਕੁਲਜੀਤ ਸਿੰਘ,ਅਮਰਦੀਪ ਸਿੰਘ ਗੋਪੀ,ਕਿਰਪਾਲ ਸਿੰਘ ਕਲੇਰ, ਕੰਧਾਰਾ ਸਿੰਘ,ਗੁਰਭੇਜ ਸਿੰਘ,ਸੁਖਦੇਵ ਸਿੰਘ,ਅਮੋਲਕ ਸਿੰਘ,ਕੁਲਬੀਰ ਸਿੰਘ ਲੋਪੋਕੇ,ਕੁਲਵੰਤ ਸਿੰਘ ਕੱਕੜ੍ਰ,ਸੁਖਜਿੰਦਰ ਸਿੰਘ, ਰਵਿੰਦਰ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।