ਜਗਰਾਉਂ, 6 ਫਰਵਰੀ ( ਰਾਜੇਸ਼ ਜੈਨ)- ਮਹਾਪ੍ਰਗਯ ਸਕੂਲ ਵਿੱਚ ਅਸ਼ੀਰਵਾਦ ਤੇ ਰੁਖ਼ਸਤ ਸਮਾਰੋਹ ਦਾ ਆਯੋਜਨ ਕੀਤਾ ਗਿਆ।ਸਮਾਗਮ ਦੀ ਸ਼ੁਰੂਆਤ ਸਕੂਲ ਡਾਇਰੈਕਟਰ ਵਿਸ਼ਾਲ ਜੈਨ ਵੱਲੋਂ ਪਾਵਨ ਨਵਕਾਰ ਮੰਤਰ ਦੇ ਮਧੁਰ ਉਚਾਰਨ ਨਾਲ ਹੋਈ। ਵਾਈਸ ਪ੍ਰਿੰ.ਅਮਰਜੀਤ ਕੌਰ ਨੇ ਬਾਰੵਵੀਂ ਦੇ ਵਿਦਿਆਰਥੀਆਂ ਦੀਆਂ ਉਪਲੱਬਧੀਆਂ ਤੇ ਚਾਨਣਾ ਪਾਉਂਦਿਆਂ ਉਨ੍ਹਾਂ ਨੂੰ ਸਕੂਲ ਵੱਲੋਂ ਮਿਲੀ ਸਿੱਖਿਆ ਤੇ ਚਲਦਿਆਂ ਉੱਨਤ ਜੀਵਨ ਜਿਉਣ ਦੀ ਪ੍ਰੇਰਨਾ ਦਿੱਤੀ। ਗਿਆਰਵੀਂ ਦੀ ਪਲਕਪ੍ਰੀਤ ਕੌਰ ਦੇ ਸਵਾਗਤੀ ਭਾਸ਼ਣ ਦੇ ਨਾਲ- ਨਾਲ ਡਾਂਸ ,ਭੰਗੜੇ ਤੇ ਗਿੱਧੇ ਨੇ ਖੂਬ ਰੰਗ ਬੰਨਿਆ, ਗਿਆਰਵੀਂ ਦੇ ਵਿਦਿਆਰਥੀਆਂ ਨੇ ਬਾਰੵਵੀਂ ਦੇ ਵਿਦਿਆਰਥੀਆਂ ਦੇ ਮਨੋਰੰਜਨ ਹਿੱਤ ਉਹਨਾਂ ਨੂੰ ਕਈ ਖੇਡਾਂ ਖਿਡਾਈਆਂ ।ਬਾਰ੍ਹਵੀਂ ਦੇ ਸਾਰਥਿਕ ਗਿੱਲ ਵੱਲੋਂ ਗਾਏ ਗੀਤ ਨੇ ਸਭ ਦਾ ਮਨ ਮੋਹ ਲਿਆ ਅਤੇ ਮਾਹੌਲ ਨੂੰ ਭਾਵੁਕ ਕਰ ਦਿੱਤਾ। ਗਿਆਰਵੀਂ ਦੇ ਵਿਦਿਆਰਥੀਆਂ ਨੇ ਬਾਰੵਵੀਂ ਦੇ ਵਿਦਿਆਰਥੀਆਂ ਨੂੰ ਟਾਇਟਲਜ਼ ਦਿੰਦਿਆਂ ਤੋਹਫ਼ੇ ਦਿੱਤੇ। ਸਭ ਤੋਂ ਖਿੱਚ ਭਰਪੂਰ ਤੇ ਨਮ ਪਲ ਉਹ ਬਣੇ ਜਦੋਂ ਪਾਵਰ ਪੁਆਇੰਟ ਪ੍ਰੈਜੈਨਟੇਸ਼ਨ ਰਾਹੀਂ ਉਨ੍ਹਾਂ ਨੇ ਸੀਨੀ ਅਰਜ਼ ਦੇ ਸਕੂਲ ਵਿੱਚ ਬਿਤਾਏ ਪਲਾਂ ਦੀਆਂ ਤਸਵੀਰਾਂ ਵਿਖਾ ਉਨ੍ਹਾਂ ਨਾਲ ਸਾਂਝ ਤੇ ਯਾਦਾਂ ਤਾਜ਼ੀਆਂ ਕੀਤੀਆਂ । ਬਾਰ੍ਹਵੀਂ ਦੇ ਵਿਦਿਆਰਥੀਆਂ ਨੇ ਅਧਿਆਪਕਾਂ ਨੂੰ ਕਾਂਪਲੀਮੈਂਟਸ ਦੇ ਨਾਲ -ਨਾਲ ਤੋਹਫਿਆਂ ਨਾਲ ਨਿਵਾਜਿਆ। ਇਸ ਮੌਕੇ ਪਿ੍ੰਸੀਪਲ ਪ੍ਰਭਜੀਤ ਕੌਰ ਵਰਮਾ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੰਦਿਆਂ ਉਨ੍ਹਾਂ ਦੇ ਉੱਜਲ, ਸਫ਼ਲ ਤੇ ਸਮਰਿਧ ਭੱਵਿਖ ਦੀ ਕਾਮਨਾ ਕੀਤੀ ਅਤੇ ਪ੍ਰੀਖਿਆਵਾਂ ਵਿੱਚ ਵਧੀਆ ਕਾਰਗੁਜ਼ਾਰੀ ਲਈ ਕਾਮਨਾ ਕੀਤੀ। ਸਕੂਲ ਡਾਇਰੈਕਟਰ ਸ੍ਰੀ ਵਿਸ਼ਾਲ ਜੈਨ ਨੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਸਹੀ- ਗਲਤ ਦੀ ਪਛਾਣ ਕਰਦਿਆਂ ਨਿਸ਼ਠਾਵਾਨ,ਦਿ੍ੜਸੰਕਲਪੀ ਤੇ ਅਗਾਂਹ ਵਧੂ ਸੋਚ ਦੇ ਧਾਰਨੀ ਬਣ ਕੇ ਆਪਣਾ, ਮਾਪਿਆਂ ਤੇ ਸਕੂਲ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਆ। ਉਨ੍ਹਾਂ ਨੇ ਬੱਚਿਆਂ ਨੂੰ ਵਿਸ਼ਵਾਸ ਦਿਵਾਇਆ ਕਿ ਭੱਵਿਖ ਵਿੱਚ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਵਾਸਤੇ ਸਕੂਲ ਵੱਲੋਂ ਫ਼ਰਾਖਦਿਲੀ ਨਾਲ ਸਹਿਯੋਗ ਦਿੱਤਾ ਜਾਵੇਗਾ ਤੇ ਉਨ੍ਹਾਂ ਨੂੰ ਭੱਵਿਖ ਵਿੱਚ ਵੀ ਸਕੂਲ ਨਾਲ ਜੁੜੇ ਰਹਿਣ ਲਈ ਕਿਹਾ। ਸਮਾਗਮ ਦਾ ਦਿਲਕਸ਼ ਤੇ ਖ਼ੁਸ਼ਨੁਮਾ ਸਮਾਪਨ ਸਕੂਲ ਸੋਂਗ ਤੋਂ ਬਾਅਦ ਬਾਰੵਵੀਂ ਦੀ ਕਮਲਜੋਤ ਕੌਰ ਦੇ ਧੰਨਵਾਦੀ ਭਾਸ਼ਣ ਨਾਲ ਹੋਇਆ। ਇਸ ਮੌਕੇ ਮੈਨੇਜਰ ਮਨਜੀਤ ਇੰਦਰ ਕੁਮਾਰ, ਜੂਨੀਅਰ ਸਕੂਲ ਕੋਆਰਡੀਨੇਟਰ ਸੁਰਿੰਦਰ ਕੌਰ ਤੇ ਸਮੂਹ ਸਟਾਫ਼ ਹਾਜ਼ਰ ਸੀ।
