–11 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਨੌਜਵਾਨਾਂ ਦੀ ਸਕਰੀਨਿੰਗ-ਇਕਬਾਲ ਸਿੰਘ
ਮੋਗਾ, 6 ਅਪ੍ਰੈਲ: ( ਕੁਲਵਿੰਦਰ ਸਿੰਘ)- ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਵਿਖੇ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਯੁਵਕਾਂ ਨੂੰ ਸਾਲ 2022-23 ਦੌਰਾਨ ਹੋਣ ਵਾਲੀਆਂ ਸੰਭਾਵਿਤ ਫੌਜ਼ ਦੀਆਂ ਭਰਤੀ ਰੈਲੀਆਂ ਲਈ ਸਰੀਰਿਕ ਟੈਸਟ ਅਤੇ ਲਿਖਤੀ ਪੇਪਰ ਦੀ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਹਕੂਮਤ ਸਿੰਘ ਵਾਲਾ ਕੈਂਪ ਦੇ ਇੰਚਾਰਜ ਇਕਬਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵੱਲੋਂ ਜ਼ਿਲ੍ਹਾ ਮੋਗਾ ਦੇ ਫੌਜ਼ ਵਿੱਚ ਭਰਤੀ ਹੋਣ ਦੇ ਚਾਹਵਾਨ ਯੁਵਕਾਂ ਨੂੰ ਸਰੀਰਿਕ ਅਤੇ ਲਿਖਤੀ ਇਮਤਿਹਾਨ ਦੀ ਤਿਆਰੀ ਬਿਲਕੁਲ ਮੁਫ਼ਤ ਕਰਵਾਈ ਜਾਵੇਗੀ।ਉਨ੍ਹਾਂ ਅੱਗੇ ਦੱਸਿਆ ਕਿ ਕੈਂਪ ਵਿੱਚ ਮੁਫ਼ਤ ਖਾਣਾ ਅਤੇ ਮੁਫ਼ਤ ਰਿਹਾਇਸ਼ ਦੀ ਸਹੂਲਤ ਵੀ ਨੌਜਵਾਨਾਂ ਨੂੰ ਮੁਹੱਈਆ ਕਰਵਾਈ ਜਾਵੇਗੀ। ਕੈਂਪ ਵਿੱਚ ਟ੍ਰੇਨਿੰਗ ਲੈਣ ਲਈ 11 ਅਪ੍ਰੈਲ 2022 ਤੋਂ ਰੋਜ਼ਾਨਾ ਸਵੇਰੇ 9 ਵਜੇ ਤੋਂ 11 ਵਜੇ ਤੱਕ ਨੌਜਵਾਨਾਂ ਦੀ ਸਕਰੀਨਿੰਗ ਕੀਤੀ ਜਾਵੇਗੀ। ਕੈਂਪ ਵਿੱਚ ਸਕਰੀਨਿੰਗ ਸਮੇਂ ਰਿਹਾਇਸ਼ ਦੇ ਸਰਟੀਫਿਕੇਟ, ਜਾਤੀ ਸਬੰਧੀ ਸਰਟੀਫਿਕੇਟ, ਦਸਵੀਂ/ਬਾਰਵੀਂ ਪਾਸ ਅਸਲ ਸਰਟੀਫਿਕੇਟ, ਆਧਾਰ ਕਾਰਡ, ਬੈਂਕ ਦੇ ਖਾਤੇ ਦੀ ਫੋਟੋ ਕਾਪੀ ਨਾਲ ਲੈ ਕੇ ਆਉਣੀ ਜਰੂਰੀ ਹੋਵੇਗੀ। ਇਸ ਤੋਂ ਇਲਾਵਾ ਜੋ ਯੁਵਕ ਹੋਟਲ ਮੈਨੇਜਮੈਂਟ ਦਾ ਤਿੰਨ ਮਹੀਨੇ ਦਾ ਕੋਰਸ ਕਰਨਾ ਚਾਹੁੰਦੇ ਹਨ ਉਹ ਯੁਵਕ ਵੀ ਸਕਰੀਨਿੰਗ ਲਈ ਆ ਸਕਦੇ ਹਨ।
ਸ੍ਰੀ ਇਕਬਾਲ ਸਿੰਘ ਨੇ ਅੱਗੇ ਦੱਸਿਆ ਜੇਕਰ ਕਿਸੇ ਨੌਜਵਾਨ ਨੂੰ ਕੈਂਪ ਪਾਸੋਂ ਵਧੇਰੇ ਜਾਣਕਾਰੀ ਲੈਣ ਦੀ ਜਰੂਰਤ ਮਹਿਸੂਸ ਹੁੰਦੀ ਹੈ ਤਾਂ ਉਹ ਬੇਝਿਜਕ ਹੋ ਕੇ 94638-31615, 83601-63527, 94639-03533 ਨੰਬਰਾਂ ਉੱਪਰ ਸੰਪਰਕ ਕਰ ਸਕਦੇ ਹਨ।ਉਨ੍ਹਾਂ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਉਠਾਉਣ।