ਬਰਨਾਲਾ,ਉਪ ਮੰਡਲ ਮੈਜਿਸਟੇ੍ਟ ਬਰਨਾਲਾ ਵਰਜੀਤ ਸਿੰਘ ਵਾਲੀਆ ਆਈਏਐੱਸ ਵੱਲੋਂ ਬੁੱਧਵਾਰ ਨੂੰ ਦਫਤਰ ਮਾਰਕੀਟ ਕਮੇਟੀ ਬਰਨਾਲਾ ਵਿਖੇ ਮੀਟਿੰਗ ਕਰ ਕੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਵਰਜੀਤ ਵਾਲੀਆ ਨੇ ਆਖਿਆ ਕਿ ਮੰਡੀਆਂ ‘ਚ ਸਫਾਈ, ਬਿਜਲੀ, ਪਾਣੀ, ਛਾਂ ਆਦਿ ਦੇ ਪ੍ਰਬੰਧ ਪੂਰੇ ਹੋਣੇ ਯਕੀਨੀ ਬਣਾਏ ਜਾਣ। ਉਨਾਂ ਆਖਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਿਸਾਨਾਂ ਨੂੰ ਮੰਡੀਆਂ ‘ਚ ਕੋਈ ਮੁਸ਼ਕਲ ਪੇਸ਼ ਨਾ ਆਵੇ ਅਤੇ ਫ਼ਸਲ ਦੀ ਲਿਫਟਿੰਗ ਸਮਾਂਬੱਧ ਤਰੀਕੇ ਨਾਲ ਹੋਵੇ ਤਾਂ ਜੋ ਮੌਸਮ ਆਦਿ ਖ਼ਰਾਬ ਹੋਣ ਦੀ ਸੂਰਤ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨਾਂ ਵੱਖ ਵੱਖ ਏਜੰਸੀਆਂ ਦੇ ਇੰਸਪੈਕਟਰਾਂ ਨੂੰ ਹਦਾਇਤ ਕੀਤੀ ਕਿ ਮੰਡੀਆਂ ‘ਚ ਡਿਊਟੀਆਂ ਅਨੁਸਾਰ ਰੋਜ਼ਾਨਾ ਸਮੇਂ ਸਿਰ ਹਾਜ਼ਰ ਹੋਣ ਤੇ ਰਿਕਾਰਡ ਮੇਨਟੇਨ ਕਰਨ ਦੇ ਨਾਲ ਨਾਲ ਰੋਜ਼ਾਨਾ ਚੈਕਿੰਗ ਯਕੀਨੀ ਬਣਾਈ ਜਾਵੇ। ਇਸ ਮੌਕੇ ਜ਼ਿਲ੍ਹਾ ਖਾਧ ਤੇ ਸਿਵਲ ਸਪਲਾਈ ਕੰਟਰੋਲਰ ਮੀਨਾਕਸ਼ੀ, ਜ਼ਿਲਾ ਮੰਡੀ ਅਫਸਰ ਜਸਪਾਲ ਸਿੰਘ, ਤਹਿਸੀਲਦਾਰ ਸੰਦੀਪ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਬਰਨਾਲਾ ਅਸ਼ੋਕ ਮਿੱਤਲ ਤੇ ਵੱਖ ਵੱਖ ਏਜੰਸੀਆਂ ਦੇ ਨੁਮਾਇੰਦੇ ਤੇ ਆੜਤੀ ਐਸੋਸੀਏਸ਼ਨ ਦੇ ਅਹੁਦੇਦਾਰ ਹਾਜ਼ਰ ਸਨ।