ਪੂਰੀ ਦੁਨੀਆ ’ਚ ਭਾਰਤ ਦਾ ਅਜਿਹਾ ਅਕਸ ਹੈ ਕਿ ਇੱਥੇ ਹਰ ਔਰਤ ਨੂੰ ਮਾਂ-ਭੈਣ ਦੇ ਰੂਪ ’ਚ ਸਤਿਕਾਰਿਆ ਜਾਂਦਾ ਹੈ। ਪਰ ਅਸਲ ’ਚ ਸਾਡੇ ਦੇਸ਼ ’ਚ ਔਰਤਾਂ ਦੀ ਕਿੰਨੀ ਇੱਜ਼ਤ ਕੀਤੀ ਜਾਂਦੀ ਹੈ, ਇਸ ਦੀਆਂ ਦਰਦਨਾਕ ਮਿਸਾਲਾਂ ਸਮੇਂ ਸਮੇਂ ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜਿਨ੍ਹਾਂ ’ਚੋਂ ਇਕ ਹੈ ਪਿਛਲੇ ਦਿਨੀਂ ਮਨੀਪੁਰ ’ਚ 2 ਔਰਤਾਂ ਨਾਲ ਮਰਦਾਂ ਦੇ ਝੁੰਡ ਵਲੋਂ ਕੀਤੀ ਗਈ ਦੁਰਦਸ਼ਾ ਤੋਂ ਵੀ ਦੇਖੀ ਜਾ ਸਕਦੀ ਹੈ। ਇਸ ਦੁਰਦਸ਼ਾ ਦੀ ਵੀਡੀਓ ਸਾਹਮਣੇ ਆਉਣ ’ਤੇ ਦੇਸ਼ ’ਚ ਹੰਗਾਮਾ ਮਚ ਗਿਆ ਅਤੇ ਸਾਰੀਆਂ ਸਿਆਸੀ ਪਾਰਟੀਆਂ ਆਪਣੇ-ਆਪਣੇ ਹਿਸਾਬ ਨਾਲ ਇਸ ਘਟਨਾ ਨੂੰ ਲੈ ਕੇ ਇਕ ਦੂਸਰੇ ਤੇ Çੀਨਸ਼ਾਨੇ ਸਾਧ ਰਹੀਆਂ ਹਨ ਅਤੇ ਸੱਤਾਧਾਰੀ ਧਿਰ ਸਾਰੀਆਂ ਸਿਆਸੀ ਪਾਰਟੀਆਂ ਦੇ ਹਮਲਿਆਂ ਤੋਂ ਖੁਦ ਨੂੰ ਬਚਾਉਣ ਵਿਚ ਲੱਗੀ ਹੋਈ ਹੈ। ਪਰ ਇਸ ਬਰਬਰਤਾ ਨੂੰ ਲੈ ਕੇ ਪੂਰਾ ਦੇਸ਼ ਗੁੱਸੇ ਵਿੱਚ ਹੈ। ਮਣੀਪੁਰ ’ਚ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਹਿੰਸਾ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ’ਚ ਉੱਥੇ ਕਈ ਲੋਕ ਮਾਰੇ ਗਏ, ਸਰਕਾਰੀ ਅਤੇ ਨਿੱਜੀ ਪ੍ਰਾਪਰਟੀਆਂ ਦਾ ਭਾਰੀ ਨੁਕਸਾਨ ਹੋਇਆ ਪਰ ਇਸ ਦੇ ਬਾਵਜੂਦ ਨਾ ਤਾਂ ਉੱਥੋਂ ਦੀ ਸਰਕਾਰ ਹਿੰਸਾ ਨੂੰ ਰੋਕਣ ’ਚ ਸਫਲ ਹੋਈ ਹੈ ਅਤੇ ਨਾ ਹੀ ਕੇਂਦਰ ਸਰਕਾਰ ਨੇ ਇਸ ’ਤੇ ਕੋਈ ਮੂੰਹ ਖੋਲਿ੍ਹਆ। ਭਾਵੇਂ ਕਿ ਪੂਰੇ ਦੇਸ਼ ਵਿਚ ਮਨੀਪੁਰ ਵਿਚ ਲਗਾਤਾਰ ਹੋ ਰਹੀ ਹਿੰਸਾ ਤੇ ਚਰਚਾ ਹੁੰਦੀ ਰਹਿੰਦੀ ਹੈ ਅਤੇ ਵਿਰੋਧੀ ਪਾਰਟੀਆਂ ਲਗਾਤਾਰ ਕੇਂਦਰ ਸਰਕਾਰ ਨੂੰ ਉਥੇ ਹਿੰਸਾ ਰੋਕਣ ਲਈ ਸਖਤ ਕਦਮ ਉਠਾਉਣ ਦੀ ਮੰਗ ਕਰ ਰਹੀਆਂ ਹਨ ਪਰ ਉਸਦੇ ਬਾਵਜੂਦ ਵੀ ਗੈਰ-ਭਾਜਪਾ ਸਰਕਾਰਾਂ ਦੇ ਸ਼ਾਸਨ ’ਚ ਕਿਤੇ ਵੀ ਕੋਈ ਛੋਟੀ ਮੋਟੀ ਘਟਨਾ ਵੀ ਵਾਪਰਨ ਤੇ ਤਪਰੰਤ ਐਕਸ਼ਨ ਲੈ ਕੇ ਬਿਆਨਬਾਜੀ ਕਰਨ ਵਾਲੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਪੂਰੀ ਤਰ੍ਹਾਂ ਨਾਲ ਖਾਮੋਸ਼ ਰਹੇ। ਲਗਾਤਾਰ ਹੋ ਰਹੀ ਹਿੰਸਾ ਦੌਰਾਨ ਹੀ ਉਥੇ ਹੁਣ ਅਜਿਹੀ ਮੰਦਭਾਗੀ ਘਟਨਾ ਵਾਪਰੀ ਜਿਸਨੇ ਪੂਰੇ ਦੇਸ਼ ਨੂੰ ਸ਼ਰਮਸ਼ਾਰ ਕਰ ਦਿਤਾ। ਜਿਸ ਕਾਰਨ ਪੂਰੇ ਦੇਸ਼ ’ਚ ਗੁੱਸੇ ਦੀ ਲਹਿਰ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਦੇਸ਼ ਦੇ ਕੇਂਦਰੀ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਸੰਸਦ ਮੈਂਬਰ ਰਵੀ ਸ਼ੇਕਰ ਪ੍ਰਸਾਦ ਉਸ ਵੀਡੀਓ ’ਤੇ ਸਵਾਲ ਉਠਾ ਰਹੇ ਹਨ। ਇਸ ਤੋਂ ਸ਼ਰਮਨਾਕ ਹੋਰ ਕੋਈ ਗੱਲ ਨਹੀਂ ਹੋ ਸਕਦੀ। ਉਹ ਕਹਿ ਰਹੇ ਹਨ ਕਿ ਇਹ ਵੀਡੀਓ ਮੌਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ, ਇਸ ਵਿਚ ਲਿਰੋਧੀ ਪਾਰਟੀਆਂ ਦੀ ਸਾਜਿਸ਼ ਹੈ। ਇਹ ਵੀਡੀਓ ਪੁਰਾਣੀ ਹੋ ਸਕਦੀ ਹੈ। ਹੁਣ ਵੱਡਾ ਸਵਾਲ ਇਹ ਹੈ ਕਿ ਜੇ ਇਹ ਘਟਨਾ ਪੁਰਾਣੀ ਵੀ ਹੈ ਤਾਂ ਰਵੀਸ਼ੰਕਰ ਪ੍ਰਸਾਦ ਇਸ ਨੂੰ ਮਾਨਤਾ ਦਿੰਦੇ ਹਨ ? ਇਸ ਵਿੱਚ ਕੋਈ ਸਵਾਲ ਨਹੀਂ ਹੈ ਕਿ ਘਟਨਾ ਪਹਿਲਾਂ ਵਾਪਰੀ ਹੈ ਜਾਂ ਬਾਅਦ ਵਿੱਚ। ਘਟਨਾ ਦੀ ਬਰਬਰਤਾ ਅਜਿਹੀ ਹੈ ਕਿ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਹੈ। ਇਸ ਲਈ ਕੇਂਦਰੀ ਮੰਤਰੀ ਦਾ ਅਜਿਹੇ ਬੇਤੁਕੇ ਸਵਾਲ ਕਰਨਾ ਦੁਖਦਾਈ ਹੈ। ਉਨ੍ਹਾਂ ਨੂੰ ਅਜਿਹੀਆਂ ਟਿੱਪਣੀਆਂ ਕਰਨ ਦੀ ਬਜਾਏ ਦੋਸ਼ੀਆਂ ’ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ, ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਦੇਸ਼ ਦੇ ਕਿਸੇ ਵੀ ਸੂਬੇ ਵਿਚ ਅਜਿਹੀ ਦੁਖਦਾਈ ਘਟਨਾ ਦੁਬਾਰਾ ਨਾ ਵਾਪਰੇ। ਜਿਸ ਨਾਲ ਪੂਰੇ ਦੇਸ਼ ਨੂੰ ਸ਼ਰਮਸ਼ਾਰ ਹੋਣਾ ਪਏ। ਭਾਰਤ ਵਿਚ ਔਰਤਾਂ ਦੀ ਪੂਜਾ ਕੀਤੀ ਜਾਂਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਜਿਥੇ ਔਰਤ ਦਾ ਸਨਮਾਨ ਨਹੀਂ ਹੁੰਦਾ ਉਥੇ ਸਭ ਕੁਝ ਤਬਾਹ ਹੋ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਬਹੁਤ ਵੱਡਾ ਸਨਮਾਨ ਦਿਤਾ। ਰੱਬ ਦੇ ਕਹਿਰ ਤੋਂ ਡਰੋ ਅਤੇ ਰਾਜਨੀਤੀ ਕਰਨ ਦੇ ਹੋਰ ਬਹੁਤ ਮੌਕੇ ਹੁੰਦੇ ਹਨ। ਜਿਥੇ ਸਿਆਸੀ ਰੋਟੀਆਂ ਆਸਾਨੀ ਨਾਲ ਸੇਕੀਆਂ ਜਾ ਸਕਦੀਆਂ ਹਨ ਅਤੇ ਸ਼ੁਰੂ ਤੋਂ ਹੀ ਸੇਕੀਆਂ ਜਾਂਦੀਆਂ ਹਨ। ਸਰਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਤਾਂ ਜੋ ਦੁਬਾਰਾ ਅਜਿਹੀ ਸ਼ਰਮਨਾਕ ਘਟਨਾ ਕਾਰਨ ਸਾਨੂੰ ਆਪਣਾ ਸਿਰ ਨਾ ਝੁਕਾਉਣਾ ਪਵੇ।
ਹਰਵਿੰਦਰ ਸਿੰਘ ਸੱਗੂ।